ਗੁਰਦਾਸਪੁਰ: ਪਠਾਨਕੋਟ ਏਅਰਬੇਸ ਉਤੇ ਹਮਲੇ ਦੌਰਾਨ ਚਰਚਾ ਵਿੱਚ ਰਹੇ ਐਸਪੀ ਸਲਵਿੰਦਰ ਸਿੰਘ ਖਿਲਾਫ਼ ਔਰਤ ਪੁਲਿਸ ਮੁਲਾਜ਼ਮਾਂ ਨਾਲ ਛੇੜਛਾੜ ਦੇ ਦੋਸ਼ ਹੇਠ ਥਾਣਾ ਸਿਟੀ ਗੁਰਦਾਸਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਹਿਲੀ ਜਨਵਰੀ ਨੂੰ ਪਠਾਨਕੋਟ ਏਅਰਬੇਸ ਉੱਤੇ ਹਮਲੇ ਸਮੇਂ ਸਲਵਿੰਦਰ ਸਿੰਘ ਗੁਰਦਾਸਪੁਰ ਵਿਖੇ ਬਤੌਰ ਐਸਪੀ (ਐਚ) ਤਾਇਨਾਤ ਸੀ। ਥਾਣਾ ਸਿਟੀ ਦੇ ਐਸਐਚਓ ਰਾਜਬੀਰ ਸਿੰਘ ਨੇ ਦੱਸਿਆ ਕਿ ਸਲਵਿੰਦਰ ਸਿੰਘ ਦੀ ਗੁਰਦਾਸਪੁਰ ਵਿਖੇ ਤਾਇਨਾਤੀ ਦੌਰਾਨ ਸੱਤ ਔਰਤ ਪੁਲਿਸ ਮੁਲਾਜ਼ਮਾਂ ਨੇ ਉਸ ਖ਼ਿਲਾਫ਼ ਛੇੜਛਾੜ ਅਤੇ ਸ਼ੋਸ਼ਣ ਕਰਨ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ।

ਐਸ.ਪੀ. ਸਲਵਿੰਦਰ ਸਿੰਘ (ਫਾਈਲ ਫੋਟੋ)
ਐਸ.ਪੀ. ਸਲਵਿੰਦਰ ਸਿੰਘ (ਫਾਈਲ ਫੋਟੋ)

ਏਅਰਬੇਸ ਉੱਤੇ ਹਮਲੇ ਦੌਰਾਨ ਉਸ ਦੇ ਨਾਮ ਆਉਣ ਪਿੱਛੋਂ ਇਹ ਸ਼ਿਕਾਇਤ ਆਈਜੀ ਗੁਰਪ੍ਰੀਤ ਕੌਰ ਦਿਓ ਕੋਲ ਜਾਂਚ ਲਈ ਭੇਜੀ ਗਈ ਸੀ, ਜਿਨ੍ਹਾਂ ਵੱਲੋਂ ਜਾਂਚ ਪਿੱਛੋਂ ਕੀਤੀ ਗਈ ਸਿਫਾਰਸ਼ ਦੇ ਆਧਾਰ ਉੱਤੇ ਹੀ ਇਹ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਜਸਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਲਵਿੰਦਰ ਸਿੰਘ ਦੀ ਪਹਿਲਾਂ ਦਰਜ ਕੁਝ ਕੇਸਾਂ ਵਿੱਚ ਵੀ ਜ਼ਮਾਨਤ ਅਰਜ਼ੀ ਖਾਰਜ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ।

Comments

comments