ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਵਿਚਕਾਰ ਸਿੰਧੂ ਦਰਿਆ ਦੇ ਪਾਣੀ ਦੀ ਵੰਡ ਲਈ ਕਾਇਮ ਸਥਾਈ ਸਿੰਧੂ ਕਮਿਸ਼ਨ ਦੀ ਦੋ ਰੋਜ਼ਾ ਮੀਟਿੰਗ ਦਿੱਲੀ ਵਿਖੇ ਵੀਰਵਾਰ ਤੋਂ ਸ਼ੁਰੂ ਹੋਵੇਗੀ। ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦੇ ਇਸ ਸੰਧੀ ਅਧੀਨ ਆਉਂਦੇ ਦਰਿਆਈ ਪਾਣੀਆਂ ਨਾਲ ਸਬੰਧਤ ਮਸਲੇ ਵਿਚਾਰੇ ਜਾਣਗੇ। ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਸਥਾਈ ਸਿੰਧੂ ਕਮਿਸ਼ਨ ਦੀ 114ਵੀਂ ਮੀਟਿੰਗ ਹੋਵੇਗੀ। ਸਿੰਧੂ ਦਰਿਆ ਦੇ ਪਾਣੀ ਸਬੰਧੀ ਦੋਵਾਂ ਦੇਸ਼ਾਂ ਵਿਚਕਾਰ ਹੋਈ ਸੰਧੀ ਦੇ ਮੁਤਾਬਿਕ ਇਹ ਮੀਟਿੰਗ ਸਾਲ ਵਿੱਚ ਇੱਕ ਵਾਰ ਹੋਣੀ ਹੁੰਦੀ ਹੈ।

ਭਾਰਤ ਦੇ ਇਸ ਕਮਿਸ਼ਨ ਦੇ ਮੈਂਬਰ ਪੀਕੇ ਸਕਸੇਨਾ, ਤਕਨੀਕੀ ਮਾਹਿਰ ਅਤੇ ਵਿਦੇਸ਼ ਮੰਤਰਾਲੇ ਦਾ ਇੱਕ ਅਧਿਕਾਰੀ ਸਾਲਾਨਾ ਮੀਟਿੰਗ ਵਿੱਚ ਭਾਰਤ ਦੀ ਤਰਫੋਂ ਹਿੱਸਾ ਲੈਣਗੇ। ਪਾਕਿਸਤਾਨ ਦੇ ਛੇ ਮੈਂਬਰੀ ਵਫ਼ਦ ਦੀ ਅਗਵਾਈ ਸਈਅਦ ਮੁਹੰਮਦ ਮੇਹਰ ਅਲੀ ਸ਼ਾਹ ਕਰਨਗੇ। ਇਸ ਵਾਰ ਇਹ ਮੀਟਿੰਗ ਦੋਵਾਂ ਦੇਸ਼ਾਂ ਵਿੱਚ ਕਈ ਮਾਮਲਿਆਂ ਉੱਤੇ ਉਪਜੇ ਤਣਾਅ ਦੌਰਾਨ ਹੋ ਰਹੀ ਹੈ।
ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿੱਚ ਮੀਟਿੰਗ ਦੌਰਾਨ ਜੰਮੂ ਕਸ਼ਮੀਰ ਵਿੱਚ ਭਾਰਤ ਦੇ ਰਤਲੇ ਹਾਈਡਰੋ ਇਲੈਕਟ੍ਰੋਸਿਟੀ, ਪਾਕਲ ਡਲ ਅਤੇ ਲੋਅਰ ਕਲਨਾਈ ਪ੍ਰਾਜੈਕਟਾਂ ਉੱਤੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ, ਰਤਲੇ,ਪਾਕਲ ਡਲ ਅਤੇ ਲੋਅਰ ਕੈਨਾਲ ਪਣ ਬਿਜਲੀ ਪ੍ਰਾਜੈਕਟਾਂ ਉੱਤੇ ਇਤਰਾਜ ਪ੍ਰਗਟ ਕਰ ਰਿਹਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ 1960 ਵਿੱਚ ਸਿੰਧੂ ਦਰਿਆ ਦੇ ਪਾਣੀਆਂ ਸਬੰਧੀ ਹੋਈ ਸੰਧੀ ਦੀ ਉਲੰਘਣਾ ਹਨ ਪਰ ਭਾਰਤ ਦਾ ਸਟੈਂਡ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਡਿਜ਼ਾਈਨ ਪੂਰੀ ਤਰ੍ਹਾਂ ਸੰਧੀ ਦੇ ਅਨੁਸਾਰ ਹਨ। ਇਸ ਕਮਿਸ਼ਨ ਦੀ ਇਸ ਤੋਂ ਪਹਿਲਾਂ ਮੀਟਿੰਗ ਮਾਰਚ 2017 ਵਿੱਚ ਇਸਲਾਮਾਬਾਦ ਵਿੱਚ ਹੋਈ ਸੀ।