ਜਲੰਧਰ ਵਿਖੇ ਮੀਡੀਆ ਨਾਲ ਗੱਲ ਕਰਦੀ ਹੋਈ ਯਾਮਿਨੀ ਗੌਮਰ (ਫਾਈਲ ਫੋਟੋ)

ਪੰਜਾਬ ਦੀ ਰਾਜਨੀਤੀ

ਹੁਸ਼ਿਆਰਪੁਰ ਤੋਂ ਚੋਣ ਲੜ ਚੁਕੀ ਗੋਮਰ ਦਾ ‘ਆਪ’ ਤੋਂ ਅਸਤੀਫਾ; ਕਿਹਾ ਪਾਰਟੀ ਸਿਧਾਂਤਾਂ ਤੋਂ ਥਿੜਕ ਗਈ

By ਸਿੱਖ ਸਿਆਸਤ ਬਿਊਰੋ

December 14, 2016

ਚੰਡੀਗੜ੍ਹ: ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੀ ਕੌਮੀ ਕਾਰਜਕਾਰਨੀ ਕਮੇਟੀ ਦੀ ਮੈਂਬਰ ਯਾਮਿਨੀ ਗੋਮਰ ਨੇ ਕੱਲ੍ਹ ਸਾਰੇ ਅਹੁਦਿਆਂ ਸਮੇਤ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ।

ਯਾਮਿਨੀ ਗੋਮਰ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਦੋਸ਼ ਲਾਇਆ ਕਿ ਪਾਰਟੀ ਆਪਣੇ ਸਿਧਾਂਤਾਂ ਤੋਂ ਥਿੜਕ ਗਈ ਹੈ ਤੇ ਹੁਣ ਇਸ ਵਿੱਚ ਅਪਰਾਧੀਆਂ, ਭ੍ਰਿਸ਼ਟਾਚਾਰੀਆਂ ਅਤੇ ਚਰਿੱਤਰਹੀਣ ਲੋਕਾਂ ਦਾ ਬੋਲਾ ਬਾਲਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਉਨ੍ਹਾਂ ਵਾਲੰਟੀਅਰਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਪੰਜਾਬ ਵਿੱਚ ਪਾਰਟੀ ਨੂੰ ਖੜ੍ਹਾ ਕੀਤਾ ਸੀ ਪਰ ਪਾਰਟੀ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਵੇਚਿਆ ਜਾ ਰਿਹਾ ਹੈ। ਯਾਮਿਨੀ ਗੋਮਰ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਹੁਸ਼ਿਆਰਪੁਰ ਤੋਂ ਚੋਣ ਲੜੀ ਸੀ ਤੇ 2 ਲੱਖ 13 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਨੇ ‘ਆਪ’ ਦੀ ਕੌਮੀ ਕਾਰਜਕਾਰਨੀ ਕਮੇਟੀ, ਚੋਣ ਕੈਂਪੇਨ ਕਮੇਟੀ, ਸੂਬਾਈ ਕਾਰਜਕਾਰਨੀ ਕਮੇਟੀ, ਪਾਰਟੀ ਦੀ ਅਧਿਕਾਰਤ ਤਰਜਮਾਨ ਤੇ ਇੰਚਾਰਜ ਵਾਲੰਟੀਅਰਜ਼ ਟ੍ਰੇਨਿੰਗ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਦੀ ਕੌਮੀ ਕਾਰਜਕਾਰਨੀ ਕਮੇਟੀ ਵਿੱਚ ‘ਆਪ’ ਦੇ ਦੋ ਸੰਸਦ ਮੈਂਬਰਾਂ ਨੂੰ ਛੱਡ ਕੇ ਪੰਜਾਬ ਵਿੱਚੋਂ ਤਿੰਨ ਜਣੇ ਹੀ ਮੈਂਬਰ ਸਨ, ਜਿਸ ਵਿੱਚ ਯਾਮਿਨੀ ਗੋਮਰ, ਹਰਜੋਤ ਸਿੰਘ ਬੈਂਸ ਤੇ ਬਲਜਿੰਦਰ ਕੌਰ ਸ਼ਾਮਲ ਸਨ।

ਯਾਮਿਨੀ ਗੋਮਰ ਨੇ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਨੂੰ ਵੱਡੇ ਤਿਕੜਮਬਾਜ਼ ਦੱਸਦਿਆਂ ਕਿਹਾ ਕਿ ਪਾਰਟੀ ਵਿੱਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਜੋ ਵੀ ਫ਼ੈਸਲੇ ਕਰਨੇ ਹੁੰਦੇ ਹਨ, ਉਹ ਇਹ ਦੋਵੇਂ ਆਗੂ ਹੀ ਕਰਦੇ ਹਨ, ਜਿਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਪੂਰੀ ਸਹਿਮਤੀ ਹੁੰਦੀ ਹੈ। ‘ਆਪ’ ਨੂੰ ਪ੍ਰਾਈਵੇਟ ਕੰਪਨੀ ਵਾਂਗ ਚਲਾਇਆ ਜਾ ਰਿਹਾ ਹੈ। ਚੋਣ ਕਮੇਟੀ ਦੇ ਮੈਂਬਰਾਂ ਦੀ ਜ਼ਮੀਰ ਮਰੀ ਹੋਣ ਦਾ ਦੋਸ਼ ਲਾਉਂਦਿਆ ਉਨ੍ਹਾਂ ਕਿਹਾ ਕਿ ਕਮੇਟੀ ਵਿੱਚ ਕਿਸੇ ਨੂੰ ਵੀ ਬੋਲਣ ਨਹੀਂ ਦਿੱਤਾ ਜਾਂਦਾ। ਉਨ੍ਹਾਂ ਇਖ਼ਲਾਕ ਤੋਂ ਡਿੱਗੇ ਤੇ ਅਪਰਾਧੀ ਬਿਰਤੀ ਵਾਲਿਆਂ ਨੂੰ ਟਿਕਟਾਂ ਵੇਚਣ ਦਾ ਦੋਸ਼ ਵੀ ਲਾਇਆ।

ਯਾਮਿਨੀ ਗੋਮਰ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਿਆਂ ਵਿੱਚ ਉਨ੍ਹਾਂ ਆਗੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਟਿਕਟਾਂ ਨਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਉਨ੍ਹਾਂ ‘ਆਪ’ ਨੂੰ ਪੰਜਾਬ, ਸਿੱਖ ਤੇ ਦਲਿਤ ਵਿਰੋਧੀ ਦੱਸਿਆ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ‘ਆਪ’ ਦੇ ਯੂਥ ਪ੍ਰਧਾਨ ਬਲਜੀਤ ਸਿੰਘ ਅਤੇ ਸੀਨੀਅਰ ਆਗੂ ਐਲ.ਆਰ. ਨਈਅਰ ਨੇ ਵੀ ਆਪਣੇ ਅਸਤੀਫ਼ੇ ਕੇਜਰੀਵਾਲ ਨੂੰ ਭੇਜ ਕੇ ਪਾਰਟੀ ਛੱਡਣ ਦਾ ਐਲਾਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: