ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੱਲ੍ਹ ਐਤਵਾਰ ਸਰਹੱਦੀ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ‘ਤੇ ਹੀ ਕੌਮਾਂਤਰੀ ਸਰਹੱਦ ਨਾਲ ਲੱਗਦਾ ਦਸ ਕਿਲੋਮੀਟਰ ਤੱਕ ਇਲਾਕਾ ਖਾਲੀ ਕਰਾਇਆ ਗਿਆ ਹੈ ਅਤੇ ਕੇਂਦਰ ਦੀ ਸਲਾਹ ਨਾਲ ਹੀ ਲੋਕਾਂ ਨੂੰ ਘਰਾਂ ’ਚ ਪਰਤਣ ਲਈ ਕਿਹਾ ਜਾਵੇਗਾ। ਮੁੱਖ ਮੰਤਰੀ ਨੇ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਹੇਠ ਆਉਂਦੇ ਅੱਠ ਪਿੰਡਾਂ ਦਾ ਦੌਰਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕੇਂਦਰ ਸਰਕਾਰ ਦੇ ਹੁਕਮ ਕਾਰਨ ਸੂਬਾ ਸਰਕਾਰ ਨੇ ਇਹ ਕਾਰਵਾਈ ਕੀਤੀ। ਕੇਂਦਰ ਸਰਕਾਰ ਨਾਲ ਸਲਾਹ ਮਗਰੋਂ ਹੀ ਇਨ੍ਹਾਂ ਲੋਕਾਂ ਨੂੰ ਘਰਾਂ ’ਚ ਪਰਤਣ ਲਈ ਕਿਹਾ ਜਾਵੇਗਾ। ਸਰਹੱਦੀ ਪਿੰਡਾਂ ’ਚ ਨਾਲਿਆਂ ’ਤੇ ਬਣੇ ਤੰਗ ਤੇ ਖਸਤਾ ਹਾਲ ਪੁਲਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪੁਲਾਂ ਨੂੰ ਚੌੜੇ ਕਰਨਾ ਅਤੇ ਦੋਵੇਂ ਪਾਸੇ ਰੇਲਿੰਗ ਲਾਉਣ ਦੀ ਵੱਡੀ ਲੋੜ ਹੈ। ਇਸ ਸਬੰਧੀ ਜਲਦੀ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਰਹੱਦੀ ਪਿੰਡ ਮਹਾਵਾ ਵਿੱਚ ਸਕੂਲ ਬੱਸ ਦੇ ਨਾਲੇ ਵਿੱਚ ਡਿੱਗਣ ਨਾਲ ਸੱਤ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਪੁਲ ‘ਤੇ ਵੀ ਰੇਲਿੰਗ ਨਹੀਂ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਫੌ਼ਜ ਤੇ ਨੀਮ ਫੌਜੀ ਬਲਾਂ ਵਿੱਚ ਤਰਜੀਹੀ ਆਧਾਰ ‘ਤੇ ਭਰਤੀ ਕਰਾਉਣ ਲਈ ਅਤੇ ਇਸ ਸਬੰਧੀ ਵਿਸ਼ੇਸ਼ ਕੈਂਪ ਲਾਉਣ ਲਈ ਕੇਂਦਰ ਸਰਕਾਰ ਨੂੰ ਆਖਣਗੇ। ਇਸ ਲਈ ਕੇਂਦਰ ਸਰਕਾਰ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ ਜਾਵੇਗੀ। ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ‘ਤੇ ਜਾਣ ਤੋਂ ਰੋਕੇ ਜਾਣ ਦਾ ਮੁੱਦਾ ਉਠਾਇਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਕਿਸੇ ਕਿਸਾਨ ਨੂੰ ਫਸਲ ਦੀ ਸਾਂਭ ਸੰਭਾਲ ਲਈ ਜਾਣ ਤੋਂ ਨਹੀਂ ਰੋਕਿਆ ਜਾਵੇਗਾ।