ਸਿਆਸੀ ਖਬਰਾਂ

ਬਾਦਲ ਤੋਂ ਵੱਡਾ ਮੌਕਾ ਪ੍ਰਸਤ ਦੁਨੀਆ ਵਿਚ ਕੋਈ ਨਹੀਂ: ਡਾ. ਸਿੱਧੂ

By ਸਿੱਖ ਸਿਆਸਤ ਬਿਊਰੋ

July 20, 2016

ਅੰਮ੍ਰਿਤਸਰ: ਨਵਜੋਤ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਨੇ ਇੱਕਲੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਨਹੀਂ ਦਿੱਤਾ, ਬਲਕਿ ਭਾਜਪਾ ਨੂੰ ਵੀ ਅਲਵਿਦਾ ਕਹਿ ਦਿੱਤਾ ਅਤੇ ਉਹ ਹੁਣ ਦੁਬਾਰਾ ਭਾਜਪਾ ‘ਚ ਨਹੀਂ ਆਉਣਗੇ। ਡਾ: ਨਵਜੋਤ ਕੌਰ ਸਿੱਧੂ ਨੇ ਆਪਣੇ ਨਿਵਾਸ ਸਥਾਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਉਨ੍ਹਾਂ ਖੁਦ ਫਿਲਹਾਲ ਮੁੱਖ ਸੰਸਦੀ ਸਕੱਤਰ ਤੋਂ ਅਸਤੀਫ਼ਾ ਨਹੀਂ ਦਿੱਤਾ ਅਤੇ ਅਜੇ ਵੀ ਪਾਰਟੀ ਨਾਲ ਜੁੜੇ ਹੋਏ ਹਨ।

ਉਨ੍ਹਾਂ ਕਿਹਾ ਕਿ ਸਿੱਧੂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ, ਪਰ ਉਨ੍ਹਾਂ ਦੀ ਆਵਾਜ਼ ਭਾਜਪਾ ਅਤੇ ਅਕਾਲੀ ਦਲ ਨੇ ਦਬਾ ਕੇ ਰੱਖੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਮੁੱਖ ਮਕਸਦ ਪੰਜਾਬ ਦੀ ਸੇਵਾ ਕਰਨਾ ਹੈ ਨਾ ਕਿ ਆਪਣੇ ਵਾਸਤੇ ਕਿਸੇ ਅਹੁਦੇ ਦੀ ਲਾਲਸਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਪਰਿਵਾਰ ਨੇ ਆਪਣੇ ਸਿਆਸੀ ਸਫ਼ਰ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਿੱਜੀ ਲਾਹਾ ਨਹੀਂ ਲਿਆ। ਉਨ੍ਹਾਂ ਭਾਜਪਾ ਹਾਈਕਮਾਂਡ ‘ਤੇ ਵਾਰ ਕਰਦਿਆਂ ਕਿਹਾ ਕਿ ਪਾਰਟੀ ਨੇ ਸਿੱਧੂ ਦੀ ਕਦਰ ਨਹੀਂ ਪਾਈ ਅਤੇ ਵਾਰ-ਵਾਰ ਕਹਿਣ ‘ਤੇ ਵੀ ਅਕਾਲੀ ਦਲ ਨਾਲੋਂ ਨਾਤਾ ਨਹੀਂ ਤੋੜਿਆ।

ਡਾ. ਸਿੱਧੂ ਨੇ ਕਿਹਾ ਕਿ ਸਿੱਧੂ ਨੇ ਕਦੀ ਵੀ ਪਾਰਟੀ ਨੂੰ ਪਿੱਠ ਨਹੀਂ ਦਿਖਾਈ ਅਤੇ ਹਰ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ। ਉਨ੍ਹਾਂ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਵੀ ਘੇਰਦਿਆਂ ਕਿਹਾ ਕਿ ਉਹ ਸਮੁੱਚੇ ਪੰਜਾਬ ਦੇ ਨਹੀਂ ਬਲਕਿ ਆਪਣੇ ਹਲਕੇ ਦੇ ਹੀ ਮੰਤਰੀ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਬਾਕੀ 116 ਵਿਧਾਨ ਸਭਾ ਹਲਕੇ ਨਜ਼ਰ ਨਹੀਂ ਆਉਂਦੇ। ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਧੂ ਪਰਿਵਾਰ ਨੂੰ ਮੌਕਾ ਪ੍ਰਸਤ ਕਹੇ ਜਾਣ ‘ਤੇ ਪਲਟ ਵਾਰ ਕਰਦਿਆਂ ਕਿਹਾ ਕਿ ਬਾਦਲ ਤੋਂ ਵੱਡਾ ਮੌਕਾ ਪ੍ਰਸਤ ਦੁਨੀਆ ਵਿਚ ਨਹੀਂ ਹੈ। ਸਿੱਧੂ ਜੋੜੀ ਵੱਲੋਂ ਆਮ ਆਦਮੀ ਪਾਰਟੀ ‘ਚ ਜਾਣ ਦੀਆਂ ਚਲ ਰਹੀਆਂ ਕਿਆਸ ਅਰਾਈਆਂ ਬਾਰੇ ਡਾ: ਸਿੱਧੂ ਨੇ ਕਿਹਾ ਕਿ ਇਸ ਬਾਰੇ ਕੋਈ ਵੀ ਫ਼ੈਸਲਾ ਸਿੱਧੂ ਹੀ ਲੈਣਗੇ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਆਗੂ ਹਨ ਅਤੇ ਜ਼ਮੀਨੀ ਪੱਧਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: