ਚੰਡੀਗੜ : ਜਿਥੇ ਇਕ ਪਾਸੇ ਪੀਟੀਸੀ ਨਾਂ ਦਾ ਨਿਜੀ ਚੈਨਲ ਇਹ ਦਾਅਵਾ ਕਰ ਰਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਉਚਾਰਨ ਹੋ ਰਹੀ ਗੁਰਬਾਣੀ ਦੀ ਵੇਖਣ ਸੁਣਨ ਵਾਲੀ ਸਮੱਗਰੀ ‘ਤੇ ਇਕ ਮਾਤਰ ਹੱਕ ਉਸ ਦਾ ਹੈ, ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼ਰੋਮਣੀ ਕਮੇਟੀ ਦੇ, ਇਸ ਚੈਨਲ ਨਾਲ ਹੋਏ ਸਮਝੌਤੇ ਦੀ ਤਫ਼ਸੀਲ ਤੋਂ ਅਣਜਾਣ ਹਨ।
ਇਸ ਨਿਜੀ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਬਖਸ਼ਿਸ਼ ਹੋਏ ਹੁਕਮਨਾਮਾ ਸਾਹਿਬ (ਸ੍ਰੀ ਮੁੱਖ ਵਾਕ) ਦਾ ਕੋਈ ਵੀ ਪ੍ਰਚਾਰ ਪ੍ਰਸਾਰ ਨਹੀਂ ਕਰ ਸਕਦਾ ਭਾਵੇਂ ਕਿ ਉਹ ਸ਼ਰੋਮਣੀ ਕਮੇਟੀ ਦੀ ਵੈਬਸਾਈਟ ਤੋਂ ਹੀ ਕਿਉਂ ਨਾ ਉਤਾਰਾ ਕੀਤਾ ਹੋਵੇ। ਇਸ ਨਿਜੀ ਕੰਪਨੀ ਨੇ ਆਵਾਜ ਰੂਪ ਵਿਚ ਸਾਂਝੇ ਕੀਤੇ ਜਾਂਦੇ ਹੁਕਮਨਾਮਾ ਸਾਹਿਬ (ਸ੍ਰੀ ਮੁੱਖ ਵਾਕ) ਨੂੰ ਇਕ ਫੇਸਬੁਕ ਪੰਨੇ ਤੋਂ ਵੀ ਨਿਜੀ ਮਲਕੀਅਤ ਦਾ ਦਾਅਵਾ ਕਰਕੇ ਹਟਵਾ ਦਿਤਾ। ਲੰਘੇ ਸਨਿਚਰਵਾਰ ਇਸ ਮੁੱਦੇ ਤੇ ਟਾਈਮਜ਼ ਆਫ਼ ਇੰਡੀਆ ਨਾਲ ਗੱਲ ਕਰਦਿਆਂ ਕਮੇਟੀ ਪ੍ਰਧਾਨ ਨੇ ਚਲਵਾਂ ਜਿਹਾ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਤਫ਼ਸੀਲ ਮੰਗੀ ਹੈ ਤੇ ਫੇਰ ਉਹ ਇਸ ਮਾਮਲੇ ਨੂੰ ਵਿਚਾਰਨਗੇ। ਹਾਲ ਦੀ ਘੜੀ ਇਸ ਮੁੱਦੇ ਨੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਸਿੱਖਾਂ ਤੇ ਹੋਰ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ ਤੇ ਸਿਆਸੀ ਮਾਹੌਲ ਵਿੱਚ ਗਰਮਾਹਟ ਪੈਦਾ ਕਰ ਦਿੱਤੀ ਹੈ। ਕਮੇਟੀ ਪ੍ਰਧਾਨ ਨੂੰ ਉਚੇਚੇ ਤੌਰ ਤੇ ਇਹ ਪੁੱਛਿਆ ਗਿਆ ਕਿ ਚੈਨਲ ਇਹ ਆਖ ਰਿਹਾ ਹੈ ਕਿ ਕਮੇਟੀ ਦੀ ਵੈਬਸਾਈਟ ਤੋਂ ਉਤਾਰਾ ਕਰਕੇ ਵੀ ਲੋਕ ਹੁਕਮਨਾਮਾ ਸ੍ਰੀ ਮੁੱਖ ਵਾਕ ਅੱਗੇ ਸਾਂਝਾ ਨਹੀਂ ਕਰ ਸਕਦੇ ਤਾਂ ਉਨ੍ਹਾਂ ਕਿਹਾ ਕਿ ਪੀਟੀਸੀ ਨਾਲ ਇਹ ਇਕਰਾਰ ਉਨ੍ਹਾ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਦੇ ਸਮੇਂ ਦਾ ਹੈ ਤੇ ਉਨ੍ਹਾਂ ਨੂੰ ਇਸ ਦੀ ਡੂੰਘੀ ਜਾਣਕਾਰੀ ਨਹੀ ਹੈ ਉਨ੍ਹਾ ਇਹ ਵੀ ਕਿਹਾ ਕਿ ਉਨ੍ਹਾ ਨੂੰ ਅੱਜ ਹੀ ਇਸ ਮਾਮਲੇ ਬਾਰੇ ਪਤਾ ਲੱਗਾ ਤੇ ਉਹ ਪੀਟੀਸੀ ਚੈਨਲ ਨਾਲ ਵੀ ਇਸ ਬਾਬਤ ਗੱਲ ਕਰਨਗੇ।
ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਉਚਾਰੀ ਜਾਂਦੀ ਗੁਰਬਾਣੀ ਦੇ ਆਵਾਜ ਤੇ ਵੀਡੀਓ ਰੂਪਾਂ ਤੇ ਉਨ੍ਹਾ ਦਾ ਇਕਮਾਤਰ ਅਧਿਕਾਰ ਹੈ, ਪੀਟੀਸੀ ਨੈਟਵਰਕ ਦੇ ਪ੍ਰਧਾਨ ਤੇ ਪ੍ਰਬੰਧਕੀ ਨਿਰਦੇਸ਼ਕ ਰਵਿੰਦਰ ਨਾਰਾਇਣ ਨੇ ਕਿਹਾ ਕਿ ਨਾ ਹੀ ਸ਼ਰੋਮਣੀ ਕਮੇਟੀ ਤੇ ਨਾ ਹੀ ਪੀ ਟੀ ਸੀ ਕੋਲ ਹੁਕਮਨਾਮਾ ਸਾਹਿਬ ਦੇ ਕਾਪੀਰਾਈਟ ਹਨ ਜੇਕਰ ਉਹਨੂੰ ਕੋਈ ਆਪਣੀ ਆਵਾਜ ਜਾਂ ਲਿਖਤ ਨਾਲ ਸਾਂਝਾ ਕਰਦਾ ਹੈ। ਅਗਾਂਹ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇ ਕੋਈ ਲਿਖਤ ਜਾਂ ਆਵਾਜ ਰੂਪ ਵਿੱਚ ਗੁਰਬਾਣੀ ਦਾ ਉਤਾਰਾ ਕਮੇਟੀ ਦੀ ਵੈਬਸਾਈਟ ਤੋਂ ਲੈਂਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਦੇ ਇਕਮਾਤਰ ਅਧਿਕਾਰ ਉਨ੍ਹਾਂ ਕੋਲ ਹੀ ਹਨ ਤੇ ਜਿਵੇਂ ਕਿ ਇਹ ਇਕ ਵਪਾਰਕ ਇਕਰਾਰਨਾਮਾ ਹੈ ਜਿਹੜਾ ਕਿ ਉਨ੍ਹਾ ਸ਼ਰੋਮਣੀ ਕਮੇਟੀ ਨਾਲ ਕੀਤਾ ਹੈ, ਉਨ੍ਹਾ ਨੂੰ ਇਸ ਗੱਲ ਤੇ ਇਤਰਾਜ਼ ਹੋਵੇਗਾ।
ਉਨ੍ਹਾਂ ਕਿਹਾ ਕਿ ਉਹ ਦੁਨੀਆਂ ਭਰ ਵਿੱਚ ਇਸ ਦਾ ਪ੍ਰਸਾਰ ਕਰਦੇ ਹਨ ਤੇ ਇਸ ਗੱਲ ਲਈ ਸ਼ਰੋਮਣੀ ਕਮੇਟੀ ਨੂੰ ਪੈਸਾ ਅਦਾ ਕੀਤਾ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਹੋਰ ਪੁੱਛਿਆ ਗਿਆ ਕਿ ਪੀਟੀਸੀ ਦੇ ਅਧਿਕਾਰ ਸ਼ਰੋਮਣੀ ਕਮੇਟੀ ਦੇ ਅਧਿਕਾਰਾਂ ਤੋਂ ਉੱਤੇ ਹਨ ਤਾਂ ਨਾਰਾਇਣ ਨੇ ਕਿਹਾ ਕਿ ਜਦੋਂ ਸ਼ਰੋਮਣੀ ਕਮੇਟੀ ਨੇ ਇਸ ਸਭ ਦੇ ਅਧਿਕਾਰ ਪੀਟੀਸੀ ਨੂੰ ਇਕ ਵਾਰ ਦੇ ਹੀ ਦਿਤੇ ਤਾਂ ਉਨ੍ਹਾਂ ਦੇ ਆਪਣੇ ਕੋਲ ਕੋਈ ਅਧਿਕਾਰ ਨਹੀ ਬਚਦਾ ਕਿ ਉਹ ਕਿਸੇ ਹੋਰ ਨੂੰ ਇਹ ਹੱਕ ਦੇ ਸਕਣ। ਉਨ੍ਹਾ ਕਿਹਾ ਕਿ ਜੇ ਕਮੇਟੀ ਆਪਣੀ ਵੈੱਬਸਾਈਟ ਤੋਂ ਇਹ ਸਾਂਝਾ ਕਰਦੀ ਹੈ ਤਾਂ ਉਹ ਕੋਈ ਇਤਰਾਜ਼ ਨਹੀਂ ਕਰਣਗੇ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਇਨਸਾਨ ਹੁਕਮਨਾਮਾ ਸਾਹਿਬ ਅੱਗੇ ਆਪਣੇ ਪੱਧਰ ਤੇ ਸੋਸ਼ਲ ਮੀਡੀਆ ਸਮੂਹਾਂ ਵਿੱਚ ਸਾਂਝਾ ਕਰਦਾ ਹੈ ਤਾਂ ਉਨ੍ਹਾ ਇਤਰਾਜ ਨਹੀ ਪਰ ਉਨ੍ਹਾਂ ਦਾ ਇਤਰਾਜ ਵੈਬਸਾਈਟਾਂ ਤੇ ਅਖ਼ਬਾਰਾਂ ਤੇ ਹੈ ਜੋ ਇਸ ਦੀ ਵਰਤੋਂ ਵਪਾਰਕ ਪਧਰ ਤੇ ਕਰਕੇ ਵਿਤੀ ਲਾਭ ਖੱਟਦੇ ਹਨ। ਉਨ੍ਹਾ ਤਰਕ ਦਿੰਦਿਆ ਕਿਹਾ ਕਿ ਉਹ, ਚੈਨਲ ਤੋਂ ਇਹ ਵੇਖਣ ਸੁਣਨ ਵਾਲਿਆਂ ਤੋਂ ਇਸ ਦੇ ਪੈਸੇ ਨਹੀਂ ਲੈਂਦੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇ ਕੋਈ ਹੋਰ ਵੀ ਇਸੇ ਤਰ੍ਹਾ ਕਰਕੇ ਵਿਤੀ ਲਾਭ ਨਾ ਖੱਟ ਕੇ ਇਹ ਸਾਂਝਾ ਕਰੇ ਤਾਂ ਆਪਣੇ ਹੀ ਆਖੇ ਤੋ ਮੋੜਾ ਕਰਦਿਆਂ ਉਨ੍ਹਾ ਕਿਹਾ ਕਿ ਇਹ ਉਨ੍ਹਾ ਦੇ ਹੱਕਾਂ ਨਾਲ ਛੇੜਛਾੜ ਹੈ ਤੇ ਕੋਈ ਇਸ ਤੋਂ ਵਿਤੀ ਲਾਭ ਲੈ ਰਿਹਾ ਹੈ ਜਾ ਨਹੀ ਇਸ ਗੱਲ ਦਾ ਕੋਈ ਮਾਇਨਾ ਨਹੀ। ਭਾਈ ਪਰਮਜੀਤ ਸਿੰਘ ਜੋ ਕਿ ਸਿੱਖ ਸਿਆਸਤ ਵੈਬਸਾਈਟ ਦੇ ਨਾਲ ਨਾਲ ਇਸ ਦਾ ਫੇਸਬੁਕ ਪੰਨਾ ਵੀ ਵੇਖਦੇ ਹਨ ਅਤੇ ਹੁਕਮਨਾਮਾ ਸਾਹਿਬ ਦੀ ਸੇਵਾ, ਉਥੇ ਸਾਂਝਾ ਕਰਕੇ ਕਰ ਰਹੇ ਹਨ (ਜੋ ਕਿ ਪੀ ਟੀ ਸੀ ਦੀ ਸ਼ਿਕਾਇਤ ਤੇ ਹਟਾ ਦਿੱਤਾ ਗਿਆ ਹੈ) ਤੋਂ ਇਸ ਬਾਬਤ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਕਿ ਨਾ ਹੀ ਫੇਸਬੁਕ ਤੇ ਨਾ ਹੀ ਉਹ ਇਸ ਤੋਂ ਕੋਈ ਵਿਤੀ ਲਾਭ ਲੈ ਰਹੇ ਹਨ। ਉਨ੍ਹਾ ਹੋਰ ਕਿਹਾ ਕਿ ਕੋਈ ਵੀ ਅਜਿਹਾ ਕਰ ਹੀ ਨਹੀ ਸਕਦਾ ਕਿਉ ਜੋ ਗੁਰਬਾਣੀ ਦੇ ਨਾਲ ਇਸ਼ਤਿਹਾਰ ਸ਼ੋਭਾ ਨਹੀ ਦਿੰਦੇ ਤੇ ਇਹ ਗੁਰ ਮਰਿਆਦਾ ਦੇ ਖਿਲਾਫ ਵੀ ਹੈ।
ਨਿੱਜੀ ਚੈਨਲ ਵੱਲੋਂ ਗੁਰਬਾਣੀ ਦਾ ਉਸ ਦੀ ਬੌਧਿਕ ਸੰਪਤੀ ਹੋਣ ਦਾ ਤੇ ਕਾਪੀਰਾਈਟ ਹੋਣ ਦਾ ਹਵਾਲਾ ਦੇ ਕੇ ਗੁਰਬਾਣੀ ਵਾਲੇ ਕੁਝ ਪੰਨੇ ਬੰਦ ਕਰਵਾ ਦਿੱਤੇ ਗਏ ਹਨ। ਸਬੰਧਤ ਵੈੱਬਸਾਈਟ ਜੋ ਕਿ ਸਿੱਖਾਂ ਦੇ ਮੌਜੂਦਾ ਮਾਮਲਿਆਂ ਬਾਰੇ ਖਬਰਾਂ/ਜਾਣਕਾਰੀ ਸਾਂਝੀ ਕਰਦੀ ਹੈ ਦੇ ਫੇਸਬੁਕ ਪੰਨੇ ਤੇ ਇਹ ਫਰਮਾਨ ਦਿਸਣ ਲੱਗ ਪਿਆ ਕਿ ਇਸ ਸਮੱਗਰੀ ਬਾਰੇ ਬੌਧਿਕ ਸੰਪੱਤੀ ਦੀ ਉਲੰਘਣਾ ਦੀ ਸ਼ਿਕਾਇਤ ਮਿਲੀ ਹੈ। ਇੱਕ ਹੋਰ ਪੱਤਰ ਵਿਹਾਰ ਵਿੱਚ ਫੇਸਬੁਕ ਵੱਲੋਂ ਕਿਹਾ ਗਿਆ ਕਿ ਜਿਹੜੀ ਸਮੱਗਰੀ ਤੁਸੀਂ ਫੇਸਬੁਕ ਪੰਨੇ ਤੇ ਸਾਂਝੀ ਕੀਤੀ ਸੀ ਉਹ ਹਟਾ ਦਿੱਤੀ ਗਈ ਹੈ ਕਿਉਂਕਿ ਸਾਡੇ ਕੋਲ ਕਿਸੇ ਤੀਜੀ ਧਿਰ ਵੱਲੋਂ ਇਸ ਬਾਬਤ ਸ਼ਿਕਾਇਤ ਆਈ ਹੈ, ਕਿ ਇਹ ਸਮੱਗਰੀ ਉਨ੍ਹਾਂ ਦੀ ਕਾਪੀਰਾਈਟ ਦੀ ਉਲੰਘਣਾ ਹੈ। ਫੇਸਬੁੱਕ ਨੇ ਹੋਰ ਕਿਹਾ ਕਿ ਜੇ ਉਹ ਚਾਹੁੰਦੇ ਹਨ ਕਿ ਇਹ ਜਾਣਕਾਰੀ ਹਟਾਈ ਨਹੀਂ ਜਾਣੀ ਚਾਹੀਦੀ ਸੀ ਤਾਂ ਉਹ ਇਸ ਸ਼ਿਕਾਇਤ ਕਰਤਾ ਤੀਜੀ ਧਿਰ ਨਾਲ ਰਾਬਤਾ ਬਣਾ ਸਕਦੇ ਹਨ। ਸ਼ਿਕਾਇਤਕਰਤਾ ਧਿਰ ਵਾਲੇ ਖਾਨੇ ਵਿੱਚ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਲਿਖਿਆ ਹੋਇਆ ਤੇ ਈ ਮੇਲ ਵਾਲੇ ਖਾਨੇ ਵਿੱਚ ਆਰੈਨ@ਪੀਟੀਸੀਨੈੱਟਵਰਕ ਡਾਟ ਕਾਮ (rn@ptcnetwork.com) ਵੀ ਸਾਂਝਾ ਕੀਤਾ।