ਵਿਧਾਇਕ ਅਮਰਜੀਤ ਸਿੰਘ ਸੰਦੋਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਸਿਆਸੀ ਖਬਰਾਂ

ਰੋਪੜ ਤੋਂ ‘ਆਪ’ ਵਿਧਾਇਕ ਸੰਦੋਆ ਖਿਲਾਫ ਔਰਤ ਨੇ ਬਦਸਲੂਕੀ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਵਾਇਆ

By ਸਿੱਖ ਸਿਆਸਤ ਬਿਊਰੋ

July 30, 2017

ਚੰਡੀਗੜ੍ਹ: ਰੋਪੜ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਔਰਤ ਨਾਲ ਬਦਸਲੂਕੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਰੋਪੜ ਸਿਟੀ ਪੁਲਿਸ ਕੋਲ ਬਿਆਨ ਦਰਜ ਕਰਾਉਂਦਿਆਂ ਇੱਕ ਔਰਤ ਨੇ ਦੱਸਿਆ ਕਿ ਉਹ ਮੁਹਾਲੀ ਵਿੱਚ ਰਹਿ ਰਹੀ ਹੈ। ਉਸ ਨੇ ਅਕਤੂਬਰ 2016 ਵਿੱਚ ਅਮਰਜੀਤ ਸਿੰਘ ਸੰਦੋਆ ਨੂੰ ਰੋਪੜ ਦੇ ਗਿਆਨੀ ਜ਼ੈਲ ਸਿੰਘ ਨਗਰ ਵਿੱਚ ਆਪਣੀ ਕੋਠੀ ਕਿਰਾਏ ’ਤੇ ਦਿੱਤੀ ਸੀ। ਸੰਦੋਆ ਨੇ ਮਈ 2017 ਨੂੰ ਕੋਠੀ ਛੱਡ ਦਿੱਤੀ ਪਰ ਅਪ੍ਰੈਲ ਦਾ ਕਿਰਾਇਆ ਤੇ ਬਿਜਲੀ-ਪਾਣੀ ਦਾ ਬਿੱਲ ਨਹੀਂ ਦਿੱਤਾ। ਉਹ 28 ਜੁਲਾਈ ਨੂੰ ਆਪਣੇ ਰਿਸ਼ਤੇਦਾਰ ਨਾਲ ਸੰਦੋਆ ਦੀ ਰਿਹਾਇਸ਼ ’ਤੇ ਗਈ ਪਰ ਉਹ ਘਰ ਨਹੀਂ ਸਨ। ਇਸ ਤੋਂ ਬਾਅਦ ਸ਼ਾਮ ਕਰੀਬ 7 ਵਜੇ ਉਹ ਸੰਦੋਆ ਦੇ ਘਰ ਗਏ।

ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਸੰਦੋਆ ਤੋਂ ਕਿਰਾਇਆ ਮੰਗਿਆ ਤਾਂ ਉਨ੍ਹਾਂ ਗ਼ਲਤ ਸ਼ਬਦਾਵਲੀ ਵਰਤੀ ਅਤੇ ਗਾਲ੍ਹਾਂ ਕੱਢੀਆਂ। ਇਸ ਮਗਰੋਂ ਉਸ ਨੂੰ ਧੱਕਾ ਮਾਰਿਆ, ਜਿਸ ਕਾਰਨ ਉਹ ਡਿੱਗ ਪਈ। ਰੋਪੜ ਸਿਟੀ ਪੁਲਿਸ ਨੇ ਔਰਤ ਦੇ ਬਿਆਨਾਂ ’ਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ਼ ਆਈਪੀਸੀ ਦੀ ਧਾਰਾ 354, 506, 294, 509 ਤੇ 323 ਤਹਿਤ ਕੇਸ ਦਰਜ ਕਰ ਲਿਆ ਹੈ। ਉਧਰ, ਵਿਧਾਇਕ ਸੰਦੋਆ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਭ੍ਰਿਸ਼ਟਾਚਾਰ ਦੇ ਮਾਮਲੇ ਚੁੱਕ ਰਹੇ ਹਨ, ਜਿਸ ਕਾਰਨ ਸੱਤਾਧਾਰੀ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਵਿਰੁੱਧ ਹਨ। ਇਹੀ ਕਿੜ ਕੱਢਣ ਲਈ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਔਰਤ ਸਮੇਤ ਦੋ ਜਣੇ ਉਨ੍ਹਾਂ ਕੋਲ ਆਏ ਸਨ ਤੇ ਉਨ੍ਹਾਂ ਬਣਦੇ ਕਿਰਾਏ ਅਤੇ ਬਿੱਲ ਬਦਲੇ ਚੈੱਕ ਲਿਜਾਣ ਲਈ ਕਿਹਾ ਸੀ ਪਰ ਔਰਤ ਨਾਲ ਆਏ ਵਿਅਕਤੀ ਨੇ ਕਿਰਾਏ ਦੇ ਬਹਾਨੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਉਸ ਵਿਅਕਤੀ ਦਾ ਫੋਨ ਆਇਆ ਸੀ ਤੇ ਉਹ ਉਨ੍ਹਾਂ ਦੀ ਮੁਲਾਕਾਤ ਸੁਖਬੀਰ ਬਾਦਲ ਨਾਲ ਕਰਵਾਉਣਾ ਚਾਹੁੰਦਾ ਸੀ।

ਰੋਪੜ ਦੇ ਪੁਲਿਸ ਕਪਤਾਨ ਰਾਜ ਬਚਨ ਸਿੰਘ ਸੰਧੂ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ ਬਾਦਲ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਮੰਗ ਕੀਤੀ ਕਿ ਵਿਧਾਇਕ ਸੰਦੋਆ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: