ਅੰਮ੍ਰਿਤਸਰ (ਸਿੱਖ ਸਿਆਸਤ ਬਿਊਰੋ ਅਤੇ ਨਰਿੰਦਰਪਾਲ ਸਿੰਘ): ਬੰਦੀ ਛੋੜ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ 2015 ਦੇ ਪੰਥਕ ਇਕੱਠ ਵੱਲੋਂ ਐਲਾਨੇ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤੇ ਜਾਣ ਨੂੰ ਲੈਕੇ ਪੈਦਾ ਹੋਏ ਹਾਲਾਤਾਂ ਨਾਲ ਨਿਪਟਣ ਲਈ ਪੁਲਿਸ ਵਲੋਂ ਕੀਤੇ ਗਏ ਸਖਤ ਪ੍ਰਬੰਧ ਚਰਚਾ ਦਾ ਵਿਸ਼ਾ ਜਰੂਰ ਬਣੇ ਹਨ। ਸਵਾਲ ਕੀਤਾ ਜਾ ਰਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲਿਸ ਦਾਖਲੇ ਦਾ ਹਮੇਸ਼ਾਂ ਵਿਰੋਧ ਕਰਨ ਵਾਲੀ ਸ਼੍ਰੋਮਣੀ ਕਮੇਟੀ ਨੇ ਇਸ ਵਾਰ ਪੁਲਿਸ ਨੂੰ ਸ਼ਰੇਆਮ ਕਮੇਟੀ ਪ੍ਰਬੰਧ ਵਿੱਚ ਦਖਲ ਅੰਦਾਜੀ ਦਾ ਅਧਿਕਾਰ ਕਿਵੇਂ ਦੇ ਦਿੱਤਾ। ਤਰਕ ਦਿੱਤਾ ਜਾ ਰਿਹਾ ਹੈ ਕਿ ਬੰਦੀ ਛੋੜ ਦਿਵਸ ਮੌਕੇ ਪੁਲਿਸ ਚੌਕਸੀ ਤਾਂ 10 ਨਵੰਬਰ 2015 ਦੇ ਪੰਥਕ ਇਕੱਠ ਉਪਰੰਤ 11 ਨਵੰਬਰ 2015 ਅਤੇ ਨਵੰਬਰ 2016 ਵਿੱਚ ਵੀ ਰਹੀ ਲੇਕਿਨ ਇਸ ਵਾਰ ਪੁਲਿਸ ਦਾ ਸਮੁੱਚਾ ਧਿਆਨ ਗਿਆਨੀ ਗੁਰਬਚਨ ਸਿੰਘ ਦੀ ਨਿੱਜੀ ਸੁਰੱਖਿਆ ਅਤੇ ਉਨ੍ਹਾਂ ਦੇ ਸੰਦੇਸ਼ ਪੜੇ ਜਾਣ ਨੂੰ ਯਕੀਨੀ ਬਨਾਉਣ ਤੇ ਹੀ ਕਿਉਂ ਰਿਹਾ?
ਇਨ੍ਹਾਂ ਸਵਾਲਾਂ ਤੋਂ ਵੀ ਅਹਿਮੀਅਤ ਨਾਲ ਲਿਆ ਜਾ ਰਹੇ ਹਨ ਗਿਆਨੀ ਗੁਰਬਚਨ ਸਿੰਘ ਦੁਆਰਾ ਕਰਮਵਾਰ ਦਿੱਤੇ ਗਏ ਦੋ ਬਿਆਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਬੰਦੀ ਛੋੜ ਮੌਕੇ ਸੰਦੇਸ਼ ਪੜੇ ਜਾਣ ਨੂੰ ਲੈਕੇ ਹਾਲਾਤ ਖਰਾਬ ਹੋਣ ਲਈ ਪਹਿਲੇ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੂੰ ਜਿੰਮੇਵਾਰ ਦੱਸਿਆ ਸੀ ਤੇ ਦੂਸਰੇ ਬਿਆਨ ਵਿੱਚ ਸਿਰਫ ਪੰਜਾਬ ਸਰਕਾਰ ਨੂੰ।
ਸੰਬੰਧਤ ਖਬਰ:
→ ‘ਜਥੇਦਾਰ ਸਾਹਿਬਾਨ’ ਬੰਦੀ ਛੋੜ ਦਿਹਾੜੇ ‘ਤੇ ਸਿੱਖ ਪਰੰਮਪਰਾ ਨੂੰ ਜਾਰੀ ਰੱਖਣ ਵਿਚ ਕਿਵੇਂ ਨਾਕਾਮ ਰਹੇ?
(ਵਿਸਤਾਰ ਅੰਗਰੇਜ਼ੀ ਵਿੱਚ ਹੈ)
ਗਿਆਨੀ ਗੁਰਬਚਨ ਸਿੰਘ ਦੁਆਰਾ ਸੰਦੇਸ਼ ਪੜੇ ਜਾਣ ਦੇ 24 ਘੰਟੇ ਬੀਤ ਜਾਣ ਤੇ ਵੀ ਇਹ ਸਪਸ਼ਟ ਨਹੀ ਹੋ ਸਕਿਆ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲਿਸ ਨੂੰ ਕਿਸਨੇ ਬੁਲਾਇਆ, ਗਿਆਨੀ ਗੁਰਬਚਨ ਸਿੰਘ ਜਾਂ ਸ਼੍ਰੋਮਣੀ ਕਮੇਟੀ ਨੇ। ਜੇਕਰ ਗਿਆਨੀ ਜੀ ਨੇ ਪੁਲਿਸ ਨਹੀ ਬੁਲਾਈ ਤਾਂ ਫਿਰ ਉਨ੍ਹਾਂ ਨੇ ਐਨੀ ਵੱਡੀ ਤਦਾਦ ਵਿੱਚ ਕੰਲੈਕਸ ਅੰਦਰ ਦਾਖਲ ਹੋਈ ਪੁਲਿਸ ‘ਤੇ ਇਤਰਾਜ ਕਿਉਂ ਨਹੀ ਜਤਾਇਆ? ਕੈਪਟਨ ਸਰਕਾਰ ਵਲੋਂ ਗਿਆਨੀ ਗੁਰਬਚਨ ਸਿੰਘ ਦੇ ਬਿਆਨ ਪ੍ਰਤੀ ਐਨੀ ਸੁਹਿਰਦਤਾ ਵਿਖਾਉਣ ਦੀ ਸੂਈ ਗਿਆਨੀ ਗੁਰਬਚਨ ਸਿੰਘ ਤੇ ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੋਨਾਂ ਵੱਲ ਜਾਂਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨੇੜੇ ਦੱਸੇ ਜਾਂਦੇ ਹਨ। ਹਕੀਕਤ ਇਹ ਵੀ ਹੈ ਕਿ ਫਿਲਹਾਲ ਦੋਵੇਂ ਧਿਰਾਂ ਅਜੇਹੀ ਕਿਸੇ ਵੀ ਜਿੰਮੇਵਾਰੀ ਲੈਣ ਤੋਂ ਇਨਕਾਰੀ ਹਨ।
ਬੀਤੇ ਕਲ੍ਹ ਬੰਦੀ ਛੋੜ ਦਿਵਸ ਮੌਕੇ ਪੰਜਾਬ ਪੁਲਿਸ ਵਲੋਂ ਸ੍ਰੀ ਦਰਬਾਰ ਸਾਹਿਬ ਦੀ ਬਾਹਰ ਘੇਰਾਬੰਦੀ ਲਈ ਜਿਥੇ ਵਰਦੀਧਾਰੀ ਪੁਲਿਸ ਤਾਇਨਾਤ ਕੀਤੀ ਗਈ ਸੀ ਉਥੇ ਕੰਪਲੈਕਸ ਦੇ ਅੰਦਰ ਅਤੇ ਵਿਸ਼ੇਸ਼ ਕਰਕੇ ਦਰਸ਼ਨੀ ਡਿਊੜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਵਾਲੇ ਵਿਹੜੇ ਵਿੱਚ ਹੀ ਖੁਫੀਆ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੰਜਾਬ ਪੁਲਸ ਦੇ ਚਾਰ ਐਸ.ਪੀ. ਸਿਵਲ ਵਰਦੀ ਵਿੱਚ ਹਾਜਰ ਸਨ। ਗਿਆਨੀ ਗੁਰਬਚਨ ਸਿੰਘ ਨੂੰ ਸਕਤਰੇਤ ਤੋਂ ਦਰਸ਼ਨੀ ਡਿਊੜੀ ਤੀਕ ਲਿਆਣ ਤੇ ਫਿਰ ਸੰਦੇਸ਼ ਪੜੇ ਜਾਣ ਉਪਰੰਤ ਵਾਪਿਸ ਲੈਕੇ ਆਣ ਲਈ ਨਾਬੀ ਤੇ ਅਸਮਾਨੀ ਰੰਗ ਦੀਆਂ ਵਿਸ਼ੇਸ਼ ਪੱਗਾਂ ਵਾਲੇ ਪੁਲਿਸ ਮੁਲਾਜਮਾਂ ਦੀ ਅਗਵਾਈ ਵੀ ਇਕ ਐਸ. ਪੀ. ਕਰ ਰਿਹਾ ਸੀ। ਖੁੱਦ ਪੁਲਿਸ ਸੁਤਰਾਂ ਅਨੁਸਾਰ ਹੀ ਕੰਪਲੈਕਸ ਦੇ ਅੰਦਰ ਤੇ ਬਾਹਰ ਤਾਇਨਾਤ ਕੀਤੀ ਗਈ ਪੁਲਿਸ ਦੀ ਗਿਣਤੀ ਤਿੰਨ ਹਜਾਰ ਦੇ ਕਰੀਬ ਦੱਸੀ ਗਈ ਹੈ।
ਲੇਕਿਨ ਪੁਲਿਸ ਤਾਇਨਾਤੀ ਬਾਰੇ ਜਦੋਂ ਕਮੇਟੀ ਅਧਿਕਾਰੀਆਂ ਪਾਸੋਂ ਇੱਕੋ ਹੀ ਜਵਾਬ ਸੁਨਣ ਨੂੰ ਮਿਿਲਆ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਪੁੱਛੋ।
ਸ੍ਰੀ ਅਕਾਲ ਤਖਤ ਸਕਤਰੇਤ ਦੇ ਸੂਤਰ ਅਜੇਹੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਹਿੰਦੇ ਹਨ ਕਿ ਜਥੇਦਾਰ ਸਾਹਿਬ ਨੇ ਕਿਸੇ ਨੂੰ ਸੱਦਾ ਨਹੀ ਦਿੱਤਾ। ਸਿੱਖ ਧਿਰਾਂ ਆਪਸੀ ਖਿੱਚੋ-ਤਾਣ ਵਿਚ ਇੰਨੀਆਂ ਗਲਤਾਨ ਹਨ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ ਦੇ ਪ੍ਰਬੰਧ ਵਿਚ ਪੁਲਿਸ ਅਤੇ ਸਰਕਾਰ ਦਾ ਦਖਲ ਵਧਾ ਰਹੀ ਹੈ ਤੇ ਅਜਿਹੀ ਹਾਲਤ ਕਿਸੇ ਵੀ ਤਰ੍ਹਾਂ ਪੰਥਕ ਹਿਤ ਵਿਚ ਨਹੀਂ ਹੈ।