
ਅੰਮਿ੍ਤਸਰ (11 ਜੂਨ , 2015): ਸਿੱਖ ਰਾਜਸੀ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਸ਼ੁੱਕਰਵਾਰ ਨੂੰ ਅੰਮਿ੍ਤਸਰ ਦੀ ਕੇਂਦਰੀ ਜੇਲ੍ਹ ਭੇਜਿਆ ਜਾ ਸਕਦਾ ਹੈ ।ਉਹ ਉਮਟ ਕੈਦ ਦੀ ਸਜ਼ਾ ਭੁਗਤ ਰਹੇ ਹਨ ਅਤੇ ਪਿੱਛਲੇ ਲੰਮੇ ਸਮੇਂ ਤੋਂ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਹਨ। ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇਬੈਠੇ ਬਾਪੂ ਸੂਰਤ ਸਿੰਘ ਅਤੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਬਣੀ ਸੰਘਰਸ਼ ਕਮੇਟੀ ਦੇ ਯਤਨਾ ਸਦਕਾ ਉਨ੍ਹਾਂ ਦੀ ਪੰਜਾਬ ਵਿੱਚ ਜੇਲ ਬਦਲੀ ਹੋਣ ਜਾ ਰਹੀ ਹੈ।
ਪ੍ਰੋ: ਭੁੱਲਰ ਦੇ ਅੰਮਿ੍ਤਸਰ ਜੇਲ੍ਹ ਪਹੁੰਚਣ ਦੀ ਇਤਲਾਹ ਜੇਲ੍ਹ ਪ੍ਰਸ਼ਾਸਨ ਨੂੰ ਮਿਲਣ ਉਪਰੰਤ ਜੇਲ੍ਹ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ‘ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਜਾਣਕਾਰੀ ਅਨੁਸਾਰ ਪ੍ਰੋ: ਭੁੱਲਰ ਨੂੰ ਅੰਮਿ੍ਤਸਰ ਦੀ ਕੇਂਦਰੀ ਜੇਲ੍ਹ ‘ਚ 14 ਚੱਕੀਆਂ ‘ਚ ਰੱਖਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ । ਇਸ ਦੇ ਲਈ ਉੱਥੇ ਰਹਿੰਦੀ ਨਿੱਕੀ ਮੋਟੀ ਮੁਰੰਮਤ ਦਾ ਕੰਮ ਪੂਰਾ ਕਰ ਲਿਆ ਗਿਆ ਹੈ ।
ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਅੱਜ ਸਾਰਾ ਦਿਨ ਦਿੱਲੀ ਵਿਖੇ ਮੈਡੀਕਲ ਜਾਂਚ ਹੁੰਦੀ ਰਹੀ । ਸਿਹਤ ਸਬੰਧੀ ਸਾਰੀਆਂ ਰਿਪੋਰਟਾਂ ਮਿਲਣ ਉਪਰੰਤ ਪ੍ਰੋ: ਭੁੱਲਰ ਨੂੰ ਸ਼ੁੱਕਰਵਾਰ ਨੂੰ ਕਿਸੇ ਵੀ ਸਮੇਂ ਅੰਮਿ੍ਤਸਰ ਜੇਲ੍ਹ ‘ਚ ਲਿਆਂਦਾ ਜਾ ਸਕਦਾ ਹੈ ।
ਜੇਲ੍ਹ ਸੁਪਰਡੈਂਟ ਸ੍ਰੀ ਆਰ. ਕੇ. ਸ਼ਰਮਾ ਨੇ ਦੱਸਿਆ ਕਿ ਪ੍ਰੋ: ਭੁੱਲਰ ਨੂੰ ਅੰਮਿ੍ਤਸਰ ਜੇਲ੍ਹ ‘ਚ ਤਬਦੀਲ ਕਰਨ ਸਬੰਧੀ ਉਨ੍ਹਾਂ ਕੋਲ ਸੂਚਨਾ ਪਹੁੰਚ ਗਈ ਹੈ ਪਰ ਪ੍ਰੋ: ਭੁੱਲਰ ਨੂੰ ਇਥੇ ਕਦੋਂ ਲਿਆਂਦਾ ਜਾਵੇਗਾ ਇਸ ਸਬੰਧੀ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ । ਪ੍ਰੋ: ਭੁੱਲਰ ਨੂੰ ਰੱਖਣ ਸਬੰਧੀ ਜੇਲ੍ਹ ਵਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਪੁੱਛੇ ਜਾਣ ‘ਤੇ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਪ੍ਰੋ: ਭੁੱਲਰ ਦੀ ਮਾਨਸਿਕ ਹਾਲਤ ਠੀਕ ਨਹੀਂ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।
ਉਨ੍ਹਾਂ ਦੇ ਅੰਮਿ੍ਤਸਰ ਜੇਲ੍ਹ ਵਿਖੇ ਪਹੁੰਚਣ ‘ਤੇ ਉਨ੍ਹਾਂ ਨਾਲ ਆਉਣ ਵਾਲੀਆਂ ਸਿਹਤ ਰਿਪੋਰਟਾਂ ਅਨੁਸਾਰ ਉਨ੍ਹਾਂ ਨੂੰ ਜੇਲ੍ਹ ਦੀ ਵਾਰਡ ‘ਚ ਜਾਂ ਸਰਕਾਰੀ ਹਸਪਤਾਲ ‘ਚ ਰੱਖਣ ਸਬੰਧੀ ਸਿਹਤ ਟੀਮ ਨਾਲ ਵਿਚਾਰ-ਵਿਟਾਂਦਰਾ ਕਰਨ ਉਪਰੰਤ ਹੀ ਫ਼ੈਸਲਾ ਕੀਤਾ ਜਾਵੇਗਾ ।