June 1, 2011 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (01 ਜੂਨ, 2011): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬੀਤੇ 17 ਸਾਲਾਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ ਅਤੇ ਸਾਲ 2001 ਵਿਚ ਉਨ੍ਹਾਂ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਨੂੰ ਹੁਣ ਇਕ ਦਹਾਕਾ ਬੀਤ ਚੁੱਕਾ ਹੈ। ਪਿਛਲੇ ਸਮੇਂ ਵਿਚ ਪ੍ਰ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਾਰੇ ਇਹ ਗੱਲ ਸਾਹਮਣੇ ਆਉਣੀ ਸ਼ੁਰੂ ਹੋਈ ਕਿ ਉਹ ਮਾਨਸਿਕ ਪਰੇਸ਼ਾਨੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਬੀਤੇ ਕੁਝ ਸਮੇਂ ਤੋਂ ਉਨ੍ਹਾਂ ਦਾ ਇਲਾਜ ਚੱਲਦੇ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਮਾਨਸਿਕ ਪਰੇਸ਼ਾਨੀ ਦੇ ਕਾਰਨਾਂ ਬਾਰੇ ਬੀਤੇ ਦਿਨ (31 ਮਈ, 2011 ਨੂੰ) ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਸ਼ਹੀਦ ਤੇਜਾ ਸਿੰਘ ਸਮੁੰਦਰੀ ਭਵਨ ਵਿਖੇ ਹੋਈ ਇਕੱਤਰਤਾ ਵਿਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸਮੂਹ ਮੈਂਬਰਾਂ, ਦਮਦਮੀ ਟਕਸਾਲ ਦੇ ਮੁਖੀ, ਸੰਤ ਸਮਾਜ ਦੇ ਨੁਮਾਂਇਦਿਆਂ, ਨਿਹੰਗ ਸਿੰਘ ਮੁਖੀਆਂ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਂਇਦਿਆਂ ਦੇ ਸਾਹਮਣੇ ਸਪਸ਼ਟ ਕੀਤਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮਾਨਸਿਕ ਪਰੇਸ਼ਾਨੀ ਕੋਈ ਉਨ੍ਹਾਂ ਨੂੰ ਮਿਲੀ ਮੌਤ ਦੀ ਸਜ਼ਾ ਕਾਰਨ ਨਹੀਂ ਹੈ, ਬਲਕਿ ਇਸਦਾ ਅਸਲੀ ਕਾਰਨ ਇਹ ਹੈ ਕਿ ਅੱਜ ਸਿੱਖਾਂ ਦੀ ਲੀਡਰਸ਼ਿਪ ਵਿਚ ਏਕਤਾ ਦੀ ਘਾਟ ਹੈ, ਜਿਸ ਕਾਰਨ ਸਿੱਖ ਕੌਮ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਇਸ ਘਾਟ ਨੂੰ ਦੂਰ ਕਰਨ ਲਈ ਕੋਈ ਠੋਸ ਤੇ ਗੰਭੀਰ ਯਤਨ ਨਹੀਂ ਹੋ ਰਹੇ ਅਤੇ ਸਿੱਖ ਲੀਡਰਸ਼ਿਪ ਸਿੱਖਾਂ ਦੇ ਮੁੱਦਿਆਂ ਨੂੰ ਵਿਸਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਨਾਲ ਜਦੋਂ ਵੀ ਉਨ੍ਹਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਹਰ ਵਾਰ ਉਹ ਇਹੀ ਸੁਨੇਹਾ ਦਿੰਦੇ ਹਨ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਚੜ੍ਹਦੀਕਲਾ ਵਿਚ ਹਨ, ਉਨ੍ਹਾਂ ਦੀ ਸਿਹਤ ਦੀ ਚਿਤਾ ਨਾ ਕੀਤੀ ਜਾਵੇ। ਪਰ ਨਾਲ ਹੀ ਹਰ ਵਾਰ ਉਹ ਸਿੱਖ ਕੌਮ ਦੀ ਹੋਣੀ ਤੇ ਲੀਡਰਸ਼ਿਪ ਦੇ ਮਸਲਿਆਂ ਨੂੰ ਵਿਸਾਰ ਦੇਣ ਦੀਆਂ ਗੱਲਾਂ ਕਰਦਿਆਂ ਪਰੇਸ਼ਾਨ ਹੋ ਜਾਂਦੇ ਹਨ। ੳਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਨੂੰ ਆਪਣੀ ਜਾਂ ਆਪਣੀ ਜਾਨ ਦੀ ਕੋਈ ਚਿੰਤਾ ਨਹੀਂ ਹੈ ਬਲਕਿ ਕੌਮ ਤੇ ਕੌਮ ਦੀ ਹੋਣੀ ਦੀ ਚਿੰਤਾ ਹੈ। ਇਸ ਮੌਕੇ ਉੱਤੇ ਸੰਗਤ ਵਿਚ ਹਾਜ਼ਰ ਪ੍ਰੋ. ਭੁੱਲਰ ਦੇ ਮਾਤਾ ਉਪਕਾਰ ਕੌਰ ਨੇ ਕਿਹਾ ਕਿ “ਇਹ ਗੱਲ ਬਿਲਕੁਲ ਸਹੀ ਹੈ … ਇਹ ਗੱਲ ਇਦਾਂ ਹੀ ਹੈ …”।
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਆਦਲਤ ਵੱਲੋਂ ਸੁਣਾਈ ਗਈ ਫਾਂਸੀ ਉੱਤੇ ਪੁਨਰਵਿਚਾਰ ਕਰਨ ਲਈ ਪਾਈ ਗਈ ਅਰਜੀ ਬੀਤੇ ਦਿਨੀਂ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ ਰੱਦ ਕਰ ਦੇਣ ਤੋਂ ਬਾਅਦ ਪੰਥ ਦੀਆਂ ਸਮੁੱਚੀਆਂ ਧਿਰਾਂ ਇਕ ਵਾਰ ਤਾਂ ਇਸ ਦੇ ਵਿਰੋਧ ਵਿਚ ਡਟ ਕੇ ਸਾਹਮਣੇ ਆ ਗਈਆਂ ਹਨ ਤੇ ਸਾਰਿਆਂ ਇਹੀ ਗੱਲ ਕਹੀ ਹੈ ਕਿ ਪ੍ਰੋ. ਭੁੱਲਰ ਦੀ ਫਾਂਸੀ ਦਾ ਮਸਲਾ ਕਿਸੇ ਇਕ ਵਿਅਕਤੀ ਵਿਸ਼ੇਸ਼ ਦਾ ਮਸਲਾ ਨਹੀਂ ਹੈ ਬਲਕਿ ਸਿੱਖਾਂ ਦਾ ਇਕ ਕੌਮੀ ਮਸਲਾ ਹੈ।ਇਸ ਬਾਰੇ ਇਸ ਏਕੇ ਦਾ ਪ੍ਰਗਟਾਵਾ ਚੰਗੀ ਗੱਲ ਹੈ। ਇਸ ਮਸਲੇ ਦੀ ਗੰਭੀਰਤਾ ਨੂੰ ਵਿਚਾਰਦਿਆਂ ਇਹ ਲਾਜਮੀ ਹੋ ਗਿਆ ਹੈ ਇਸ ਬਾਰੇ ਧੜੇਬੰਧਕ ਹਿਤਾਂ ਤੋਂ ਉੱਪਰ ਉੱਠ ਕੇ ਗੰਭੀਰਤਾ ਭਰੇ ਸਾਂਝੇ ਯਤਨ ਕੀਤੇ ਜਾਣ ਕਿਉਂਕਿ ਹੁਣ ਇਹ ਮਸਲਾ ਬਿਲਕੁਲ ਆਖਰੀ ਪੜਾਅ ਉੱਤੇ ਪਹੁੰਚ ਚੁੱਕਾ ਹੈ।
Related Topics: Akali Dal Panch Pardhani, Bhai Harpal Singh Cheema (Dal Khalsa), Prof. Devinder Pal Singh Bhullar