ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪ੍ਰੈਸ ਨੂੰ ਗੁਰਦੁਆਰਾ ਰਕਾਬਗੰਜ ਵਿਖੇ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਸੰਸਾਰ ਭਰ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਅਤੇ ਨਵੰਬਰ 1984 ਵਰਗੇ ਦੰਗੇ ਕਰਵਾਉਣਾ ਚਾਹੁੰਦੇ ਹਨ। ਇਸ ਲਈ ਦਿੱਲੀ ਕਮੇਟੀ ਨੇ ਕੇਜਰੀਵਾਲ ਦੇ ਖਿਲਾਫ ਗੰਭੀਰ ਧਾਰਾਵਾਂ ਵਿਚ ਮੁਕੱਦਮਾ ਦਰਜ ਕਰਵਾਇਆ ਹੈ।

ਜੀ.ਕੇ. ਨੇ ਦੱਸਿਆ ਕਿ ਇਕ ਪਾਸੇ ਤਾਂ ਭਾਈ ਮਤੀਦਾਸ ਯਾਦਗਾਰ ਨੂੰ ਦਿੱਲੀ ਸਰਕਾਰ ਦਾ ਸੈਰ ਸਪਾਟਾ ਵਿਭਾਗ ਚਾਂਦਨੀ ਚੌਂਕ ਦੀ 8 ਨੰਬਰ ਹੈਰੀਟੇਜ ਇਮਾਰਤ ਦੱਸਦਾ ਹੈ ਦੂਜੇ ਪਾਸੇ ਸ਼ਾਹਜਹਾਨਾਬਾਦ ਰੀ-ਡਿਵਲਪਮੈਂਟ ਕਾਰਪੋਰੇਸ਼ਨ ਦੀ ਡਾਇਰੈਕਟਰ ਅਲਕਾ ਲਾਂਬਾ ਹਨੁਮਾਨ ਮੰਦਰ ਅਤੇ ਭਾਈ ਮਤੀਦਾਸ ਯਾਦਗਾਰ ਨੂੰ ਤੋੜਨ ਦਾ ਫਰਮਾਨ ਦਿੰਦੀ ਹੈ।
ਜੀ.ਕੇ. ਨੇ ਵਿਅੰਗ ਕਰਦੇ ਹੋਏ ਕਿਹਾ ਕਿ ਇਹ ਦੇਸ਼ ਦੀ ਪਹਿਲੀ ਸਰਕਾਰ ਹੈ ਜੋ ਆਪ ਹੀ ਕਿਸੇ ਧਾਰਮਿਕ ਢਾਂਚੇ ਨੂੰ ਹੈਰੀਟੇਜ ਇਮਾਰਤ ਦੀ ਮਾਨਤਾ ਦੇ ਕੇ ਆਪ ਹੀ ਉਸਨੂੰ ਅਦਾਲਤ ’ਚ ਗ਼ੈਰਕਾਨੂੰਨੀ ਦੱਸਕੇ ਤੋੜਨ ਦੀ ਗੁਹਾਰ ਲਗਾਉਂਦੀ ਹੈ।
ਸਿਰਸਾ ਨੇ ਦੱਸਿਆ ਕਿ ਕਮੇਟੀ ਵਲੋਂ ਕੇਜਰੀਵਾਲ ਅਤੇ ਹੋਰਨਾਂ ਖਿਲਾਫ ਧਾਰਾ 120ਬੀ, 153ਏ, 295ਏ, 499, 500 ਅਤੇ 501 ਵਰਗੀਆਂ ਗੰਭੀਰ ਧਾਰਾਵਾਂ ਵਿਚ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਸਿਰਸਾ ਨੇ ਦਿੱਲੀ ਦੇ ਸਿੱਖਾਂ ਵਲੋਂ ਚੁਣੀ ਹੋਈ ਸੰਸਥਾ ਦਿੱਲੀ ਕਮੇਟੀ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਚੇਤਾਵਨੀ ਦਿੱਤੀ। ਸਿਰਸਾ ਨੇ ਇਲਜ਼ਾਮ ਲਾਇਆ ਕਿ ਦਿੱਲੀ ਸਰਕਾਰ ਦੀ ਮੰਸ਼ਾ ਗੁਰਦੁਆਰੇ ’ਤੇ ਹਮਲਾ ਕਰਕੇ ਦੰਗੇ ਕਰਵਾਉਣ ਦੀ ਸੀ। ਉਨ੍ਹਾਂ ਤਿੰਨ ਦਿਨ ਤਕ ਚਾਂਦਨੀ ਚੌਂਕ ਦੀ ਬੇਕਾਬੂ ਰਹੀ ਕਾਨੂੰਨ ਵਿਵਸਥਾ ਦਾ ਵੀ ਹਵਾਲਾ ਦਿੱਤਾ।
