ਸਿੱਖ ਖਬਰਾਂ

ਅੱਜ ਸ਼ੁਰੂ ਹੋਵੇਗੀ ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਗੈਲਰੀ ਦੀ ਕਾਰ ਸੇਵਾ

By ਸਿੱਖ ਸਿਆਸਤ ਬਿਊਰੋ

July 06, 2017

ਅੰਮ੍ਰਿਤਸਰ: ਦਰਬਾਰ ਸਾਹਿਬ ਸਮੂਹ ਅੰਮ੍ਰਿਤਸਰ ਵਿਖੇ ਜੂਨ ੧੯੮੪ (1984)ਦੇ ਸ਼ਹੀਦਾਂ ਦੀ ਯਾਦ ਵਿਚ ਉਸਾਰੀ ਗਈ ਯਾਦਗਾਰ ਵਿਖੇ ਸ਼ਹੀਦੀ ਗੈਲਰੀ ਦੀ ਕਾਰ ਸੇਵਾ ਅੱਜ ਸ਼ੁਰੂ ਹੋਵੇਗੀ। ਇਸ ਪ੍ਰਥਾਏ ਆਰੰਭੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪੰਥਕ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਆਰੰਭ ਹੋਣ ਵਾਲੀ ਇਹ ਕਾਰ ਸੇਵਾ ਦਮਦਮੀ ਟਕਸਾਲ (ਮਹਿਤਾ) ਨੂੰ ਸੌਂਪੀ ਗਈ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਲਗਭਗ ਅੱਠ ਸੌ ਵਰਗ ਗਜ਼ ਵਿਚ ਬਣਾਈ ਜਾ ਰਹੀ ਸ਼ਹੀਦੀ ਗੈਲਰੀ ਵਿਚ ਸੰਨ ੧੯੮੪ ਵਿਚ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਵਿਚ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਤੇ ਭੁਝੰਗੀਆਂ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਇਹ ਮਾਮਲਾ ਚੁੱਕਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿਚ ਸ਼ਹੀਦੀ ਗੈਲਰੀ ਬਣਾਉਣ ਦਾ ਫੈਸਲਾ ਲਿਆ ਗਿਆ ਸੀ।

ਦੱਸਣਯੋਗ ਹੈ ਕਿ ਸ਼ਹੀਦੀ ਯਾਦਗਾਰ ਦੀ ਆਰੰਭਤਾ ੨੦ ਮਈ ੨੦੧੨ ਨੂੰ ਪੰਜ ਪਿਆਰਿਆਂ ਦੇ ਰੂਪ ਵਿਚ ਕੌਮੀ ਸ਼ਖਸੀਅਤਾਂ ਵੱਲੋਂ ਟੱਕ ਲਗਾ ਕੇ ਕੀਤੀ ਗਈ ਸੀ ਅਤੇ ਇਸਦਾ ਨੀਂਹ ਪੱਥਰ ੬ ਜੂਨ ੨੦੧੨ ਨੂੰ ਰੱਖਿਆ ਗਿਆ ਸੀ। ਮੁਕੰਮਲ ਹੋਣ ਉਪਰੰਤ ਸ਼ਹੀਦੀ ਯਾਦਗਾਰ ੨੭ ਅਪ੍ਰੈਲ ੨੦੧੩ ਨੂੰ ਕੌਮ ਨੂੰ ਸਮਰਪਿਤ ਕੀਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: