13 ਅਪ੍ਰੈਲ 1978 ਦੇ ਸ਼ਹੀਦ ਸਿੰਘਾਂ ਦੀ ਯਾਦ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਸੁਣਾਇਆ ਫੈਸਲਾ
ਮੱਕੜ ਅਤੇ ਹਰਚਰਨ ਸਿੰਘ ਬਾਰੇ ਪੰਥ ਕਰੇ ਫੈਂਸਲਾ
ਅੰਮ੍ਰਿਤਸਰ ਸਾਹਿਬ: ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜ ਪਿਆਰੇ ਸਿੰਘਾਂ ਨੇ ਪੰਥਕ ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਨਿਰਾਦਰ ਕਰਨ ਦੇ ਦੋਸ਼ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤਾਂ ਦੇ ਜਥੇਦਾਰਾਂ ਦੇ ਸ਼ੋਸ਼ਲ ਬਾਈਕਾਟ ਦਾ ਸੱਦਾ ਦਿੱਤਾ ਹੈ।

ਪੰਜ ਪਿਆਰਿਆਂ ਵਲੋਂ ਜਥੇਦਾਰਾਂ ਨੂੰ ਹਟਾਏ ਜਾਣ ਦੇ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਆਦੇਸ਼ਾਂ ਦੀ ਉਲੰਘਣਾ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਅਤੇ ਮੁਖ ਸਕੱਤਰ ਹਰਚਰਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਅੱਜ ਸਵੇਰ ਤੋਂ ਹੀ ਬੜੇ ਹੀ ਨਾਟਕੀ ਢੰਗ ਨਾਲ ਬਦਲਦੇ ਰਹੇ ਹਾਲਾਤਾਂ ਦੇ ਚਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਦੇਰ ਸ਼ਾਮ ਇਹ ਫੈਸਲਾ ਸੁਣਾਇਆ।ਅਪ੍ਰੈਲ 1978 ਵਿੱਚ ਨਕਲੀ ਨਿਰੰਕਾਰੀਆਂ ਤੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ 13 ਸਿੰਘਾਂ ਦੀ ਯਾਦਗਾਰ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਜੁੜੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡੇਵਾਲਾ,ਭਾਈ ਸਤਨਾਮ ਸਿੰਘ ਝੱਜੀਆਂ,ਭਾਈ ਮੰਗਲ ਸਿੰਘ ,ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰ ਹਜ਼ੂਰੀ ਵਿੱਚ ਦੀਰਘ ਵਿਚਾਰਾਂ ਬਾਅਦ ਇਹ ਫੈਸਲਾ ਸੁਣਾਇਆ।
ਪੰਜ ਪਿਆਰਿਆਂ ਵਲੋਂ ਲਏ ਗਏ ਫੈਸਲੇ ਨੂੰ ਪੱਤਰਕਾਰਾਂ ਲਈ ਪੜ੍ਹਦਿਆਂ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਦੱਸਿਆ ਕਿ ‘ਮੌਜੂਦਾ ਪੰਥਕ ਹਾਲਾਤਾਂ ਤੇ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰਾਂ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਤਖਤਾਂ ਦੇ ਜਥੇਦਾਰਾਂ ਵਲੋਂ ਕੀਤੀਆਂ ਪੰਥਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਨਿਰਾਦਰ ਕਰਨ ਕਾਰਣ ਉਨ੍ਹਾਂ ਨੂੰ ਪੰਥ ਵਲੋਂ ‘ਜਥੇਦਾਰ’ਦੇ ਤੌਰ ਤੇ ਕੋਈ ਮਾਨਤਾ ਨਹੀ,ਸੰਗਤਾਂ ਉਨ੍ਹਾਂ ਦਾ ਸ਼ੋਸ਼ਲ ਬਾਈਕਾਟ ਕਰਨ।
OFFICIAL Copy of Panj Pyare decision announcing Boycott of Giani Gurbachan Singh, ors.
ਦੂਸਰੇ ਫੈਸਲੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਰ ਬਾਰ ਇਨ੍ਹਾਂ ‘ਜਥੇਦਾਰਾਂ’ਨੂੰ ਅੱਹੁਦੇ ਤੋਂ ਹਟਾਉਣ ਲਈ ਕਿਹਾ ਗਿਆ ਪਰ ਇਹ ਆਦੇਸ਼ ਨਾ ਮੰਨਣ ਦੇ ਸ਼੍ਰੋਮਣੀ ਕਮੇਟੀ ਪਰਧਾਨ ਅਵਤਾਰ ਸਿੰਘ ਤੇ ਮੁਖ ਸਕੱਤਰ ਹਰਚਰਨ ਸਿੰਘ ਦੋਸ਼ੀ ਹਨ ।ਇਨ੍ਹਾਂ ਦੀ ਸਜਾ ਦਾ ਫੈਸਲਾ ਪੰਥ ਖੁਦ ਕਰੇ।
ਤੀਸਰੇ ਫੈਸਲੇ ਅਨੁਸਾਰ ‘ਸ੍ਰੀ ਅਕਾਲ ਤਖਤ ਸਾਹਿਬ ਉਪਰ ਫੈਸਲੇ ਲੈਣ ਦੀ ਜੁਗਿਤ ਨੁਕਸਦਾਰ ਹੋ ਗਈ ਹੈ ,ਇਸਦਾ ਹੱਲ ਲੱਭਣ ਲਈ ਸਿੱਖ ਕੌਮ ਸਿਰ ਜੋੜੇ’। ਇਸ ਕਾਰਜ ਪਿੱਛੇ ਕੋਈ ਰਾਜਨੀਤਕ ਮਨਸ਼ਾ ਨਹੀ ਪਰ ਘਾਲਣਾਂਵਾਂ ਨਾਲ ਬਣੀਆਂ ਮਹਾਨ ਸੰਸਥਾਵਾਂ ਦਾ ਬੇਰਹਿਮੀ ਨਾਲ ਢਾਹੇ ਜਾਣਾ ਬਰਦਾਸ਼ਤ ਨਹੀ ਸੀ ,ਸੋ ਇਹ ਫੈਸਲਾ ਗੁਰੂ ਜੁਗਤਿ ਅਨੁਸਾਰ ਕੀਤਾ ਗਿਆ।