ਲੇਖ

ਡਾ. ਅੰਬੇਡਕਰ ਸਿੱਖ ਕਿਉ ਨਾਂ ਬਣ ਸਕੇ? ਦੋਸ਼ੀ ਕੌਣ? – ਲੇਖਕ ਮੱਲ ਸਿੰਘ (ਮੁੱਖ ਭਾਸ਼ਣ)

By ਸਿੱਖ ਸਿਆਸਤ ਬਿਊਰੋ

May 29, 2018

ਡਾ. ਅੰਬੇਡਕਰ ਸਿੱਖ ਕਿਉ ਨਾਂ ਬਣ ਸਕੇ? (ਦੋਸ਼ੀ ਕੌਣ) ਕਿਤਾਬ ਦੇ ਲੇਖਕ ਸ. ਮੱਲ ਸਿੰਘ ਵੱਲੋਂ 26 ਮਈ, 2018 ਨੂੰ ਡਾ. ਭੀਮ ਰਾਓ ਅੰਬੇਡਕਰ ਸਿੱਖ ਕੇਂਦਰ ਲੁਧਿਆਣਾ ਵਿਖੇ ਇਸ ਕਿਤਾਬ ਨੂੰ ਜਾਰੀ ਕਰਨ ਮੌਕੇ ਸਾਂਝਾ ਕੀਤਾ ਗਿਆ ਲਿਖਤੀ ਭਾਸ਼ਣ ਹੇਠਾਂ ਪਾਠਕਾਂ ਦੀ ਜਾਣਕਾਰੀ ਲਈ ਸਾਂਝਾ ਕਰ ਰਹੇ ਹਾਂ – ਸੰਪਾਦਕ।

‘‘ਬਦਕਿਸਮਤੀ ਨਾਲ ਮੈਂ ਹਿੰਦੂ ਪੈਦਾ ਹੋਇਆ ਹਾਂ, ਪਰ ਮੈਂ ਇੱਕ ਹਿੰਦੂ ਵਜੋਂ ਮਰਾਂਗਾ ਨਹੀਂ।’’

ਉਪਰੋਕਤ ਸ਼ਬਦ ਡਾ.ਅੰਬੇਡਕਰ ਜੀ ਨੇ ਡੇਢ ਘੰਟੇ ਦੇ ਭਾਸ਼ਣ ਵਿੱਚ ਐਲਾਨੀਆ ਤੌਰ ਤੇ ਯਿਉਲਾ (ਨਾਸਿਕ, ਮਹਾਂਰਾਸ਼ਟਰ) ਨਾਂ ਦੇ ਸਥਾਨ ਤੇ ਮਿਤੀ 12-13 ਅਕਤੂਬਰ 1935 ਨੂੰ ਦਸ ਹਜ਼ਾਰ ਲੋਕਾਂ ਦੇ ਇਕੱਠ ਵਾਲੀ ਕਾਨਫਰੰਸ ਵਿੱਚ ਬੋਲੇ। ਜਾਤ ਪਾਤੀ ਹਿੰਦੂਆਂ ਦੇ ਮੋਹਰੇ ਗਾਂਧੀ ਨੇ ਫੌਰੀ ਤੌਰ ਤੇ ਵਿਰੋਧ ਕੀਤਾ ਤੇ ਬਾਅਦ ਵਿੱਚ ਵੀ ਬਿਆਨ ਬਾਜੀ ਕਰਦਾ ਰਿਹਾ। ਬੰਬਈ ਦੀ ਛੋਟੀ ਜਿਹੀ ਸਿੱਖ ਬਰਾਦਰੀ ‘ਸਿੰਘ ਸਭਾ’ ਦੇ ਪ੍ਰਧਾਨ ਸ. ਗੁਰਦਿੱਤ ਸਿੰਘ ਸੇਠੀ ਨੇ ਉਪਰੋਕਤ ਮਹੀਨੇ ਦੇ ਅਖੀਰ ਵਿੱਚ ਡਾ. ਅੰਬੇਡਕਰ ਜੀ ਨੂੰ ਮਿਲ ਕੇ ਸਿੱਖ ਧਰਮ ਅਪਣਾ ਲੈਣ ਦੀ ਦਾਅਵਤ ਦਿੱਤੀ ਤੇ ਅਗਲੇ ਮਹੀਨੇ ਗੁਰੂ ਨਾਨਕ ਗੁਰਪੁਰਬ ਦੇ ਸਮਾਗਮ ਚ’ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜੋ ਕਿ 8 ਨਵੰਬਰ ਤੋਂ ਬਾਅਦ ਐਤਵਾਰ ਨੂੰ ਆ ਰਿਹਾ ਸੀ। ਡਾ. ਸਾਹਿਬ ਸ਼ਾਮਿਲ ਹੋਏ ਅਤੇ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਬਾਰੇ ਭਾਸ਼ਣ ਵੀ ਦਿੱਤਾ। ਸ.ਗੁਰਦਿੱਤ ਸਿੰਘ ਸੇਠੀ ਨੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਦੇ ਮੈਨੇਜਰ ਨਾਲ ਰਾਬਤਾ ਕਾਇਮ ਕੀਤਾ ਜਿਸ ਨੇ ਅੱਗੇ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਬਣਾ ਨਰੈਣ ਸਿੰਘ ਅਛੂਤ ਕਾਨਫਰੰਸ ਵਿੱਚ ਭਾਗ ਲੈਣ ਲਈ ਪੂਨਾ ਪਹੁੰਚੇ। ਭਾਈ ਸਮੁੰਦ ਸਿੰਘ ਦੇ ਰਾਗੀ ਜੱਥੇ ਨੇ ਕੀਰਤਨ ਕੀਤਾ। ਸਿੱਖ ਬੁਲਾਰਿਆਂ ਨੇ ਉਥੋਂ ਦੀ ਭਾਸ਼ਾ ਵਿੱਚ ਤਕਰੀਰਾਂ ਕੀਤੀਆਂ ਅਤੇ ਧਾਰਮਿਕ ਵਿਸ਼ਿਆਂ ਤੇ ਕਿਤਾਬਚੇ ਵੰਡੇ ਤੇ ਲੰਗਰ ਲਗਾਇਆ। ਡਾ. ਸਾਹਿਬ ਤੇ ਡਾ. ਸੋਲੰਕੀ 13 ਜਨਵਰੀ 1936 ਨੂੰ ਦੋਵੇਂ ਸਿੱਖ ਕੀਰਤਨ ਦਰਬਾਰ ਵਿੱਚ ਸ਼ਾਮਿਲ ਹੋਏ। ਮਿਤੀ 25 ਜਨਵਰੀ ਨੂੰ ਪੰਜਾਬ ਤੋਂ ਗਿਆ ਜੱਥਾ ਵਾਪਿਸ ਲਾਹੌਰ ਆ ਗਿਆ। ਨਨਕਾਣਾ ਸਾਹਿਬ ਵਾਲੀ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਗੁਰੂ ਨਾਨਕ ਪ੍ਰਚਾਰ ਟਰੱਸਟ’ ਕਾਇਮ ਕੀਤਾ। ਅਪ੍ਰੈਲ 1936 ਨੂੰ ਮਹਿਤਾਬ ਸਿੰਘ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਸਾਂਝੀ ਮੀਟਿੰਗ ਵਿੱਚ ਮਾ. ਤਾਰਾ ਸਿੰਘ ਨੂੰ ਪ੍ਰਧਾਨ ਚੁਣ ‘ਸਰਬ ਹਿੰਦ ਸਿੱਖ ਮਿਸ਼ਨ’ ਨਾਂ ਦੀ ਜੱਥੇਬੰਦੀ ਖੜੀ ਕਰ ਕੇ ਸਿੱਖ ਮਿਸ਼ਨਰੀ ਕਾਲਜ ਵੀ ਇਨ੍ਹਾਂ ਹਵਾਲੇ ਕਰ ਦਿੱਤਾ ਗਿਆ। ਪ੍ਰੋਗਰਾਮ ਅਨੁਸਾਰ ਡਾ. ਅੰਬੇਡਕਰ ਜੀ ਨੂੰ ਵਿਸਾਖੀ ਤੇ ‘ਗੁਰਮਤਿ ਪ੍ਰਚਾਰ ਕਾਨਫਰੰਸ’ ਅੰਮ੍ਰਿਤਸਰ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਜਿਆ ਜੋ ਕਿ 11-04-1936 ਨੂੰ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨੇ ਦਸਤਾਰ ਸਜਾਈ ਹੋਈ ਸੀ। ਉਨ੍ਹਾਂ ਨੂੰ ਘੋੜਿਆਂ ਵਾਲੀ ਬੱਘੀ ਵਿੱਚ ਬਿਠਾ ਕੇ ਨਾਲ ਪ੍ਰਧਾਨ ਵਿਸਾਖਾ ਸਿੰਘ ਬੈਠੇ ਤੇ ਅੰਮ੍ਰਿਤਸਰ ਸ਼ਹਿਰ ਚ’ ਸਨਮਾਨ ਵਜੋਂ ਫੇਰੀ ਲਗਾਈ ਗਈ। ‘ਸਿੰਘ ਸਭਾ’ ਅੰਮ੍ਰਿਤਸਰ ਦੇ ਪ੍ਰਧਾਨ ਸ. ਹੁਕਮ ਸਿੰਘ ਵੱਲੋਂ ਡਾ. ਅੰਬੇਡਕਰ ਜੀ ਦੇ ਸਨਮਾਨ ਵਿੱਚ ਰਾਤ ਦਾ ਖਾਣਾ ਦਿੱਤਾ ਗਿਆ। ਮਿਤੀ 12 ਅਪ੍ਰੈਲ 1936 ਨੂੰ ਸਟੇਜ ਤੇ ਡਾ. ਅੰਬੇਡਕਰ ਜੀ ਨੇ ਸੰਖੇਪ ਜਿਹੇ ਭਾਸ਼ਣ ਚ’ ਕਿਹਾ ਕਿ ਉਹ ਸਿੱਖ ਧਰਮ ਨੂੰ ਚਾਹੁੰਦੇ ਹਨ ਤੇ ਕਾਨਫਰੰਸ ਚ’ ਇਹ ਵੀ ਕਿਹਾ ਕਿ ਬੰਬਈ ਦਾਦਰ ਵਿੱਚ ਇੱਕ ਪਿੰ੍ਰਟਿੰਗ ਪ੍ਰੈਸ ਲਗਾਈ ਜਾਵੇ ਅਤੇ ਦੂਸਰਾ ਇੱਕ ਕਾਲਜ ਬੱਚਿਆਂ ਲਈ ਖੋਲ੍ਹਿਆ ਜਾਏ। ਉਨ੍ਹਾਂ ਦਾ ਭਤੀਜਾ ਇਸ ਦੌਰਾਨ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਪੰਜਾਬ ਦੇ ਹਿੰਦੂ ਇਹ ਦੇਖ ਸੁਣ ਕੇ ਸੜ ਸੁਆਹ ਹੋ ਗਏ। ਡਾ.ਸਾਹਿਬ ਵਾਪਿਸ ਪਰਤ ਗਏ। ‘ਸਰਬ ਹਿੰਦ ਸਿੱਖ ਮਿਸ਼ਨ’ ਨੇ ਫੌਰੀ ਇੰਤਜਾਮ ਕਰਕੇ ਦੋਵੇਂ ਕਾਰਜ ਸ਼ੁਰੂ ਕਰਵਾ ਦਿੱਤੇ। ਡਾ. ਅੰਬੇਡਕਰ ਜੀ ਨੇ ਮਹਾਰ ਕਬੀਲੇ ਦੀ ਇੱਕ ਕਾਨਫਰੰਸ ਮਿਤੀ 30-31 ਮਈ 1936 ਨੂੰ ਬੁਲਾਈ ਜਿਸ ਵਿੱਚ 35000 ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। ਡਾ.ਸਾਹਿਬ ਨੇ ਕਾਫੀ ਲੰਬੇ ਭਾਸ਼ਣ ਵਿੱਚ ਕਿਹਾ ਕਿ ਅਗਲੇ ਪੜਾਅ ਦੇ ਪ੍ਰੋਗਰਾਮ ਲਈ ਤਿਆਰ ਰਹੋ ਤਾਂ ਕਿ ਇੱਕੋ ਦਿਨ ਜਦ ਮੈਂ ਕਹਾਂ 7 ਕਰੋੜ ਅਛੂਤ ਧਰਮ ਬਦਲੀ ਕਰ ਲੈਣ ਪਰ ਅਜੇ ਕਿਸੇ ਵਿਸ਼ੇਸ਼ ਧਰਮ ਦਾ ਪ੍ਰਚਾਰ ਨਹੀਂ ਕਰਨਾ।

ਡਾ. ਅੰਬੇਡਕਰ ਗਾਂਧੀ ਦੇ ਬੁਲਾਉਣ ਤੇ ਮਿਤੀ 05-05-1936 ਨੂੰ ਉਸ ਨੂੰ ਮਿਲੇ। ਗਾਂਧੀ ਨੇ ਕਿਹਾ ਕਿ ਧਰਮ ਬਦਲੀ ਦਾ ਪ੍ਰੋਗਰਾਮ 10 ਸਾਲਾਂ ਲਈ ਰੋਕ ਦਿੱਤਾ ਜਾਵੇ। ਪਰ ਡਾ. ਅੰਬੇਡਕਰ ਜੀ ਨਾ ਮੰਨੇ। ਵਿਰੋਧ ਨੂੰ ਦੇਖਦਿਆਂ ਡਾ. ਸਾਹਿਬ ਨੇ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਹਿੰਦੂ ਮਹਾਂਸਭਾ ਨਾਲ ਗੱਲਬਾਤ ਤੋਰਨ ਦਾ ਫੈਸਲਾ ਕੀਤਾ । ਇਟਲੀ ਦਾ ਬੋਧੀ ਭਿਕਸ਼ੂ 10 ਜੂਨ 1936 ਨੂੰ ਡਾ. ਅੰਬੇਡਕਰ ਜੀ ਨੂੰ ਮਿਲਿਆ ਤਾਂ ਕਿ ਉਨ੍ਹਾਂ ਨੂੰ ਬੁੱਧ ਧੰਮ ਨੂੰ ਅਖਤਿਆਰ ਕਰਨ ਲਈ ਮਨਾ ਸਕਣ ਪਰ ਡਾ. ਸਾਹਿਬ ਨੇ ਉਨ੍ਹਾਂ ਨੂੰ ਪੱਕਾ ਜਵਾਬ ਨਾ ਦਿੱਤਾ। 15 ਜੂਨ ਤੱਕ ਸਿੱਖ ਨੁਮਾਇੰਦਿਆਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ। ਮਾਸਟਰ ਸੁਜਾਨ ਸਿੰਘ ਗਾਂਧੀ ਨੂੰ ਪੁੱਛਣ ਗਿਆ ਕਿ ਜੇਕਰ ਡਾ. ਅੰਬੇਡਕਰ ਸਿੱਖ ਧਰਮ ਅਪਨਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਤਰਾਜ ਕਿਉਂ ਹੈ? ਗਾਂਧੀ ਨੇ ਕਿਹਾ ਅਰੇ ਸਰਦਾਰ ਮੇਰੇ ਪਾਸ ਔਰ ਟਾਈਮ ਨਹੀਂ ਹੈ। ਮਾਸਟਰ ਸੁਜਾਨ ਸਿੰਘ ਇਹ ਕਹਿ ਕੇ ਵਾਪਿਸ ਆ ਗਿਆ ਕਿ ਮਹਾਤਮਾ ਜੀ ਤੁਸੀਂ ਇੱਕ ਮੱਕਾਰ ਵਿਅਕਤੀ ਹੋ। ਸ. ਕੇਹਰ ਸਿੰਘ ਹੈਡ ਮਾਸਟਰ ਸਕੱਤਰ ‘ਸਿੱਖ ਪ੍ਰਚਾਰ ਮਿਸ਼ਨ ਨੇ ਇੱਕ ਵਿਸ਼ੇਸ਼ ਖੁਫੀਆ ਮੀਟਿੰਗ ਡਾ. ਸਾਹਿਬ ਜੀ ਨਾਲ ਕੀਤੀ ਤਾਂ ਕਿ ਦੱਬੀਆਂ ਕੁਚਲੀਆਂ ਜਾਤਾਂ ਦੇ ਸਿੱਖ ਧਰਮ ਅਪਨਾਉਣ ਸੰਬੰਧੀ ਇੱਕ ਮੁਕੰਮਲ ਪ੍ਰੋਗਰਾਮ ਉਲੀਕ ਲਿਆ ਜਾਏ। ਉਧਰ ਜੁਗਲ ਕਿਸ਼ੋਰ ਬਿਰਲਾ ਨੇ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਡਾ. ਬੀ.ਐਸ ਮੂੰਜੇ ਨੂੰ ਡਾ. ਅੰਬੇਡਕਰ ਜੀ ਦੀ ਸਹਿਮਤੀ ਨਾਲ ਦਿੱਲੀ ਤੋਂ ਬੰਬਈ ਬੁਲਾਇਆ। ਮਿਤੀ 18-06-1936 ਨੂੰ ਰਾਜਗ੍ਰਹਿ ਬੰਬਈ ਡਾ. ਸਾਹਿਬ ਜੀ ਦੇ ਘਰ ਬੈਠ ਕੇ ਲੰਬੀ ਗੱਲਬਾਤ ਤੋ ਬਾਅਦ ਸਿੱਟੇ ਤੇ ਪਹੰੁਚ ਇੱਕ ‘ਨਿੱਜੀ ਤੇ ਗੁਪਤ ਸਮਝੌਤਾ’ ਤਿਆਰ ਕੀਤਾ ਗਿਆ। ਇਸ ਨੂੰ ‘ਡਾ. ਅੰਬੇਡਕਰ ਫਾਰਮੂਲਾ ਅਤੇ ਸਟੇਟਮੈਂਟ’ ਦਾ ਨਾਮ ਦਿੱਤਾ ਗਿਆ। ਮਿਤੀ 22-06-1936 ਨੂੰ ਡਾ. ਮੂੰਜੇ ਇਹ ਕਾਪੀ ਆਪਣੇ ਨਾਲ ਦਿੱਲੀ ਲੈ ਗਿਆ ਤਾਂ ਕਿ ਹਿੰਦੂ ਮਹਾਂ ਸਭਾ ਅੱਗੇ ਰੱਖੀ ਜਾਵੇ ਤੇ ਇਸ ਨੇ ਆਪਣੇ ਵੱਲੋਂ ਚਿੱਠੀ ਲਿਖ ਕੇ ਨਾਲ ਹੀ ਉਪਰੋਕਤ ਦਸਤਾਵੇਜ ਮਦਰਾਸ ਦੇ ਇੱਕ ਅਛੂਤ ਰਾਓ ਬਹਾਦਰ ਐਮ.ਸੀ ਰਾਜਾ ਨੂੰ ਭੇਜ ਦਿੱਤਾ ਜਿਸ ਦਾ ਇਸ ਮਾਮਲੇ ਨਾਲ ਕੋਈ ਸਰੋਕਾਰ ਹੀ ਨਹੀਂ ਸੀ। ਮਦਰਾਸ ਦਾ ਇਹ ਵਿਅਕਤੀ ਪੱਕਾ ਗਾਂਧੀ ਭਗਤ ਤੇ ਕਾਂਗਰਸ ਪਾਰਟੀ ਵੱਲੋਂ ਅੰਗਰੇਜ ਭਾਰਤੀ ‘ਸੈਂਟਰਲ ਅਸੈਂਬਲੀ’ ਦਾ ਮੈਂਬਰ ਸੀ। ਇਸ ਨੇ ਇਹ ਗੁਪਤ ਤੇ ਨਿਜੀ ਦਸਤਾਵੇਜ ਨੂੰ ਡਾ. ਅੰਬੇਡਕਰ ਜੀ ਦੀ ਆਗਿਆ ਲੈਣ ਤੋਂ ਬਗੈਰ ਹੀ ਅਖਬਾਰ ਨੂੰ ਭੇਜ ਕੇ ‘ ਬੰਬੇ ਕਰੋਨੀਕਲ’ ਦੇ ਮਿਤੀ 08-08-1936 ਚ’ ਛਪਵਾ ਦਿੱਤਾ। ਡਾ. ਅੰਬੇਡਕਰ ਜੀ ਨੇ 15 ਅਗਸਤ 1936 ਦੇ ‘ਜਨਤਾ ਅਖਬਾਰ’ ਚ’ ਉਪਰੋਕਤ ਕਾਰਵਾਈ ਦੇ ਖਿਲਾਫ ਲਾਹਣਤ ਪਾ ਨਿਖੇਧੀ ਕੀਤੀ ਤੇ ਇਸ ਮਾਮਲੇ ਨੂੰ ਹਿੰਦੂਆਂ ਅੱਗੇ ਖੁਲੇ ਛੱਡ ਪੰਜ ਬੰਦਿਆਂ ਨੂੰ ਦੋਸ਼ੀ ਠਹਿਰਾਇਆ। ਹੁਣ ਡਾ. ਅੰਬੇਡਕਰ ਜੀ ਨਾਲ ਨਾਸਿਕ ਕਬੀਰ ਮੱਠ ਦੇ ਸ਼ੰਕਰਾਚਾਰੀਆ ਡਾ. ਕੁਰਤਾ ਕੋਟੀ ਹੀ ਰਹਿ ਗਏ ਸਨ।

‘ਹਿੰਦੂ ਮਹਾਂਸਭਾ’ ਦਾ ਲਾਹੌਰ ਸੈਸ਼ਨ ਸਤੰਬਰ-ਅਕਤੂਬਰ 1936 ਨੂੰ ਹੋਣ ਜਾ ਰਿਹਾ ਸੀ ਜਿਸ ਵਿੱਚ ਡਾ. ਕੁਰਤਾ ਕੋਟੀ ਨੇ ਸਿੱਖਾਂ ਦੀ ਵੱਡੀ ਸਿਫਤ ਕੀਤੀ ਅਤੇ ਜੋਰ ਦੇ ਕੇ ਡਾ. ਅੰਬੇਡਕਰ ਜੀ ਦਾ ਪੱਖ ਰੱਖਦਿਆਂ ਕਿਹਾ ਕਿ ਜੇਕਰ ਅਛੂਤ ਸਿੱਖਇਜਮ ਅਪਨਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਜਾਜਤ ਹੋਣੀ ਚਾਹੀਦੀ ਹੈ ਪਰ ਬੇਈਮਾਨ ਹਿੰਦੂ ਮਹਾਂਸਭਾ ਕਿਸੇ ਪੱਤਣ ਨਾਂ ਲੱਗੀ ਅਤੇ ਡਾ. ਅੰਬੇਡਕਰ 08-11-1936 ਨੰੂ ਵਿਦੇਸ਼ ਯਾਤਰਾ ਤੇ ਚਲੇ ਗਏ। ਉਨ੍ਹਾਂ ਨੇ ਵੀਆਨਾ ਅਤੇ ਬਰਲਿਨ ਦੇ ਸੰਸਾਰ ਪੱਧਰ ਦੇ ਕਾਨੂੰਨਦਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ। ਫਿਰ ਜਰਮਨ ਤੋਂ ਇੰਗਲੈਂਡ ਵਾਪਿਸ ਆ ਕੇ ਉੱਥੋਂ ਦੇ ਸਟੇਟਸਮੈਨਾਂ ਨਾਲ ਮੁਲਾਕਾਤ ਕੀਤੀ ਤਾਂ ਕਿ ਪੂਨਾ ਪੈਕਟ ਦੀ ਰੌਸ਼ਨੀ ’ਚ ਸਿੱਖਾਂ ਲਈ ਸਾਰੇ ਦੇਸ਼ ਅੰਦਰ ਭਵਿੱਖ ਵਾਸਤੇ ਰਾਜਨੀਤਿਕ ਹੱਕ ਸੁਰੱਖਿਅਤ ਕਰਵਾ ਲਏ ਜਾਣ ਜੋ ਕਿ ਪਹਿਲਾਂ ਪੰਜਾਬ ਤੱਕ ਹੀ ਸੀਮਿਤ ਸਨ। ਪਰ ਸਟੇਟਸਮੈਨਾਂ ਨੇ ਕਿਹਾ ਕਿ ਅਛੂਤਾਂ ਦੇ ਪੱਖ ’ਚ ਜੋ ਅਸੀਂ ਵੱਧ ਤੋਂ ਵੱਧ ਕਰ ਸਕਦੇ ਸੀ ਅੰਗਰੇਜ਼ ਭਾਰਤੀ ਸਰਕਾਰ ਕਰ ਚੁੱਕੀ ਹੈ। ਹੁਣ ਇਸ ਪੁਰਾਣੇ ਪਏ ਮਸਲੇ ਨੂੰ ਦੋਬਾਰਾ ਖੋਲ੍ਹਣ ਦਾ ਕੋਈ ਫਾਇਦਾ ਨਹੀਂ। ਡਾ. ਸਾਹਿਬ 14 ਜਨਵਰੀ ਨੂੰ ਵਾਪਿਸ ਭਾਰਤ ਆ ਗਏ। ਪਤਰਕਾਰਾਂ ਨੇ ਡਾ. ਅੰਬੇਡਕਰ ਨੂੰ ਧਰਮ ਬਦਲੀ ਸੰਬੰਧੀ ਸਵਾਲ ਪੱੁਛਿਆ ਤਾਂ ਉਨ੍ਹਾਂ ਕਿਹਾ ਕਿ ਧਰਮ ਬਦਲੀ ਦੇ ਫੈਸਲੇ ਬਾਰੇ ਯਾਦ ਰੱਖਿਆ ਹੈ ਚਾਹੇ ਉਸ ਨੇ ਆਪਣਾ ਮਨ ਅਜੇ ਨਹੀਂ ਬਣਾਇਆ ਕਿ ਉਹ ਕਿਹੜਾ ਧਰਮ ਅਪਣਾਏਗਾ? ਅੱਗੇ ਬੰਬਈ ਅਸੈਂਬਲੀ ਦੀਆਂ ਚੋਣਾਂ 17 ਫਰਵਰੀ 1937 ਨੂੰ ਸਿਰ ਤੇ ਸਨ। ਡਾ. ਸਾਹਿਬ ਚਾਹੁੰਦੇ ਸਨ ਕਿ ਇਹ ਅਮਲ ਅਮਨ ਅਮਾਨ ਨਾਲ ਸਿਰੇ ਚੜ ਸਕੇ ਜਦ ਕਿ ਧਰਮ ਬਦਲੀ ਦਾ ਮਾਮਲਾ ਵੀ ਸਿਰ ਤੇ ਲਟਕ ਰਿਹਾ ਸੀ। ਉਸ ਦੇ ਸਾਹਮਣੇ ਫੌਰੀ ਮਸਲਾ ਆ ਰਹੀਆਂ ਚੋਣਾਂ ਦਾ ਸੀ। 22 ਮਾਰਚ 1937 ਨੂੰ ਉਧਰ ਪੰਜਾਬ ਤੋਂ ਸ. ਨਰੈਣ ਸਿੰਘ ਮੈਨੇਜਰ ਤੇ ਸ. ਆਤਮਾ ਸਿੰਘ ਨੇ ਪੈਸੇ ਦਾ ਯੋਗ ਪ੍ਰਬੰਧ ਕਰਕੇ ‘ਬੰਬਈ ਦਾਦਰ ਨਯਾ ਗਾਓਂ ਕਾਲਜ’ ਦੇ ਕੰਮ ਵਿੱਚ ਬੰਬਈ ਪਹੁੰਚ ਕੇ ਤੇਜੀ ਲੈ ਆਂਦੀ ਤੇ ਕੰਮ ਰਾਤ 2 ਵਜੇ ਤੱਕ ਚਲਦਾ ਰਹਿੰਦਾ ਅਤੇ ਇਹ ਖੜ੍ਹੇ ਖੜ੍ਹੇ ਹੀ ਪ੍ਰਸ਼ਾਦਾ ਛੱਕਦੇ ।

ਅਛੂਤਾਂ ਦੇ ਸਿੱਖ ਧਰਮ ਅਪਨਾਉਣ ਸੰਬੰਧੀ ਨਿਰਣਾਇਕ ਗੱਲਬਾਤ ਕਰਨ ਲਈ ਪੰਜਾਬ ਤੋਂ ਸਿੱਖਾਂ ਦਾ ਜੱਥਾ ਬਾਵਾ ਹਰਿਸ਼ਨ ਸਿੰਘ ਤੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਆਦਿ ਪੰਜ ਮੈਬਰ ਬੰਬਈ ਪਹੁੰਚ ਕੇ ਸ. ਨਰੈਣ ਸਿੰਘ, ਸ. ਆਤਮਾ ਸਿੰਘ ਤੇ ਪ੍ਰਧਾਨ ਗੁਰਦਿੱਤ ਸਿੰਘ ਸੇਠੀ ਨੂੰ ਨਾਲ ਲੈ ਕੇ ਡਾ. ਅੰਬੇਡਕਰ ਜੀ ਨੂੰ ਬੰਬਈ ਤੋਂ 70 ਮੀਲ ਦੂਰ ਜਜੀਰੇ ਵਿੱਚ ਜਾ ਮਿਲੇ ਜਿੱਥੇ ਉਹ ਗਰਮੀਆਂ ਦੀਆਂ ਛੁੱਟੀਆਂ ਮਨਾਂ ਰਹੇ ਸਨ। ਡਾ. ਸਾਹਿਬ ਨੂੰ ਸਿੱਖ ਧਰਮ ਅਪਨਾਉਣ ਬਾਰੇ ਪੁੱਛਿਆ ਕਿ ਉਨ੍ਹਾਂ ਨੇ ਮਨ ਬਣਾ ਲਿਆ ਹੈ ਕਿ ਨਹੀਂ? ਜਾਂ ਵਿਚਾਰ ਲਈ ਹੋਰ ਸਮਾਂ ਚਾਹੀਦਾ ਹੈ ਜਾਂ ਪ੍ਰੋਗਰਾਮ ਗੁਪਤ ਰੱਖਣਾ ਹੈ । ਡਾ. ਅੰਬੇਡਕਰ ਜੀ ਨੇ ਜਵਾਬ ਵਿੱਚ ਕਿਹਾ ਕਿ ਮੈਂ ਅਜੇ ਆਪਣਾ ਮਨ ਨਹੀਂ ਬਣਾ ਸਕਿਆ ਤੇ ਸ਼ਾਇਦ ਬਣਾ ਵੀ ਨਾਂ ਸਕਾਂ ਕਿਉਕਿ ਮੇਰੇ ਨਾਲੋਂ ਮੇਰੇ ਸਾਰੇ ਸਹਿਯੋਗੀਆਂ ਨੂੰ ਪਾੜ ਕੇ ਪਰ੍ਹੇ ਕਰ ਦਿੱਤਾ ਗਿਆ ਹੈ ਤੇ ਹੁਣ ਮੈਂ ਇਕੱਲਾ ਰਹਿ ਗਿਆ ਹਾਂ। ਡਾ. ਅੰਬੇਡਕਰ ਜੀ ਨੂੰ ਅਛੂਤਾਂ ਦੇ ਮਨੁੱਖੀ ਤੇ ਸ਼ਹਿਰੀ ਹੱਕ ਤੇ ਜਾਨ ਮਾਲ ਜਿਆਦਾ ਪਿਆਰੇ ਸਨ ਕਿਉਕਿ ਧਰਮ ਬਦਲੀ ਦੀ ਸੂਰਤ ਵਿੱਚ ਇਹ ਹਿੰਦੂ ਉਨ੍ਹਾਂ ਦਾ ਕਤਲੇਆਮ, ਸਾੜ ਫੂਕ ਤੇ ਹੋਰ ਜੁਲਮ ਸਾਰੇ ਦੇਸ਼ ਅੰਦਰ ਢਾਅ ਸਕਦੇ ਸਨ। ਡਾ. ਅੰਬੇਡਕਰ ਜੀ ਨੇ ਰਾਓ ਬਹਾਦੁਰ ਐਮ. ਸੀ. ਰਾਜਾ ਦੁਆਰਾ ਅਣ ਅਧਿਕਾਰਤ ਤੌਰ ਤੇ ‘ਫਾਰਮੂਲਾ ਅਤੇ ਸਟੇਟਮੈਂਟ’ ਨੂੰ ਅਖਬਾਰਾਂ ਵਿੱਚ ਛਾਇਆ ਕਰਵਾਉਣ ਦਾ ਅਰਥ ਹਿੰਦੂਆਂ ਨਾਲ ਗਲਬਾਤ ਦਾ ਅੰਤ ਸਮਝਿਆ ਜਾਵੇ। ਤੇ ਅੱਗੇ ਤੋਂ ਬਾਬਾ ਸਾਹਿਬ ਨੇ ਸਿੱਖਇਜਮ ਚ’ ਦਿਲਚਸਪੀ ਨਾਂ ਲਈ, ਨਾਂ ਹੀ ਕਦੇ ਸਿੱਖ ਲੀਡਰਾਂ ਖਿਲਾਫ ਕੋਈ ਬਿਆਨ ਹੀ ਦਿੱਤਾ ਅਤੇ ਨਾਂ ਹੀ ਸਿੱਖਾਂ ਵਿਰੁੱਧ ਜਾਂ ਮਾਸਟਰ ਤਾਰਾ ਸਿੰਘ ਵਿਰੁੱਧ ਆਪਣੀਆਂ ‘ਲਿਖਤਾਂ ਤੇ ਭਾਸ਼ਣਾ ਚ’ ਕੁਝ ਲਿਖਿਆ ਹੈ ਜੋ ਮਹਾਂਰਾਸ਼ਟਰ ਸਰਕਾਰ ਨੇ ਸੰਪਾਦਿਤ ਕਰਵਾ ਕੇ ਜਾਰੀ ਕੀਤੀਆਂ ਹਨ। ਡਾ. ਅੰਬੇਡਕਰ ਜੀ ਤੇ ਸਿੱਖ ਲੀਡਰਸ਼ਿਪ ਦੇ ਪੱਖ ਅਤੇ ਰੋਲ ਤੇ ਕੋਈ ਕਮੀ ਨਜਰ ਨਹੀਂ ਆਉਦੀ। ਫਿਰ ਦੋਸ਼ੀ ਕੌਣ ਹਨ? ਜਿਸ ਕਰਕੇ ਡਾ. ਅੰਬੇਡਕਰ ਸਿੱਖ ਨਾਂ ਬਣ ਸਕੇ।-

ਡਾ.ਅੰਬੇਡਕਰ ਨੇ ਆਪਣੀ ਲਿਖਤ ਵਿੱਚ –

1) ਮਿਸਟਰ ਗਾਂਧੀ; 2) ਰਾਓ ਬਹਾਦੁਰ ਐਮ.ਸੀ ਰਾਜਾ; 3) ਡਾ. ਬੀ.ਐਸ ਮੂੰਜੇ; 4) ਰਾਜ ਗੋਪਾਲ ਆਚਾਰੀਆ ਤੇ 5) ਮਦਨ ਮੋਹਨ ਮਾਲਵੀਆ ਆਦਿ ਨੂੰ ਦੋਸ਼ੀ ਨਾਮਜਦ ਕੀਤਾ ਹੈ।

ਧਰਮ ਬਦਲੀ ਦੇ ਹੋਰ ਦੋਸ਼ੀ ਹੇਠ ਲਿਖੇ ਸਾਬਿਤ ਹੁੰਦੇ ਹਨ

1) ਇੰਡੀਅਨ ਨੈਸ਼ਨਲ ਕਾਂਗਰਸ; 2) ਦੇਸ਼ ਦਾ ਹਰ ਹਿੰਦੂ; 3) ਆਰੀਆ ਸਮਾਜੀ ਖਾਸ ਕਰ ਪੰਜਾਬ ਦੇ; 4) ਹਿੰਦੂ ਮਹਾਂ ਸਭਾ; 5) ਜਾਤ ਪਾਤ ਤੋੜਕ ਮੰਡਲ ਪੰਜਾਬ; 6) ਮੂਲਨਿਵਾਸੀਆਂ ਵਿੱਚੋਂ ਗੱਦਾਰ ਤੇ ਗਾਂਧੀ ਦੇ ਭਗਤ ਕਾਂਗਰਸੀ ਅਛੂਤ ਲੀਡਰ ਆਦਿ।

ਹਥਲੀ ਪੁਸਤਕ ਵਿੱਚ ਡਾ. ਅੰਬੇਡਕਰ ਸਿੱਖ ਕਿਉ ਨਾਂ ਬਣ ਸਕੇ ? (ਦੋਸ਼ੀ ਕੌਣ) ਦੇ ਵਿਚਾਰ ਤੇ ਪ੍ਰਚਾਰ ਨੂੰ ਪੰਜਾਬ ਭਾਰਤ ਤੇ ਵਿਦੇਸ਼ਾਂ ਵਿੱਚ ਸਿੱਖ ਲੀਡਰਸ਼ਿਪ ਦੇ ਸਿਰ ਮੜ੍ਹਨ ਦਾ ਆਧਾਰ ਕਿਸ ਕਾਰਨ ਤੇ ਕਿੱਥੋਂ ਮੁਹੱਈਆ ਹੋਇਆ, ਹਥਲੀ ਪੁਸਤਕ ਵਿੱਚ ਇਹ ਵੀ ਬਿਆਨ ਕੀਤਾ ਗਿਆ ਹੈ ਜਿਸ ਦਾ ਸਾਰ ਇਸ ਪ੍ਰਕਾਰ ਹੈ-

ਹੱਥਲੀ ਪੁਸਤਕ ਵਿੱਚ ਮੈਂ ਡਾ. ਅੰਬੇਡਕਰ ਜੀ ਦੀਆਂ ਆਪਣੀਆਂ ਲਿਖਤਾਂ ਵਿੱਚੋਂ ਉਨ੍ਹਾਂ ਦੁਆਰਾ ਸਿੱਖ ਧਰਮ ਨਾਂ ਅਪਣਾ ਸਕਣ ਦੇ ਕਾਰਨਾਂ ਨੂੰ ਸਾਹਮਣੇ ਕਰ ਦਿੱਤਾ ਹੈ। ਮੇਰਾ ਵਿਚਾਰ ਹੈ ਕਿ ਸਮਾਜ ਸੁਧਾਰ ਦੀ ਲਹਿਰ ਨੂੰ ਵੀ ਜੋਰ ਸ਼ੋਰ ਨਾਲ ਸ਼ੁਰੂ ਕਰਨਾ ਬਣਦਾ ਹੈ। ਐਸ.ਸੀ/ਐਸ.ਟੀ/ਓ.ਬੀ.ਸੀ/ ਰਿਲੀਜੀਅਸ ਮਾਇਨਾਰਟੀਜ (ਬੋਧੀ, ਮੁਸਲਿਮ, ਸਿੱਖ, ਈਸਾਈ) ਤਕਰੀਬਨ 87% ਲੋਕਾਂ ਉੱਪਰ ਮਨੂੰਵਾਦੀ ਰਾਜ ’ਚ ਜੁਲਮ ਦੀ ਚੱਕੀ ਚਲ ਰਹੀ ਹੈ। ਉਪਰੋਕਤ ਦੁਖੀ ਤੇ ਸਤਾਏ ਹੋਏ ਮੂਲਨਿਵਾਸੀ ਲੋਕ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਖੇਤਰਾਂ ’ਚ ਆਪਸੀ ਨੇੜਤਾ ਕਰਕੇ ਲੋਕਤੰਤਰ, ਸੰਵਿਧਾਨ, ਮਨੁੱਖੀ ਹੱਕਾਂ, ਇਨਸਾਫ ਤੇ ਸਰਬੱਤ ਦਾ ਭਲਾ ਮਨੂਵਾਦੀਆਂ ਨੂੰ ਸੱਤਾ ਤੋਂ ਲਾਂਭੇ ਕਰਕੇ ਖੁਦ ਲੋਕਤਾਂਤਰਿਕ ਢੰਗ ਨਾਲ ਸੱਤਾ ਪ੍ਰਾਪਤ ਕਰਕੇ ਹੀ ਕਰਨ ਦੇ ਯੋਗ ਹੋ ਸਕਣਗੇ।

ਮਿਤੀ- 26-05-2018

– ਮੱਲ ਸਿੰਘ ਵਾਸੀ: ਰੰਧਾਵਾ ਮਸੰਦਾ, ਜਲੰਧਰ, ਪੰਜਾਬ ਸੰਪਰਕ: 09463180155

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: