ਲੁਧਿਆਣਾ: ਕਾਂਗਰਸ ਸਰਕਾਰ ਨੇ ਸਤਿੰਦਰ ਸੱਤੀ ਨੂੰ ਹਟਾ ਕੇ ਮੰਗਲਵਾਰ (22 ਅਗਸਤ) ਨੂੰ ਡਾ. ਸੁਰਜੀਤ ਪਾਤਰ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਡਾ. ਪਾਤਰ ਨੂੰ ਉਨ੍ਹਾਂ ਦੇ ਘਰ ਜਾ ਕੇ ਨਿਯੁਕਤੀ ਪੱਤਰ ਸੌਂਪਿਆ।

ਸਿੱਧੂ ਨੇ ਕਿਹਾ ਕਿ ਡਾ. ਪਾਤਰ ਦੀ ਨਿਯੁਕਤੀ ਨਾਲ ਸਭਿਆਚਾਰ/ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ’ਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਨਿਯੁਕਤੀ ਨਾਲ ਨਵੀਆਂ ਪੁਲਾਂਘਾਂ ਪੁੱਟੇ ਜਾਣ ਦੀ ਆਸ ਵੀ ਬੱਝੀ ਹੈ। ਡਾ. ਪਾਤਰ ਨੂੰ ਨਵੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਦੱਸਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਸਮੇਂ ’ਚ ਪੰਜਾਬ ਕਲਾ ਪ੍ਰੀਸ਼ਦ ਨਾਲ ਸਿੱਧੇ ਤੌਰ ’ਤੇ ਇੱਕ ਲੱਖ ਦੇ ਕਰੀਬ ਸੱਭਿਆਚਾਰ ਅਤੇ ਕਲਾ ਪ੍ਰੇਮੀਆਂ ਨੂੰ ਜੋੜਿਆ ਜਾਵੇਗਾ। ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਇੱਕ ਮਹੀਨੇ ’ਚ ਪੰਜਾਬੀ ਕਲਾ ਤੇ ਸੱਭਿਆਚਾਰ ਦੀ ਪਾਰਲੀਮੈਂਟ ਸਿਰਜੀ ਜਾਵੇ, ਜਿਸ ’ਚ ਪੰਜਾਬੀ ਕਲਾ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਕਾਰਾਤਮਕ ਵਿਚਾਰਾਂ ਕੀਤੀਆਂ ਜਾ ਸਕਣ।

ਡਾ. ਸੁਰਜੀਤ ਪਾਤਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ
ਡਾ. ਸੁਰਜੀਤ ਪਾਤਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ

ਡਾ. ਸੁਰਜੀਤ ਪਾਤਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਤੇ ਕਲਾ ਪ੍ਰੇਮੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਕਲਾ ਪ੍ਰੀਸ਼ਦ ਨਾਲ ਲੋਕ ਲਹਿਰ ਖੜ੍ਹੀ ਕਰਕੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਸਮਰਪਿਤ ਹੋ ਕੇ ਯੋਗਦਾਨ ਦੇਣਗੇ। ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਕੋਨੇ-ਕੋਨੇ ’ਚ ਸੰਗੀਤ, ਕਵਿਤਾ ਤੇ ਗਾਇਨ ਆਦਿ ਮੁਕਾਬਲੇ ਕਰਵਾ ਕੇ ਲੋਕਾਂ ਨੂੰ ਕਲਾ ਤੇ ਸੱਭਿਆਚਾਰ ਨਾਲ ਜੋੜਿਆ ਜਾਵੇ ਤਾਂ ਜੋ ਇਸ ਦਾ ਦਾਇਰਾ ਹੋਰ ਵਿਸ਼ਾਲ ਹੋ ਸਕੇ। ਇਸ ਦੇ ਪਸਾਰੇ ਲਈ ਸਕੂਲਾਂ/ਕਾਲਜਾਂ ਤਕ ਵੀ ਪਹੁੰਚ ਕੀਤੀ ਜਾਵੇਗੀ। ਥੀਏਟਰ ਅਤੇ ਸੱਭਿਆਚਾਰ ਦੀਆਂ ਹੋਰ ਵੰਨਗੀਆਂ ਨੂੰ ਵੀ ਪ੍ਰਫੁਲਿਤ ਕੀਤਾ ਜਾਵੇਗਾ। ਡਾ. ਪਾਤਰ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ ਤੇ ਸੁਰਿੰਦਰ ਡਾਬਰ, ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਨਗਰ ਨਿਗਮ ਦੇ ਕਮਿਸ਼ਨਰ ਜਸਕਿਰਨ ਸਿੰਘ, ਗਾਇਕ ਪੰਮੀ ਬਾਈ ਤੇ ਹੋਰ ਸਿਆਸਤਦਾਨ ਹਾਜ਼ਰ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Surjit Patar Appointed As Chairman Of Punjab Arts Council …

Comments

comments