ਸ੍ਰੀ ਅੰਮ੍ਰਿਤਸਰ ਸਾਹਿਬ: (ਨਰਿੰਦਰ ਪਾਲ ਸਿੰਘ)
ਪਾਕਿਸਤਾਨ ਸਥਿਤ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋੋਹ ਪ੍ਰਾਪਤ ਧਰਤੀ ਦੇ ਖੁੱਲ੍ਹੇ ਦਰਸ਼ਨ-ਦੀਦਾਰ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਖੋਲ੍ਹਿਆ ਜਾ ਰਿਹਾ ਲਾਂਘਾ ਸਿਆਸਤਦਾਨਾਂ ਨੂੰ ਕਿਉਂ ਹਜਮ ਨਹੀ ਹੋ ਰਿਹਾ? ਇਹ ਸਵਾਲ ਬੀਤੇ ਕੱਲ੍ਹ ਹੀ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਗਏ ਸਰਕਾਰੀ ਸਮਾਗਮ ਮੌਕੇ ਸਿਆਸਤਦਾਨਾਂ ਵਲੋਂ ਉਡਾਈ ਕੁੱਕੜ ਖੇਹ ਤੋਂ ਬਾਅਦ ਸਿਆਸੀ ਅਤੇ ਵਿਸ਼ੇਸ਼ ਕਰਕੇ ਸਿੱਖ ਹਲਕਿਆਂ ਵਿੱਚ ਪੁੱਛਿਆ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਹੀ ਜਦੋਂ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਇੱਕ ਮਿੱਤਰ ਅਤੇ ਕ੍ਰਿਕਟ ਖਿਡਾਰੀ ਵਜੋਂ ਪੁੱਜੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ ਆਪਣੀ ਗਲਵੱਕੜੀ ਵਿੱਚ ਲੈ ਕੇ ਇੱਕ ਸੁਨੇਹਾ ਦਿੰਦੇ ਹਨ ਕਿ ‘ਅਸਾਂ ਕਰਤਾਰਪੁਰ ਲਾਂਘਾ ਦੇਣ ਦਾ ਮਨ ਬਣਾ ਲਿਆ’ ਤਾਂ ਸਿਆਸੀ ਹਲਕਿਆਂ ਵਿੱਚ ਅਤੇ ਖਾਸ ਕਰਕੇ ਆਪਣੇ ਆਪ ਨੂੰ ਸਿੱਖਾਂ ਦੇ ਹਿਤੈਆ ਜਾ ਰਿਹਾ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਵੀ ਕਿਸੇ ਸਰਕਾਰੀ ਸਮਾਗਮ ਲਈ ਰੁੱਤਬਿਆਂ ਦੀ ਤੈਅ ਸ਼ੁਦਾ ਤਰਤੀਬ ਪ੍ਰਣਾਲੀ ਨੂੰ ਮੂੰਹ ਚੜ੍ਹਾ ਰਿਹੈ ਤਾਂ ਇਸ ਸਮਾਗਮ ਦੇ ਪ੍ਰਬੰਧਕਾਂ ਦੀ ਸੋਚ ਸ਼ੱਕ ਦੇ ਘੇਰੇ ਵਿੱਚ ਆ ਜਾਂਦੀ ਹੈ। ਨੀਂਹ ਪੱਥਰ ‘ਤੇ ਲਿਖੇ ਅਨੁਸਾਰ ਕੇਂਦਰ ਸਰਕਾਰ ਲਈ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਉਪ ਮੁੱਖ ਮੰਤਰੀ ਦਾ ਦਰਜਾ, ਇਕ ਕੇਂਦਰੀ ਮੰਤਰੀ ਤੇ ਜਿਲ੍ਹੇ ਦੇ ਲੋਕ ਸਭਾ ਮੈਂਬਰ ਤੋਂ ਉੱਪਰ ਹੈ। ਸਪੱਸ਼ਟ ਹੈ ਕਿ ਕਰਤਾਰਪੁਰ ਲਾਂਘੇ ਲਈ ਪੁੱਟੇ ਪਹਿਲੇ ਪੈਰ ਦੇ ਰਾਹ ਵਿੱਚ ਨਫਰਤ ਦੇ ਕੰਡੇ ਵਿਛਾ ਦਿੱਤੇ ਗਏ ਹਨ। ਸ਼ਾਇਦ ਇਹ ਪਹਿਲਾ ਸਰਕਾਰੀ ਸਮਾਗਮ ਹੈ ਜਿਥੇ ਇੱਕ ਕੇਂਦਰੀ ਮੰਤਰੀ ਵਲੋਂ ਇਹ ਜਾਣਦੇ ਹੋਏ ਵੀ ਕਿ ਉਪ ਰਾਸ਼ਟਰਪਤੀ ਤਾਂ ਪਾਰਲੀਮੈਂਟ ਜਾਂ ਰਾਜ ਸਭਾ ਵਲੋਂ ਰੱਖੇ ਵਿਚਾਰਾਂ ‘ਤੇ ਪ੍ਰਤੀਕਰਮ ਨਹੀ ਦਿੰਦਾ, ਉਸ ਪਾਸੋਂ ਨਵੰਬਰ 84 ਦੇ ਕਾਤਲਾਂ ਲਈ ਸਜਾਵਾਂ ਮੰਗੀਆਂ ਜਾ ਰਹੀਆਂ ਹਨ।
ਸੂਬੇ ਦੇ ਮੁੱਖ ਮੰਤਰੀ ਜੋ ਆਪ ਫੌਜ ‘ਚ ਰਹਿ ਚੁੱਕੇ ਹਨ ਅਤੇ ਫੌਜੀ ਨਿਯਮਾਂ ਤੋਂ ਚੰਗੇ ਤਰੀਕੇ ਨਾਲ ਜਾਣੂ ਹਨ, ਜਿਨ੍ਹਾਂ ਕੋਲ ਮੁੱਖ ਮੰਤਰੀ ਹੋਣ ਦੇ ਤੌਰ ਉੱਤੇ ਵੀ ਗੁਆਂਢੀ ਮੁਲਕ ਨਾਲ ਸਿੱਧੀ ਗਲਬਾਤ ਕਰਨ ਦਾ ਕੋਈ ਹੱਕ ਨਹੀ ਉਹ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਧਮਕੀਆਂ ਦੇ ਰਹੇ ਹਨ ਕਿ “ਜਦ ਤੀਕ ਸ਼ਾਂਤੀ ਨਹੀ ਹੁੰਦੀ ਉਹ ਪਾਕਿਸਤਾਨ ਨਹੀ ਜਾਣਗੇ”
ਜਿਕਰ ਕਰਨਾ ਜਰੂਰੀ ਹੈ ਕਿ ਕੀ ਇਸਤੋਂ ਪਹਿਲਾਂ ਦੋ ਹਿੰਦ-ਪਾਕਿ ਜੰਗਾਂ ਨਹੀ ਹੋਈਆਂ? ਕੀ ਉਸ ਵਿੱਚ ਭਾਰਤੀ ਫੌਜੀ ਤੇ ਸਰਹੱਦੀ ਇਲਾਕਿਆਂ ਦੇ ਲੋਕ ਨਹੀ ਮਾਰੇ ਗਏ? ਕੀ ਇਹ ਵੀ ਸੱਚ ਨਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕੁਝ ਸਾਲ ਪਹਿਲਾਂ ਪਾਕਿਸਤਾਨ ਗਏ ਸਨ ਤਾਂ ਕੀ ਉਸਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਸਬੰਧ ਸੁਖਾਵੇਂ ਨਹੀ ਸਨ? ਰਹੀ ਗੱਲ, ਜਿਸ ਅੱਤਵਾਦ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੁੱਖ ਮੰਤਰੀ ਵਜੋਂ ਕੀਤੀ ਹੈ ਉਹ ਇੱਕ ਅੰਤਰਰਾਸ਼ਟਰੀ ਮੁੱਦਾ ਹੈ । ਸ਼ਾਇਦ ਉਹ ਇਹ ਜਰੂਰ ਭੁੱਲ ਗਏ ਹਨ ਕਿ ਉਨ੍ਹਾਂ ਦੀ ਸਿਆਸੀ ਪਾਰਟੀ ਸੂਬੇ ਵਿੱਚ ਫੈਲਾਏ ਸਰਕਾਰੀ ਅੱਤਵਾਦ ਦੀ ਦੋਸ਼ੀ ਜਰੂਰ ਰਹੀ ਹੈ।
ਮੁੱਖ ਮੰਤਰੀ ਦੇ ਨਾਲ ਹੀ ਸਟੇਜ ‘ਤੇ ਉਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਬੈਠੇ ਹਨ, ਜਿਨ੍ਹਾਂ ਖਿਲਾਫ ਗੁਰੂ ਦੀ ਬੇਅਦਬੀ ਅਤੇ ਸਿੱਖਾਂ ਦੇ ਕਤਲ ਦੀ ਜਾਂਚ ਲਈ ਕਮਿਸ਼ਨ ਦਾ ਗਠਨ ਉਨ੍ਹਾਂ ਨੇ ਹੀ ਕੀਤਾ ਸੀ। ਮੰਚ ਦੇ ਉੱਪਰ ਅਤੇ ਹੇਠਾਂ ਉਸ ਪਾਰਟੀ ਦੇ ਲੋਕ ਤੇ ਆਗੂ ਬੈਠੇ ਹਨ ਜਿਨ੍ਹਾਂ ਨੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਤੇ ਗੋਲੀਆਂ ਚਲਵਾਈਆਂ। ਪਰ ਜਦੋਂ ਇਹੀ ਲੋਕ ਸਟੇਜ ਤੇ ਬੈਠੇ ਉਪ-ਰਾਸ਼ਟਰਪਤੀ ਦੀ ਪ੍ਰਵਾਹ ਕੀਤੇ ਬਗੈਰ ਸਮਾਗਮ ਵਿੱਚ ਵਿਘਨ ਪਾਉਂਦੇ ਹਨ ਤਾਂ ਮੰਚ ਤੋਂ ਖਿੱਤੇ ਵਿੱਚ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਸ਼ਰਮ ਮਹਿਸੂਸ ਹੰਦੀ ਹੈ ਕਿ ਲੋਕਾਂ ਨੂੰ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਾਲੇ ਸਿਆਸਤਦਾਨ ਖੁੱਦ ਬਾਹਾਂ ਉਲਾਰ-ਉਲਾਰ ਇੱਕ ਦੂਜੇ ਤੇ ਚਿੱਕੜ ਸੁੱਟ ਰਹੇ ਹਨ।
ਹੁਣ ਵਾਰੀ ਹੈ ਪਾਕਿਸਤਾਨ ਸਰਕਾਰ ਵਲੋਂ ਕਰਤਾਰ ਪੁਰ ਲਾਂਘੇ ਲਈ ਕਰਵਾਏ ਜਾਣ ਵਾਲੇ ਸਮਾਗਮ ਦੀ ਜੋ 28 ਨਵੰਬਰ ਨੂੰ ਹੋ ਰਿਹੈ। ਇਸ ਸਮਾਗਮ ਵਿੱਚ ਸ਼ਮੂਲੀਅਤ ਲਈ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਨਾਮ ਵੀ ਸੱਦਾ ਪੱਤਰ ਭੇਜਿਆ ਗਿਆ ਹੈ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਮ ਵੀ, ਮੁਖ ਮੰਤਰੀ ਪੰਜਾਬ ਦੇ ਨਾਮ ਵੀ ਤੇ ਇੱਕ ਦੋਸਤ ਦੇ ਨਾਤੇ ਨਵਜੋਤ ਸਿੰਘ ਸਿੱਧੂ ਨੂੰ ਵੀ ।
ਜਦ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਕਰਵਾਏ ਸਮਾਗਮ ਵਿੱਚ ਨਾ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਜਰੂਰਤ ਸਮਝੀ ਗਈ ਤੇ ਨਾ ਹੀ ਅਕਾਲ ਤਖਤ ਸਾਹਿਬ ਦੇ ਕਿਸੇ ਜਥੇਦਾਰ ਦੀ। ਇਹ ਜਿਕਰ ਜਰੂਰ ਬਣਦਾ ਹੈ ਕਿ 18 ਸਤੰਬਰ ਨੂੰ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਸਰਕਾਰ ਦਾ ਇਰਾਦਾ ਸਾਹਮਣੇ ਆਉਣ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿਸਤਾਨੀ ਫੌਜ ਦੇ ਜਨਰਲ ਬਾਜਵਾ ਨੂੰ ਭਾਰਤੀ ਫੌਜੀਆਂ ਦਾ ਕਾਤਲ ਦੱਸਦਿਆਂ ਮਨ ਦੀ ਭੜਾਸ ਕੱਢੀ ਸੀ ਅਤੇ 28 ਨਵੰਬਰ ਨੂੰ ਜਿਸ ਸਮਾਗਮ ਵਿੱਚ ਬੀਬੀ ਬਾਦਲ ਹੁਣ ਸ਼ਾਮਿਲ ਹੋਣ ਜਾ ਰਹੇ ਹਨ ਉਸ ਵਿੱਚ ਜਨਰਲ ਬਾਜਵਾ ਜਰੂਰ ਸ਼ਾਮਿਲ ਹੋਣਗੇ।ਕੀ ਕੇਂਦਰੀ ਮੰਤਰੀ, ਬੀਤੇ ਕਲ੍ਹ ਦੀ ਸਟੇਜ ਵਾਂਗ ਜਨਰਲ ਬਾਜਵਾ ਨੂੰ ਵੀ ਸੱਚ ਸੁਣਾਉਣ ਦੀ ਫੋਕੀ ਦਲੇਰੀ ਵਿਖਾਲ ਸਕਣਗੇ? ਵੈਸੇ ਪਾਕਿਸਤਾਨ ਸਰਕਾਰ ਵਲੋਂ ਇਹ ਸੱਦਾ ਭਾਰਤ ਦੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਾਰਾਜ ਦੇ ਨਾਮ ਸੀ ਜਿਨ੍ਹਾਂ ਨੇ ਜਾਣ ਤੋਂ ਇਸ ਕਰਕੇ ਕਿਨਾਰਾ ਕੀਤਾ ਕਿ ਉਹ ਪਹਿਲਾਂ ਹੀ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੋਂ ਨਾਂਹ ਕਰ ਚੱੁਕੇ ਹਨ। ਜੇ ਹੁਣ ਚਲੇ ਜਾਂਦੇ ਤਾਂ ਸ਼ਰਮਿੰਦਾ ਹੋਣਾ ਪੈਣਾ ਸੀ। ਕਰਤਾਰਪੁਰ ਲਾਂਘੇ ਨਾਲ ਜੁੜੇ ਕਿਸੇ ਵੀ ਮਹਿਕਮੇ ਨਾਲ ਸਬੰਧਤ ਹੋਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਪਾਕਿਸਤਾਨ ਦੇ ਸਮਾਗਮ ਵਿੱਚ ਸ਼ਮੁਲ਼ੀਅਤ ਲਈ ਕਿਉਂ ਜਾ ਰਹੇ ਹਨ? ਕੀ ਹੁਣ ਜਨਰਲ ਬਾਜਵਾ ਦੋਸ਼ ਮੁਕਤ ਹੋ ਗਏ?
ਕੀ ਡੇਰਾ ਬਾਬਾ ਨਾਨਕ ਦੇ ਮੰਚ ਤੋਂ ਨਵੰਬਰ 84 ਦੇ ਕਾਤਲਾਂ ਨੂੰ ਸਜਾਵਾਂ ਮਿਲ ਚੁੱਕੀਆਂ ਹਨ ? ਕੀ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਮਗਰਮੱਛਾਂ ਨੂੰ ਸਜਾਵਾਂ ਮਿਲ ਚੁੱਕੀਆਂ ਹਨ? ਕੇਂਦਰ ਤੇ ਸੂਬਾ ਸਰਕਾਰ ਵਲੋਂ ਰੱਖੇ ਇਸ ਸਿਆਸੀ ਸਮਾਗਮ ਦੀ ਪ੍ਰਾਪਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਦਿਸ ਪਵੇਗੀ ਪਰ ਇਹ ਜਰੂਰ ਸਪਸ਼ਟ ਹੋਇਆ ਹੈ ਕਿ ਸਿਆਸਤਦਾਨ ਬਾਦਲਕੇ ਹੋਣ ਜਾਂ ਕਾਂਗਰਸੀ ਕਿਸੇ ਕੋਲੋਂ ਸਿੱਖਾਂ ਦੀ ਛੋਟੀ ਜਿਹੀ ਖੁਸ਼ੀ ਵੀ ਹਜਮ ਨਹੀ ਹੋਈ।