ਇੰਡੀਆਨਾਂ (7 ਅਕਤੂਬਰ, 2014): ਬੀਤੇ 4 ਅਕਤੂਬਰ ਨੂੰ ਅਮਰੀਕਾ ਦੇ ਸੂਬੇ ਇੰਡੀਆਨਾਂ ਦੇ ਸ਼ਹਿਰ ਇੰਡੀਅਨਐਪਲਿਸ ਵਿਚ ਗੁਰਮਤਿ ਪ੍ਰਚਾਰ ਸੁਸਾਇਟੀ ਯੂ. ਐੱਸ. ਏ. ਵੱਲੋਂ ਸਿੱਖ ਕੌਮ ਨੂੰ ਦਰਪੇਸ਼ ਵੱਖ-ਵੱਖ ਕੌਮੀ ਮਸਲ਼ਿਆਂ, ਚੁਣੌਤੀਆਂ ਅਤੇ ਕੌਮ ਵਿੱਚ ਵਿਵਾਦ ਦਾ ਕਾਰਣ ਬਣੇ ਮੁੱਦਿਆਂ ਸਬੰਧੀ ਵਿਸ਼ਵ ਸਿੱਖ ਕਨਵੈੱਨਸ਼ਨ ਦਾ ਅਯੋਜਨ ਕੀਤਾ ਗਿਆ।
ਇਸ ਕਨਵੈਨਸ਼ਨ ਵਿਚ ਪੰਥਕ ਜਥੇਬੰਦੀਆਂ ਨੇ ਸਹਿਮਤੀ ਕਰ ਕੇ ਸਿਰਦਾਰ ਪਾਲ ਸਿੰਘ ਪੁਰੇਵਾਲ ਵੱਲੋਂ ਕਈ ਦਹਾਕਿਆਂ ਦੀ ਕੜੀ ਮਸ਼ੱਕਤ ਨਾਲ ਤਿਆਰ ਕੀਤੇ ਸਿੱਖ ਕੌਮ ਦੀ ਨਿਰਾਲੀ ਤੇ ਨਿਆਰੀ ਹਸਤੀ ਦੀ ਪ੍ਰੋੜ੍ਹਤਾ ਕਰਨ ਵਾਲੇ ਮੂਲ ਨਾਨਕਸ਼ਾਹੀ ਕਲੰਡਰ ਜਿਸ ਨੂੰ 2003 ਵਿਚ ਸਾਰੀ ਕੌਮ ਨੇ ਮੰਨ ਲਿਆ ਸੀ, ਨੂੰ ਪ੍ਰਵਾਨ ਕੀਤਾ ਅਤੇ ਸਿੱਖ ਕੌਮ ਨੂੰ ਡੇਰਾਵਾਦ, ਬਿਪਰ ਸੰਪਰਦਾਵਾਂ ਅਤੇ ਗੁਰਮਤਿ ਨੂੰ ਬ੍ਰਾਹਮਣਵਾਦ ਦੀ ਰੰਗਤ ਵਿੱਚ ਪ੍ਰਚਾਰਦੀਆਂ ਸਿੱਖ ਸੰਸਥਾਵਾਂ ਜਾਂ ਸਿਆਸੀ ਪ੍ਰਭਾਵ ਅਧੀਨ ਵਿਚਰ ਰਹੀਆਂ ਅਖੌਤੀ ਸਿੱਖ ਸ਼ਖਸ਼ੀਅਤਾਂ ਤੋਂ ਸੁਚੇਤ ਕਰਦਿਆਂ ਤੱਤ ਗਰਮਤਿ ਦੇ ਪ੍ਰਚਾਰ ਲਈ ਵੱਧ-ਚੜ ਕ ਯੋਗਦਾਨ ਪਾਉਣ ਲਈ ਕਿਹਾ।
ਕਾਨਫ਼ਰੰਸ ਵਿਚ ਸ਼ਾਮਲ ਪੰਥਕ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਨੂੰ ਚੈਲੰਜ ਕਰਨ ਵਾਲੀਆਂ ਲਿਖਤਾਂ ਤੋਂ ਸੁਚੇਤ ਰਹਿਣ ਅਤੇ ਰੱਦ ਕਰਨ ਦਾ ਸੱਦਾ ਦਿੱਤਾ।
ਕਾਨਫ਼ਰੰਸ ਵਿਚ ਬੋਲਦਿਆਂ ਸਿਰਦਾਰ ਪਾਲ ਸਿੰਘ ਪੁਰੇਵਾਲ ਜੀ ਨੇ ਬੜੇ ਹੀ ਵਿਗਿਆਨਕ ਢੰਗ ਨਾਲ ਕਲੰਡਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਦੀ ਹਰ ਬਾਰੀਕੀ ਨੂੰ ਸੰਗਤਾਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਜੇ ਕਰ ਅਸੀਂ ਇਸ ਤੇ ਗ਼ੌਰ ਨਾ ਕੀਤਾ ਅਤੇ ਬ੍ਰਾਹਮਣੀ ਕਲੰਡਰ ਮੁਤਾਬਿਕ ਆਪਣੇ ਦਿਨ ਮਨਾਉਂਦੇ ਰਹੇ ਤਾਂ ਇੱਕ ਦਿਨ ਸਤਿਗੁਰੂ ਜੀ ਵੱਲੋਂ ਗੁਰਬਾਣੀ ਵਿਚ ਦੱਸੇ ਬਹੁਤ ਸ਼ਬਦ ਗ਼ਲਤ ਸਾਬਤ ਹੋ ਜਾਣ ਗੇ।ਇਸ ਗੱਲ ਦੀ ਅਹਿਮੀਅਤ ਨੂੰ ਸਮਝਦਿਆਂ ਉੱਥੇ ਪੁੱਜੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਸ ਨੂੰ ਪੁਰਜ਼ੋਰ ਹਮਾਇਤ ਦਿੱਤੀ ਅਤੇ ਪ੍ਰਣ ਕੀਤਾ ਕਿ ਉਹ ਅੱਜ ਤੋਂ ਆਪਣੇ ਗੁਰਦੁਆਰਾ ਸਾਹਿਬ ਵਿਚ ਮੂਲ ਨਾਨਕਸ਼ਾਹੀ ਹੀ ਲਾਗੂ ਕਰਨਗੀਆਂ।
ਭਾਰਤ ਤੋਂ ਉਚੇਚੇ ਗੁਰਿੰਦਰਪਾਲ ਧਨੌਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਿੱਖਾਂ ਦੀ ਕਰਮ ਭੂਮੀ ਪੰਜਾਬ ਵਿਚੋਂ ਸਿੱਖ ਪੰਥ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਹਨ ਜਿਸ ਦਾ ਮੂਲ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੀ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਇੱਕ ਅਜਿਹੇ ਪਰਵਾਰ ਦੇ ਹੱਥ ਵਿਚ ਹੈ ਜਿਹੜਾ ਬਿਪਰਵਾਦੀ ਕੁਹਾੜੇ ਦਾ ਦਸਤਾ ਬਣ ਕੇ ਸਿੱਖੀ ਦੇ ਖ਼ਾਤਮੇ ਲਈ ਦਿਨ ਰਾਤ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਭਾਵੇਂ ਉਹ ਮੂਲ ਨਾਨਕਸ਼ਾਹੀ ਕਲੰਡਰ ਦਾ ਕਤਲ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਨੂੰ ਚੈਲੰਜ ਕਰਨ ਵਾਲੀ ਕੋਈ ਕਵਾਇਦ ਹੋਵੇ ਇਸ ਸਭ ਕਾਸੇ ਲਈ ਸੁਚੇਤ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆਪਣੇ ਹੱਥ ਲੈਣਾ ਚਾਹੀਦਾ ਹੈ।
ਸਾਰੇ ਬੁਲਾਰਿਆਂ ਨੇ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਪ੍ਰਬੰਧਕਾਂ ਸ. ਮਲਕੀਤ ਸਿੰਘ ਬਾਸੀ, ਸ. ਦਲਜੀਤ ਸਿੰਘ ਇੰਡੀਆਨਾਂ, ਸ. ਸੁਖਮਿੰਦਰ ਸਿੰਘ, ਸ.ਹਰਦੀਪ ਸਿੰਘ ਵਿਰਦੀ, ਸ.ਕੁਲਬੀਰ ਸਿੰਘ, ਸ.ਬਲਜੀਤ ਸਿੰਘ ਧਾਲੀਵਾਲ, ਸ.ਗੁਰਦੀਪ ਸਿੰਘ ਨਿੱਝਰ, ਸ. ਦੇਵ ਨਿੱਝਰ, ਸ.ਰਾਣਾ ਸਿੱਧੂ, ਸ.ਰਣਜੀਤ ਸਿੰਘ ਅਜਨਾਲਾ,ਸ. ਨਰਿੰਦਰ ਸਿੰਘ ਟੈਕਸਸ ਵੱਲੋਂ ਸੱਤ ਸਮੁੰਦਰੋਂ ਪਾਰ ਅਮਰੀਕਾ ਵਰਗੀ ਧਰਤੀ ਤੇ ਪੰਥਕ ਝੰਡਾ ਬੁਲੰਦ ਕਰਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਸੁਚੇਤ ਸਿੱਖਾਂ ਦੇ ਹੁੰਦਿਆਂ ਹੁਣ ਸਿੱਖੀ ਦੀ ਹੋਂਦ ਨੂੰ ਕੋਈ ਖ਼ਤਰਾ ਕਿਆਸਿਆ ਵੀ ਨਹੀਂ ਜਾ ਸਕਦਾ।ਜਲਦ ਹੀ ਇਸ ਸੰਸਥਾ ਵਿਚ ਵਿਸ਼ਵ ਪੱਧਰ ਤੋਂ ਗੁਰੂ ਅਤੇ ਪੰਥ ਦੇ ਸੇਵਾਦਾਰ ਮੈਂਬਰ ਸ਼ਾਮਲ ਕੀਤੇ ਜਾਣਗੇ।
ਗੁਰਬਾਣੀ ਦੀ ਸਰਲ ਸੰਥਿਆ ਦੀ ਸਾਈਟ www.ektuhi.com, ਦੇ ਨਿਰਮਾਤਾ ਸ. ਸਤਪਾਲ ਸਿੰਘ ਪੁਰੇਵਾਲ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਗੁਰਬਾਣੀ ਦੀ ਸੰਥਿਆ ਲੈਣ ਦਾ ਵਿਗੋਚਾ ਹੁਣ ਖ਼ਤਮ ਹੋ ਚੁੱਕਾ ਹੈ ਜਿਸ ਨਾਲ ਸਿੱਖ ਅਤੇ ਗੁਰੂ ਵਿਚਕਾਰ ਖੜੀ ਕੀਤੀ ਸਦੀਆਂ ਪੁਰਾਣੀ ਦੀਵਾਰ ਹੁਣ ਟੁੱਟ ਚੁੱਕੀ ਹੈ।
ਸਿੱਖ ਕੈਨਵੈਨਸ਼ਨ ਨੂੰ ਨੌਜਵਾਨ ਪ੍ਰਚਾਰਕ ਭਾਈ ਪਰਮਜੀਤ ਸਿੰਘ ਉੱਤਰਾਖੰਡ, ਕੈਨੇਡਾ ਤੋਂ ਪੁੱਜੇ ਉੱਘੇ ਲੇਖਕ ਸਿਰਦਾਰ ਗੁਰਦੇਵ ਸਿੰਘ ਸੱਧੇਵਾਲੀਆਂ, ਗੁਰਮਤਿ ਸਕਾਲਰ ਸ. ਬਲਦੇਵ ਸਿੰਘ ਟਰੰਟ, ਬੀਬੀ ਜਸਵੀਰ ਕੌਰ ਜੀ, ਕੈਲੇਫ਼ੋਰਨੀਆਂ ਤੋਂ ਪਹੁੰਚੇ ਸ. ਸਰਬਜੀਤ ਸਿੰਘ ਸੈਕਰਾਮੈਂਟੋ, ਸ.ਤਰਲੋਚਨ ਸਿੰਘ ਦੁਪਾਲ ਪੁਰ, ਬੀਬੀ ਪ੍ਰੋ.ਰੰਜਨਪ੍ਰੀਤ ਕੌਰ ਨਾਗਰਾ, ਫ਼ਰਿਜ਼ਨੋਂ ਤੋਂ ਪਹੁੰਚੇ ਸ. ਚਮਕੌਰ ਸਿੰਘ, ਰੇਡਿਓ ਸ਼ੇਰ ਏ ਪੰਜਾਬ ਤੋਂ ਸ. ਕੁਲਦੀਪ ਸਿੰਘ ਨੇ ਸਬੋਧਨ ਕੀਤਾ।ਸਟੇਜ ਦੀ ਸਾਰੀ ਕਾਰਵਾਈ ਸ. ਕੁਲਦੀਪ ਸਿੰਘ ਕੰਗਣਵਾਲ ਜਾਗੋ ਖ਼ਾਲਸਾ ਅਤੇ ਸ. ਮਨਦੀਪ ਸਿੰਘ ਗਿੱਲ ਟਰੰਟੋ ਨੇ ਬਾਖ਼ੂਬੀ ਨਿਭਾਈ।