ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਕਲ੍ਹ (1 ਦਸੰਬਰ) ਐਲਾਨ ਕੀਤਾ ਸੀ ਕਿ ਉਹ ਵਿਧਾਨ ਸਭਾ ਚੋਣਾਂ 2017 ਮੌਕੇ ਡੇਰਾ ਸਿਰਸਾ ਵੋਟਾਂ ਮੰਗਣ ਨਹੀਂ ਗਏ ਸਨ ਬਲਕਿ ਸਿਰਫ ਅਕਾਲ ਤਖਤ ਸਾਹਿਬ ਵਲੋਂ ਤਲਬ ਕਰਨ ‘ਤੇ ਪੇਸ਼ ਹੋਏ ਸਨ। ਦੂਜੇ ਪਾਸੇ ਗਿਆਨੀ ਗੁਰਬਚਨ ਸਿੰਘ ਨੇ ਇਹ ਕਹਿਕੇ ਕਿ ਗੋਬਿੰਦ ਸਿੰਘ ਲੌਂਗੋਵਾਲ ਆਪਣੀ ਗਲਤੀ ਮੰਨ ਕੇ ਤਨਖਾਹ ਲਵਾ ਚੁਕੇ ਹਨ, ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ ਕਿ ਦੋਵਾਂ ਵਿਚੋਂ ਸਹੀ ਕੌਣ ਹੈ?
ਜਾਰੀ ਇੱਕ ਪ੍ਰੈਸ ਬਿਆਨ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ “ਗੋਬਿੰਦ ਸਿੰਘ ਲੌਂਗੋਵਾਲ ਦੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ‘ਤੇ ਕੁਝ ਜਥੇਬੰਦੀਆਂ ਵੱਲੋਂ ਕਈ ਕਿਸਮ ਦਾ ਵਾਦ-ਵਿਵਾਦ ਕੀਤਾ ਜਾ ਰਿਹਾ ਹੈ, ਜੋ ਠੀਕ ਨਹੀਂ। ਉਨ੍ਹਾਂ ਕਿਹਾ ਕਿ ਪੰਥਕ ਰਵਾਇਤਾਂ ਅਨੁਸਾਰ ਜਿਹੜਾ ਸਿੱਖ ਨਿਮਾਣਾ ਹੋ ਕੇ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਪੇਸ਼ ਹੋ ਕੇ ਆਪਣੀ ਹੋਈ ਗਲਤੀ ਨੂੰ ਸਵੀਕਾਰ ਕਰਦਿਆਂ ਮੁਆਫੀ ਮੰਗ ਲੈਂਦਾ ਹੈ ਅਤੇ ਅੱਗੇ ਤੋਂ ਹੋਈ ਗਲਤੀ ਸਬੰਧੀ ਤੌਬਾ ਕਰਦਾ ਹੈ ਅਤੇ ਲਾਈ ਗਈ ਸੇਵਾ ਨੂੰ ਪ੍ਰਵਾਨ ਕਰਦਾ ਹੈ ਤਾਂ ਉਸਨੂੰ ਮੁਆਫ ਕਰਕੇ ਮੁੜ ਪੰਥ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ।”
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪਿਛਲੇ ਸਮੇਂ ਵਿਚ ਅਕਾਲੀ ਦਲ, ਕਾਂਗਰਸ ਜਾਂ ਆਮ ਆਦਮੀ ਪਾਰਟੀ ਨਾਲ ਸਬੰਧਤ ਜਿਹੜੇ ਵੀ ਆਗੂਆਂ ਵਲੋਂ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਅਕਾਲ ਤਖ਼ਤ ਸਾਹਿਬ ਤੋਂ ਲਾਈ ਗਈ ਸੇਵਾ ਨੂੰ ਪੂਰਾ ਕੀਤਾ ਗਿਆ, ਉਨ੍ਹਾਂ ਨੂੰ ਮੁਆਫ ਕੀਤਾ ਗਿਆ ਅਤੇ ਮੁੜ ਪੰਥ ਵਿਚ ਸ਼ਾਮਿਲ ਕਰ ਲਿਆ ਗਿਆ। ਇਸ ਲਈ ਕਿਸੇ ‘ਤੇ “ਨਿੱਜੀ ਰੰਜਿਸ਼ਾਂ” ਕਾਰਣ ਕੋਈ ਇਲਜ਼ਾਮ ਨਹੀਂ ਲਗਾਉੇਣਾ ਚਾਹੀਦਾ, ਜਿਸ ਨਾਲ ਉਸ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ।
ਸਬੰਧਤ ਖ਼ਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰੀ ਤਰ੍ਹਾਂ ਪਤਨ ਹੋ ਚੁੱਕਾ ਹੈ, ਬਾਦਲਾਂ ਨੇ ਇਸਨੂੰ ਨਿੱਜੀ ਅਦਾਰਾ ਬਣਾ ਲਿਆ: ਦਲ ਖਾਲਸਾ …
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸਿਰਸਾ ਪਾਸੋਂ ਵੋਟਾਂ ਮੰਗਣ ਜਾਣ ਵਾਲੇ ਸਿੱਖ ਸਿਆਸੀ ਆਗੂਆਂ ਦੀ ਸੂਚੀ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਜਾਂਚ ਕਮੇਟੀ ਨੇ ਤਿਆਰ ਕੀਤੀ ਸੀ। ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਹੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤੇ ਗਏ 44 ਸਿਆਸੀ ਆਗੂਆਂ ਵਿਚ ਗੋਬਿੰਦ ਸਿੰਘ ਲੌਂਗੋਵਾ ਵੀ ਸ਼ਾਮਿਲ ਸਨ ਤੇ ਉਨ੍ਹਾਂ ਨੇ 17 ਅਪ੍ਰੈਲ 2017 ਨੂੰ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਕੇ ਤਨਖਾਹ ਵੀ ਲਵਾਈ ਸੀ। ਗਿਆਨੀ ਗੁਰਬਚਨ ਸਿੰਘ ਵਲੋਂ ਜਾਰੀ ਬਿਆਨ ਨਾਲ ਇਹ ਤਾਂ ਸਪੱਸ਼ਟ ਹੋ ਗਿਆ ਕਿ ਲੌਂਗੋਵਾਲ ਨੇ ਗਲਤੀ ਦੀ ਭੁੱਲ ਬਖਸ਼ਾਈ ਹੈ ਜਦਕਿ ਲੌਂਗੋਵਾਲ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਤਾਂ ਵੋਟਾਂ ਮੰਗਣ ਲਈ ਡੇਰੇ ਗਏ ਹੀ ਨਹੀਂ ਸਨ? ਆਖਿਰ ਸਹੀ ਕੌਣ ਹੈ, ਇਹ ਇਕ ਨਵਾਂ ਵਿਵਾਦ ਹੈ।
ਸਬੰਧਤ ਖ਼ਬਰ: ਨਵੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਲਈ ਇਸੇ ਸਾਲ ਤਨਖਾਹੀਆ ਐਲਾਨਿਆ ਗਿਆ ਸੀ …