ਪਟਨਾ, (24 ਅਪ੍ਰੈਲ, , 2010)-ਆਸਾ ਰਾਮ ਸਮੇਤ ਦੋ ਹੋਰਨਾਂ ਖ਼ਿਲਾਫ਼ ਅੱਜ ਪਟਨਾ ਦੀ ਇਕ ਅਦਾਲਤ ਨੇ ਬਿਹਾਰ ਰਾਜ ਧਾਰਮਿਕ ਨਿਆਸ ਪ੍ਰੀਸ਼ਦ ਦੇ ਪ੍ਰਸ਼ਾਸਕ ਅਚਾਰੀਆ ਕਿਸ਼ੋਰ ਕੁਨਾਲ ਵੱਲੋਂ ਦਾਇਰ ਮਾਨਹਾਨੀ ਦੇ ਇਕ ਮਾਮਲੇ ’ਚ ਸੰਮਨ ਜਾਰੀ ਕੀਤੇ ਹਨ। ਜੱਜ ਦਿਵਿਆ ਵਸ਼ਿਸ਼ਟ ਨੇ ਉਕਤ ਮਾਮਲੇ ’ਚ ਆਸਾ ਰਾਮ, ਅਖੌਤੀ ‘ਸਵਾਮੀ’ ਨਰਿੰਦਰ ਗੋਸਵਾਮੀ ਅਤੇ ਜੈ ਕੁਮਾਰ ਸਿੰਘ ਨੂੰ ਆਗਾਮੀ 22 ਮਈ ਨੂੰ ਅਦਾਲਤ ’ਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਕੁਨਾਲ ਨੇ ਇਕ ਜਲੂਸ ਦੇ ਦੌਰਾਨ ਉਸ ਦੇ ਖ਼ਿਲਾਫ਼ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਉਸ ਦੀ ਸਾਖ਼ ਲੋਕਾਂ ’ਚ ਵਿਗਾੜਨ ਨੂੰ ਲੈ ਕੇ 21 ਮਾਰਚ 2009 ਨੂੰ ਅਦਾਲਤ ’ਚ ਇਨ੍ਹਾਂ ਤਿੰਨਾਂ ਦੇ ਖ਼ਿਲਾਫ਼ ਧਾਰਾ 500, 508 ਅਤੇ 120 ਬੀ ਦੇ ਅਧੀਨ ਇਕ ਸ਼ਿਕਾਇਤ ਦਰਜ ਕਰਵਾਈ ਸੀ। ਕੁਨਾਲ ਨੇ ਦੋਸ਼ ਲਾਇਆ ਹੈ ਕਿ ਕਦਮਕੁਆਂ ਸਥਿਤ ਭੀਖਮਦਾਸ ਰਾਮ ਜਾਨਕੀ ਠਾਕੁਰਬਾੜੀ ਦੀ ਜਾਇਦਾਦ ’ਤੇ ਆਸਾ ਰਾਮ ਅਤੇ ਉਸ ਦੇ ਸਮਰਥਕਾਂ ਵੱਲੋਂ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ। ਜਦੋਂ ਉਹ ਉਨ੍ਹਾਂ ਤੋਂ ਕਬਜ਼ਾ ਛੁਡਾਉਣ ਸੰਬੰਧੀ ਅਦਾਲਤ ਦੇ ਹੁਕਮ ਦੀ ਪਾਲਣਾ ਕਰਵਾਉਣ ਪਹੁੰਚੇ ਤਾਂ ਇਨ੍ਹਾਂ ਲੋਕਾਂ ਨੇ ਕਦਮਕੁਆਂ ਥਾਣੇ ’ਚ ਤਾਇਨਾਤ ਇਕ ਪੁਲਿਸ ਮੁਲਾਜ਼ਮ ਅਤੇ ਪ੍ਰੀਸ਼ਦ ਮੁਖੀ ਦੀ ਕੁੱਟਮਾਰ ਕੀਤੀ।