ਲੇਖਕ – ਗੁਰਵਿੰਦਰ ਸਿੰਘ
ਸੰਸਾਰਕ ਪੱਧਰ ਤੇ ਆਰਥਿਕ ਮੰਦੀ ਤੇ ਸਿਆਸੀ ਉਥਲ-ਪੁਥਲ ਵਾਲਾ ਵਰ੍ਹਾ 2019 ਹਿੰਦੋਸਤਾਨੀ ਸਾਮਰਾਜ ਲਈ ਇੱਕ ਅਹਿਮ ਸਾਲ ਸਾਬਤ ਹੋਇਆ ਹੈ। 2019 ਦੀਆਂ ਚੋਣਾਂ ਵਿਚ ਰਾਸ਼ਟਰਵਾਦੀ (ਸ਼ੁੱਧ ਹਿੰਦੂ ਰਾਸ਼ਟਰਵਾਦੀ) ਦਲ ਭਾਜਪਾ ਭਾਰੀ ਬਹੁਮਤ ਨਾਲ ਜਿੱਤ ਕੇ ਸੰਸਦ ਵਿੱਚ ਪਹੁੰਚਿਆ ਹੈ ਜਿਸਨੂੰ ਆਪਣੇ ਭਾਈਵਾਲ ਦਲਾਂ ਦੀ ਜਰੂਰਤ ਵੀ ਨਹੀਂ ਪਈ। ਵਿਰੋਧੀ ਸਿਆਸੀ ਦਲ ਇਸ ਹਨੇਰੀ ਵਿਚ ਗੁਆਚ ਗਏ ਹਨ। ਅੰਗਰੇਜੀ ਹਕੂਮਤ ਦੇ ਸਮੇਂ ਸ਼ੁਰੂ ਹੋਈ ਰਾਸ਼ਟਰਵਾਦੀ ਲਹਿਰ ਕ੍ਰਿਕਟ ਦੇ ਟੈਸਟ ਮੈਚ ਦੀ ਗਤੀ ਨਾਲ ਚਲਦਿਆਂ 2019 ਵਿਚ 20-20 ਮੈਚ ਦੀ ਰਫਤਾਰ ਨਾਲ ਚੱਲਣ ਲੱਗ ਪਈ ਹੈ। ਆਖਰ ਕਦੋਂ ਤੱਕ ਇਹ ਰਾਸ਼ਟਰਵਾਦੀ ਆਪਣੇ ਸਾਮਰਾਜ ਦੇ ਮੁੜ ਸ਼ਕਤੀਸ਼ਾਲੀ ਹੋਣ ਦੀ ਉਡੀਕ ਕਰਦੇ ਰਹਿਣ? ਫਾਸ਼ੀਵਾਦੀ ਤਾਕਤਾਂ ਹਮੇਸ਼ਾਂ ਹੀ ਕਾਹਲੀਆਂ ਹੁੰਦੀਆਂ ਹਨ। ਅਜਿਹੀ ਹਾਲਤ ਵਿਚ ਹਿੰਦੂ ਸਾਮਰਾਜ ਦੀ ਕਾਇਮੀ ਲਈ ਉਤਾਵਲੀਆਂ ਤਾਕਤਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ। ਹੁਣ ਉਹ ਟੈਸਟ ਮੈਚ ਦੀ ਬਜਾਏ 20-20 ਮੈਚ ਖੇਡਣ ਲਈ ਤਿਆਰ ਹੋ ਚੁੱਕੀਆਂ ਹਨ
ਸਾਮਰਾਜੀ ਤਾਕਤਾਂ ਨੂੰ ਆਪਣੇ ਸਾਮਰਾਜ ਦੇ ਖੁਸਣ ਦਾ ਮਲਾਲ ਹਮੇਸ਼ਾਂ ਰਹਿੰਦਾ ਹੈ। ਕਿਸੇ ਸਮੇਂ ਦੱਖਣ ਏਸ਼ੀਆ ਦੇ ਬਹੁਤ ਹਿੱਸੇ ਤਕ ਫੈਲੇ ਹਿੰਦੂ ਸਾਮਰਾਜ (ਜਿਸਨੂੰ ਬਹੁਤੇ ਲੋਕ ਪੁਰਾਤਨ ਭਾਰਤ ਦੀਆਂ ਹੱਦਾਂ ਮੰਨਣ ਦੀ ਗਲਤੀ ਕਰਦੇ ਹਨ) ਦਾ ਪਤਨ ਹੋਣਾ ਸ਼ੁਰੂ ਹੋ ਗਿਆ ਅਤੇ ਮੁਗਲ ਸਾਮਰਾਜ ਜੋਰ ਫੜ ਗਿਆ। ਕਿਸੇ ਖਿੱਤੇ ਦੇ ਰਾਜ ਨੂੰ ਜਿੱਤ ਲੈਣਾ ਹੋਰ ਗੱਲ ਹੈ ਪਰ ਜਿੱਤ ਕੇ ਸ਼ਾਸਨ ਕਰਨ ਲਈ ਜਰੂਰੀ ਗੱਲ, ਉਥੋ ਦੇ ਲੋਕਾਂ (ਪਰਜਾ) ਦਾ ਵਿਸ਼ਵਾਸ਼ ਜਿੱਤਣਾ ਹੋਰ। ਅਕਬਰ ਵਰਗੇ ਬਾਦਸ਼ਾਹ ਵੱਲੋਂ ਜਜੀਆ ਖਤਮ ਕਰਨ ਅਤੇ ਦੂਸਰੇ ਧਰਮਾਂ ਪ੍ਰਤੀ ਸਹਿਜਤਾ ਦਿਖਾਉਣੀ ਇਸੇ ਕਰਮ ਦਾ ਹਿੱਸਾ ਸੀ ਅਤੇ ਉਹਨਾਂ ਨੇ ਇਸ ਨੀਤੀ ਦੀ ਵਰਤੋਂ ਕਰਕੇ ਆਪਣੇ ਸਾਮਰਾਜ ਨੂੰ ਕਾਇਮ ਰਖਿੱਆ ਪਰ ਬਾਅਦ ਵਾਲੇ ਹੁਕਮਰਾਨਾਂ ਨੇ ਇਸ ਨੀਤੀ ਦਾ ਤਿਆਗ ਕਰਕੇ ਇਸਲਾਮ ਦੇ ਪਸਾਰ ਲਈ ਦਮਨਕਾਰੀ ਨੀਤੀਆਂ ਅਪਣਾਈਆਂ ਤਾਂ ਮੁਗਲ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਇਸ ਦਾ ਫਾਇਦਾ ਅੰਗਰੇਜਾਂ ਨੇ ਲਿਆ ਅਤੇ ਵਪਾਰੀਆਂ ਦੇ ਰੂਪ ਵਿਚ ਆਏ ਅੰਗਰੇਜ ਹੌਲੀ-ਹੌਲੀ ਇਕ ਵੱਡੀ ਤਾਕਤ ਬਣ ਗਏ। ਪਰ ਮੁਗਲ ਸਾਮਰਾਜ ਪੂਰੀ ਤਰਾਂ ਖਤਮ ਨਹੀਂ ਹੋਇਆ ਸੀ। ਉਹ ਹਾਲੇ ਵੀ ਅੰਗਰੇਜੀ ਸਾਮਰਾਜ ਲਈ ਚੁਣੌਤੀ ਬਣਿਆ ਹੋਇਆ ਸੀ। ਇਸ ਤੋਂ ਇਲਾਵਾ ਅੰਗਰੇਜੀ ਸਾਮਰਾਜ ਨੂੰ ਜਰਮਨੀ, ਜਪਾਨ, ਇਟਲੀ ਵਰਗੀਆਂ ਉਭਰਦੀਆਂ ਸਾਮਰਾਜੀ ਤਾਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਜਰਮਨ ਅਤੇ ਇਟਲੀ ਵਰਗੇ ਸਾਮਰਾਜ ਆਪਣੀਆਂ ਦਮਨਕਾਰੀ ਨੀਤੀਆਂ ਕਰਕੇ ਵਿਸ਼ਾਲ ਅੰਗਰੇਜੀ ਸਾਮਰਾਜ ਦੀ ਤਾਕਤ ਅੱਗੇ ਟਿਕ ਨਹੀਂ ਸਕੇ। ਭਾਵੇਂ ਅੰਗਰੇਜੀ ਸਾਮਰਾਜ ਦੀ ਜਿੱਤ ਹੋਈ ਸੀ ਪਰ ਇਹ ਦੋ ਵਿਸ਼ਵ ਯੁੱਧਾਂ ਕਰਕੇ ਬੁਰੀ ਤਰਾਂ ਝੰਬਿਆ ਗਿਆ ਸੀ।
ਉਪਰੋਕਤ ਚੁਣੌਤੀਆਂ ਤੋਂ ਇਲਾਵਾ ਅੰਗਰੇਜੀ ਹਕੂਮਤ ਲਈ ਆਪਣੇ ਸਵੈ-ਰਾਜ ਦੀ ਪ੍ਰਾਪਤੀ ਅਤੇ ਅੰਗਰੇਜੀ ਤਾਕਤ ਦੇ ਕਾਰਨ ਵੱਧ ਰਹੇ ਈਸਾਈ ਗਲਵੇ ਵਿਰੁੱਧ ਆਪਣੀ ਹੋਂਦ ਤੇ ਪਛਾਣ ਕਾਇਮ ਰੱਖਣ ਲਈ ਵੱਖ-ਵੱਖ ਖਿਤਿਆਂ ਦੇ ਲੋਕਾਂ ਦਾ ਸੰਘਰਸ਼ ਵੀ ਵੱਡੀ ਸਿਰਦਰਦੀ ਬਣ ਗਿਆ। ਇਸ ਸੰਬੰਧ ਵਿਚ ਸਿੱਖਾਂ ਅਤੇ ਆਦਿਵਾਸੀ ਕਬੀਲਿਆਂ ਦਾ ਸਘੰਰਸ਼ ਵਰਨਣਯੋਗ ਹੈ। ਜਿਥੇ ਇਹ ਲੋਕ ਪਹਿਲਾਂ ਅੰਗਰੇਜਾਂ ਵਿਰੁੱਧ ਲੜੇ ਓਥੇ ਹੁਣ ਹਿੰਦੋਸਤਾਨੀ (ਹਿੰਦੂ ਸਾਮਰਾਜ) ਦੀਆਂ ਦਮਨਕਾਰੀ ਨੀਤੀਆਂ ਦਾ ਟਾਕਰਾ ਕਰ ਰਹੇ ਹਨ ।
ਦੂਸਰੀਆਂ ਸਾਮਰਾਜੀ ਤਾਕਤਾਂ ਨਾਲ ਲੜਦਿਆਂ ਅਤੇ ਅਨੇਕਾਂ ਬਗਾਵਤਾਂ ਦਾ ਸਾਹਮਣਾ ਕਰਦਿਆਂ ਅੰਗਰੇਜੀ ਸਾਮਰਾਜ ਡਗਮਗਾ ਰਿਹਾ ਸੀ। ਆਪਣੇ ਖੇਰੂੰ-ਖੇਰੂੰ ਹੋ ਰਹੇ ਸਾਮਰਾਜ ਨੂੰ ਬਚਾਉਣ ਲਈ ਅੰਗਰੇਜਾਂ ਦੀ ਟੇਕ ਯਹੂਦੀਆਂ ਅਤੇ ਬ੍ਰਾਹਮਣ ਸਮਾਜ ਤੇ ਆ ਟਿਕੀ। ਮੱਧ ਏਸ਼ੀਆ ਵਿਚ ਉਹਨਾਂ ਨੇ ਯਹੂਦੀਆਂ ਨੂੰ ਇਕ ਖਿੱਤਾ ਦੇ ਕੇ ਇਸਲਾਮੀ ਦੇਸ਼ਾਂ ਅੱਗੇ ਇਕ ਢਾਲ ਖੜੀ ਕਰ ਦਿੱਤੀ। ਦੱਖਣੀ ਏਸ਼ੀਆ ਵਿਚ ਉਹਨਾਂ ਨੂੰ ਅਫਗਾਨਸਤਾਨ, ਕਮਿਊਨਿਸਟ ਚੀਨ ਅਤੇ ਹਿੰਦੋਸਤਾਨ ਵਿਚ ਉੱਭਰ ਰਹੀਆਂ ਸਿੱਖ ਲਹਿਰਾਂ ਅਤੇ ਆਦਿ ਵਾਸੀ ਕਬੀਲਿਆਂ ਦੀਆਂ ਬਗਾਵਤਾਂ ਚੁਣੌਤੀ ਦੇ ਰਹੀਆਂ ਸਨ। ਉਹਨਾਂ ਨੂੰ ਮੁਠੀ ਭਰ ਬ੍ਰਾਹਮਣ ਵਲੋਂ ਇਕ ਵੱਡੀ ਗਿਣਤੀ ਵਾਲੀ ਵਸੋਂ ਨੂੰ ਵਰਣ ਵੰਡ ਵਿਚ ਉਲਝਾ ਕੇ ਸ਼ੋਸ਼ਣ ਕਰਨ ਦੀ ਕੁਟਲ ਨੀਤੀ ਦਾ ਗਿਆਨ ਸੀ ਅਤੇ ਉਹਨਾਂ ਨੂੰ ਸਦੀਆਂ ਤੋਂ ਗੁਲਾਮ ਰਹੀ ਬ੍ਰਾਹਮਣ ਜਮਾਤ ਤੋਂ ਬਗਾਵਤ ਦੀ ਕੋਈ ਆਸ ਨਹੀਂ ਸੀ। ਇਸ ਕਰਕੇ ਇਸ ਖਿੱਤੇ ਵਿਚ ਉਹਨਾਂ ਨੂੰ ਇਕ ਬ੍ਰਾਹਮਣ ਜਮਾਤ ਦੀ ਚੋਣ ਸਹੀ ਲੱਗੀ। ਇਸ ਮੰਤਵ ਲਈ ਬ੍ਰਾਹਮਣਵਾਦੀ ਲਹਿਰਾਂ ਨੂੰ ਸਹਿ ਦਿੱਤੀ ਗਈ। ਜਦੋਂ ਸਿੱਖ, ਮੁਸਲਮਾਨ ਅਤੇ ਹੋਰ ਆਦਿ ਵਾਸੀ ਕਬੀਲੇ ਅੰਗਰੇਜਾਂ ਵਿੱਰੁਧ ਲੜ ਰਹੇ ਸਨ ਤਾਂ ਉਸ ਸਮੇਂ ਆਰੀਆ ਸਮਾਜ, ਬ੍ਰਹਮੋ ਸਮਾਜ, ਸ਼ੁੱਧੀਕਰਨ ਆਦਿ ਲਹਿਰਾਂ ਜੋਰਾਂ ਤੇ ਸਨ। ਆਰ ਐਸ ਐਸ ਦਾ ਜਨਮ ਇਸੇ ਸਮੇਂ ਹੀ ਹੋਇਆ। ਅਜਾਦੀ ਸੰਬੰਧੀ ਹੋਏ ਇੱਕਠਾਂ, ਫੈਸਲਿਆਂ ਵੇਲੇ ਇਹਨਾਂ ਧਿਰਾਂ ਦਾ ਗਲਵਾ ਬਣਿਆ ਹੋਇਆ ਸੀ। ਜਿਨਾਹ ਵਰਗੇ ਮੁਸਲਿਮ ਨੇਤਾਵਾਂ ਨੇ ਇਸ ਸਥਿਤੀ ਨੂੰ ਜਲਦੀ ਹੀ ਤਾੜ ਲਿਆ ਅਤੇ ਮੁਸਲਮਾਨਾਂ ਲਈ ਵੱਖਰੇ ਮੁਲਕ ਲਈ ਸ਼ੰਘਰਸ਼ ਸ਼ੁਰੂ ਕਰ ਦਿੱਤਾ। ਸ਼ੁੱਧ ਹਿੰਦੀ, ਹਿੰਦੂ, ਹਿੰਦੋਸਤਾਨ ਵਾਲੀਆਂ ਭਾਵਨਾਵਾਂ ਰੱਖਣ ਵਾਲਿਆਂ ਨੂੰ ਵੀ ਇਹ ਠੀਕ ਹੀ ਲੱਗਿਆ। ਉਹਨਾਂ ਸੋਚਿਆ ਕਿ ਛੋਟਾ ਜਿਹਾ ਖਿੱਤਾ ਦੇ ਕੇ ਮੁਸਲਮਾਨਾਂ ਨੂੰ ਇਥੋਂ ਦਫਾ ਕੀਤਾ ਜਾਵੇ। ਦੂਸਰੀਆਂ ਘੱਟ ਗਿਣਤੀਆਂ ਸਿੱਖਾਂ ਜੈਨੀਆਂ ਅਤੇ ਬੋਧੀਆਂ ਤੋਂ ਉਹਨਾ ਨੂੰ ਕੋਈ ਖਤਰਾ ਨਹੀਂ ਸੀ ਮਹਿਸੂਸ ਹੋ ਰਿਹਾ। ਕਿਉਂ ਕਿ ਸਿੱਖਾਂ ਦੀ ਆਬਾਦੀ ਬਹੁਤ ਘੱਟ ਸੀ ਅਤੇ ਦੂਸਰਾ ਉਹ ਜਾਣਦੇ ਸਨ ਕਿ ਸਾਂਝੇ ਵਿਰਸੇ ਦਾ ਵਾਸਤਾ ਪਾ ਕੇ ਸਿੱਖਾਂ ਨੂੰ ਵੱਸ ਕਰ ਲੈਣਗੇ ਅਤੇ ਕਾਮਯਾਬ ਹੋਏ ਵੀ। ਜੈਨੀਆਂ ਅਤੇ ਬੋਧੀਆਂ ਦੀ ਚੁੱਪ ਸਮਝ ਤੋਂ ਪਰੇ ਹੈ। ਸਾਇਦ ਉਹ ਹਿੰਦੂ ਅਜਗਰ ਦੀ ਹੜੱਪਣ ਨੀਤੀ ਦਾ ਸ਼ਿਕਾਰ ਹੋ ਚੁਕੇ ਹਨ।
ਕੁਝ ਕੁ ਇਤਿਹਾਸਕਾਰਾਂ ਦਾ ਮੱਤ ਹੈ ਕਿ ਅੰਗਰੇਜ ਸਿੱਖਾਂ ਪ੍ਰਤੀ ਸੁਹਿਰਦ ਸਨ ਅਤੇ ਸਿੱਖਾਂ ਨੂੰ ਵੀ ਮੁਸਲਮਾਨਾਂ ਵਾਂਗ ਇਕ ਵੱਖਰਾ ਮੁਲਕ ਦੇਣ ਦੇ ਹੱਕ ਵਿਚ ਸਨ। ਪਰ ਇਹ ਦਾਅਵਾ ਅੰਗਰੇਜਾਂ ਦੀ ਨੀਤੀ ਦੇ ਉਲਟ ਜਾਪਦਾ ਹੈ। ਉਹ ਸਿੱਖ ਧਰਮ ਦੇ ਨਿਆਰੇਪਣ ਅਤੇ ਜੁਝਾਰੂ ਵਿਰਤੀ ਤੋਂ ਭਲੀ ਭਾਂਤ ਜਾਣੂ ਸਨ। ਅਜਿਹੀ ਹਾਲਤ ਵਿਚ ਉਹ ਕਿਉਂ ਚਾਹੁੰਦੇ ਕਿ ਸਿੱਖ ਇਕ ਸੁੰਤਤਰ ਸ਼ਕਤੀ ਵਜੋਂ ਵਿਚਰਨ ਅਤੇ ਭਵਿੱਖ ਵਿਚ ਉਹਨਾਂ ਲਈ ਸਿਰਦਰਦੀ ਬਣਨ। ਉਹਨਾਂ ਨੇ ਨਾ ਸਿਰਫ ਸਿੱਖਾਂ ਨੂੰ ਹਿੰਦੂ ਸਾਮਰਾਜ ਦੇ ਵੱਸ ਪਾਇਆ ਸਗੋਂ ਆਜਾਦ ਸਿੱਖ ਰਾਜ ਵਾਲੇ ਖਿੱਤੇ ਨੂੰ ਦੋ ਫਾੜ ਕਰ ਦਿੱਤਾ ਅਤੇ ਸਿੱਖ ਦੋ ਮੁਲਕਾਂ ਵਿਚ ਘੱਟ ਗਿਣਤੀ ਬਣ ਕੇ ਰਹਿ ਗਏ।
ਅੰਗਰੇਜਾਂ ਵਲੋਂ ਤੋਹਫੇ ਦੇ ਰੂਪ ਵਿਚ ਮਿਲੇ ਨਵੇਂ ਬ੍ਰਾਹਮਣ ਸਾਮਰਾਜ (ਅਜਾਦ ਭਾਰਤ) ਦਾ ਸ਼ੁੱਧ ਹਿੰਦੂ ਰਾਸ਼ਟਰ ਦਾ ਸੁਪਨਾ ਅਜੇ ਵੀ ਅਧੂਰਾ ਸੀ। ਪਹਿਲਾ ਇਹ ਕਿ ਪਾਕਿਸਤਾਨ ਬਣਨ ਦੇ ਬਾਵਜੂਦ ਹਿੰਦੋਸਤਾਨ ਵਿਚ ਅਜੇ ਵੀ ਮੁਸਲਮਾਨਾਂ ਦੀ ਗਿਣਤੀ ਕਾਫੀ ਜਿਆਦਾ ਸੀ। ਇਹ ਨਹੀਂ ਕਿ ਹਿੰਦੂਵਾਦੀ ਨੇਤਾਵਾਂ ਨੂੰ ਇਸ ਸਥਿਤੀ ਦਾ ਗਿਆਨ ਨਹੀਂ ਸੀ। ਉਹਨਾਂ ਨੂੰ ਪਤਾ ਸੀ ਕਿ ਬਹੁਤੇ ਮੁਸਲਮਾਨ ਆਪਣੀ ਮਿੱਟੀ ਨੂੰ ਛੱਡਣ ਲਈ ਤਿਆਰ ਨਹੀਂ ਹੋਣਗੇ। ਇਸ ਦਾ ਹੱਲ ਉਹਨਾਂ ਨੇ ਲੱਭ ਲਿਆ ਸੀ। ਇਹ ਸੀ ਕਿ ਸਿੱਖਿਆ ਦਾ ਭਗਵਾਕਰਨ ਅਤੇ ਹਿੰਦੋਸਤਾਨੀ ਰਾਸ਼ਟਰ ਭਗਤੀ। ਇਹ ਪੈਂਤੜਾ ਦੁਨੀਆ ਭਰ ਵਿਚ ਰਾਸ਼ਟਰਵਾਦੀ ਤਾਕਤਾਂ ਵਲੋਂ ਅਪਣਾਇਆ ਗਿਆ ਹੈ।
ਜਦੋਂ ਮੁਲਕ ਦੇ ਲੋਕ ਅਜਾਦੀ ਦਾ ਜਸ਼ਨ ਮਨਾ ਰਹੇ ਸਨ ਤਾਂ ਇਸਦੇ ਨਾਲ ਹੀ ਸ਼ੁੱਧ ਹਿੰਦੂ ਰਾਸ਼ਟਰ ਦੇ ਨਿਰਮਾਣ ਲਈ ਉਪਰੋਕਤ ਨੀਤੀਆਂ ਦਾ ਆਗਾਜ ਹੋ ਚੁੱਕਾ ਸੀ ਪਰ ਇਸ ਦੀ ਰਫਤਾਰ ਕ੍ਰਿਕਟ ਦੇ ਪੰਜ ਦਿਨਾਂ ਟੈਸਟ ਮੈਚ ਦੀ ਤਰਾਂ ਸੀ ਜੋ ਕਿ ਬਹੁਤ ਕਾਹਲੇ ਅਤੇ ਕੱਟੜ ਆਗੂਆ ਨੂੰ ਮਨਜੂਰ ਨਹੀਂ ਸੀ ਪਰ ਉਸ ਸਮੇਂ ਸੱਤਾ ਤੇ ਨਰਮ ਹਿੰਦੂਤਵ ਚਰਿੱਤਰ ਵਾਲੀ ਕਾਂਗਰਸ ਕਾਬਜ ਸੀ। ਕਾਂਗਰਸ ਆਗੂ ਇਸ ਦੀ ਰਫਤਾਰ ਸੁਸਤ ਰੱਖਣ ਦੇ ਹੱਕ ਵਿਚ ਹੀ ਸਨ। ਸ਼ੁਰੂ ਵਿਚ ਇਹ ਨੀਤੀ ਕਾਰਗਰ ਵੀ ਸਾਬਤ ਹੋਈ। ਪਰ ਕਾਹਲਿਆਂ ਦੀ ਕਾਹਲ ਨੂੰ ਪਹਿਲਾ ਮੌਕਾ ਜਨਤਾ ਸਰਕਾਰ ਸਮੇਂ ਮਿਲਿਆ। ਸੰਜੋਗਵਸ ਉਦੋਂ ਤਕ ਕ੍ਰਿਕਟ ਦੀ ਖੇਡ ਦੀ ਰਫਤਾਰ ਵੀ ਤੇਜ ਹੋ ਗਈ ਸੀ। ਇਕ ਦਿਨਾਂ ਮੈਚ ਵੀ ਸ਼ੁਰੂ ਹੋ ਚੁਕੇ ਸਨ। ਸਰਕਾਰ ਵੀ ਇਕ ਦਿਨਾ ਖੇਡ ਵਾਂਗ ਚੱਲੀ। ਦੋ ਦਹਾਕਿਆ ਵਿਚ ਜਨ ਸੰਘ ਤੋਂ ਭਾਜਪਾ ਬਣੀ ਟੀਮ ਨੂੰ ਅਟਲ ਬਿਹਾਰੀ ਨੇ ਪਰਧਾਨ ਮੰਤਰੀ ਬਣਨ ਦੀ ਹੈਟਟਿਰਕ ਮਾਰ ਕੇ ਸਤਾ ਦੇ ਸੁਪਰ ਸਿਕਸ ਵਿਚ ਲਿਆਂਦਾ ਪਰ 2004 ਵਿਚ ਕਾਂਗਰਸ ਸਰਕਾਰ ਆਉਣ ਨਾਲ ਇਸ ਸ਼ੁਧੀਕਰਣ ਦੀ ਰਫਤਾਰ ਫਿਰ ਸਥਿਰ ਹੋ ਗਈ।
2014 ਵਿਚ ਭਾਜਪਾ ਦੀ ਸਰਕਾਰ ਆਉਣ ਨਾਲ 20-20 ਦਾ ਪਿੜ ਸਥਾਪਿਤ ਹੋ ਗਿਆ ਅਤੇ 2019 ਵਿਚ ਦੁਬਾਰਾ ਭਾਰੀ ਬਹੁਮਤ ਮਿਲਣ ਕਰਕੇ ਫਿਰ 20-20 ਵਾਲੀ ਖੇਡ ਸ਼ੁਰੂ ਹੋ ਚੁੱਕੀ ਹੈ। ਇਸ 20-20 ਵਾਲੀ ਖੇਡ ਦਾ ਪਹਿਲਾ ਸ਼ਿਕਾਰ ਜੰਮੂ ਬਣਿਆ ਹੈ। ਹੁਣ ਐਨ.ਸੀ.ਆਰ, ਸੀ.ਏ.ਏ ਅਤੇ ਐਨ.ਪੀ.ਆਰ, ਅਧਾਰ, ਜੀ.ਐਸ.ਟੀ ਵਰਗੇ ਘਾਤਕ ਨੇਮਾਂ ਨਾਲ ਸੱਤਾ ਦੀ 20-20 ਟੋਲੀ (ਟੀਮ) ਮੈਦਾਨ ਵਿਚ ਉੱਤਰ ਚੁੱਕੀ ਹੈ। ਅਜੋਕੀ 20-20 ਦੀ ਟੋਲੀ ਦੇ ਸਿਰਫ ਖਿਡਾਰੀ ਹੀ ਖਤਰਨਾਕ ਨਹੀਂ ਸਗੋਂ ਇਸਦਾ ਕਪਤਾਨ ਵੀ ਆਲ ਰਾਉਂਡਰ ਸਿਆਸਤਦਾਨ ਹੈ ।
ਹਿਟਲਰ ਨੂੰ ਕ੍ਰਿਕਟ ਦੇ ਪੰਜ ਦਿਨਾਂ ਟੈਸਟ ਮੈਚ ਕਰਕੇ ਇਸ ਖੇਡ ਨਾਲ ਬੜੀ ਨਫਰਤ ਸੀ। ਜੇ ਉਹ ਅੱਜ ਦੇ 20-20 ਯੁੱਗ ਵਿਚ ਹੁੰਦਾ ਤਾਂ ਉਸਨੇ ਵੀ ਇਸਨੂੰ ਬੜਾ ਪਸੰਦ ਕਰਨਾ ਸੀ। ਮਜੇ ਦੀ ਗੱਲ ਇਹ ਕਿ ਇਹਨਾਂ ਵਿਰੁੱਧ ਖੇਡਣ ਵਾਲੇ ਪੰਜ ਦਿਨਾਂ ਮੈਚ ਖੇਡਣ ਵਾਲੇ ਹਨ। ਇਹ ਪੰਜ ਦਿਨਾਂ ਮੈਚ ਖੇਡਣ ਵਾਲਿਆਂ ਨਾਲ ਇਕ ਵੱਡਾ ਧੱਕਾ ਇਹ ਵੀ ਹੋ ਗਿਆ ਕਿ ਉਪਰੋਕਤ ਘਾਤਕ ਖਿਡਾਰੀ ਇਹਨਾਂ ਦੀ ਛਤਰ-ਛਾਇਆ ਹੇਠ ਉੱਭਰੇ ਪਰ ਇਹਨਾਂ ਦਾ ਮਾਲਕ ਕੋਈ ਹੋਰ ਬਣ ਗਿਆ ਹੈ। ਟੈਸਟ ਮੈਚ ਖੇਡਣ ਵਾਲਿਆਂ ਨੂੰ ਦੁਖ ਹੈ ਕਿ ਜਿਹੜੀ ਖੇਡ ਨੂੰ ਉਹ ਮੱਠੀ-ਮੱਠੀ ਰਫਤਾਰ ਤੇ ਚਲਾ ਕੇ ਸਿਖਰ ਤੇ ਲੈ ਕੇ ਆਏ ਸਨ ਅਤੇ ਜਿੱਤ ਦਾ ਸਵਾਦ ਚੱਖਣਾ ਸੀ ਉਸ ਮੌਕੇ ਉਸ ਖੇਡ ਦੀ ਵਾਗਡੋਰ ਇਹਨਾਂ ਹੱਥੋਂ ਖੁੱਸ ਗਈ ਹੈ। ਜਦੋਂ ਸਾਬਕਾ ਪ੍ਰਧਾਨ ਮੰਤਰੀ ਧਾਰਾ 370 ਖਤਮ ਕਰਨ ਬਾਰੇ ਇਹ ਕਹਿੰਦਾ ਕਿ ਕਾਂਗਰਸ ਇਸ ਨੂੰ ਖਤਮ ਕਰਨ ਦੇ ਵਿਰੁੱਧ ਨਹੀਂ, ਪਰ ਇਸ ਨੂੰ ਖਤਮ ਕਰਨ ਦੇ ਢੰਗ ਦੇ ਵਿਰੁੱਧ ਹੈ ਤਾਂ ਮਤਲਬ ਸਾਫ ਹੈ ਕਿ ਇਸਨੂੰ ਪੰਜ ਦਿਨਾਂ ਮੈਚ ਵਾਂਗ ਖੇਡਣਾ ਚਾਹੀਦਾ ਸੀ। ਹੁਣ ਇਹ ਦਲ ਸੰਵਿਧਾਨ ਬਚਾਉਣ ਦਾ ਹੋਕਾ ਦੇ ਰਹੇ ਹਨ – ਉਹ ਸੰਵਿਧਾਨ ਜਿਹੜਾ ਮੂਲੋਂ ਹੀ ਘੱਟ ਗਿਣਤੀਆਂ ਦੇ ਵਿਰੁੱਧ ਹੈ।
ਘੱਟ ਗਿਣਤੀਆਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਜਾਂ ਹੋਣਾ ਚਾਹੀਦਾ ਹੈ ਕਿ ਪੰਜ ਦਿਨਾਂ ਮੈਚ ਖੇਡਣ ਵਾਲਿਆਂ ਅਤੇ 20-20 ਵਾਲਿਆਂ ਦਾ ਅੰਤਿਮ ਨਿਸ਼ਾਨਾ ਇਕੋ ਹੀ ਹੈ। ਅਜਿਹੀ ਹਾਲਤ ਵਿਚ ਘੱਟ ਗਿਣਤੀਆਂ ਨੂੰ ਆਪਣੀ ਅਜਾਦ ਹਸਤੀ ਕਾਇਮ ਰਖਣ ਅਤੇ ਸਵੈਮਾਣ ਨਾਲ ਜਿਉਣ ਲਈ ਜਰੂਰੀ ਹੈ ਕਿ ਬਹੁ ਗਿਣਤੀ ਅਤੇ ਮਜਬੂਤ ਪਕੜ ਵਾਲੇ ਸ਼ਕਤੀਸ਼ਾਲੀ ਕੇਂਦਰ (ਜਿਸ ਅੱਗੇ ਸਾਰੇ ਰਾਜ ਬੇਵੱਸ ਹਨ) ਦੀ ਵਕਾਲਤ ਕਰਨ ਵਾਲੇ ਸੰਵਿਧਾਨ ਨੂੰ ਬਦਲਿਆ ਜਾਵੇ ਅਤੇ ਰਾਜਾਂ ਨੂੰ ਵੱਧ ਅਧਿਕਾਰ ਦੇ ਕੇ ਖੁਦ ਮੁਖਤਿਆਰੀ ਦਿੱਤੀ ਜਾਵੇ। ਇੱਥੇ ਇਹ ਗੱਲ ਵੀ ਵੇਖਣ ਵਾਲੀ ਹੈ ਕਿ ਸੰਵਿਧਾਨ ਬਦਲਣ ਲਈ 20-20 ਵਾਲੇ ਵੀ ਕਾਹਲੇ ਹਨ ਕਿਉਂਕਿ ਉਹਨਾਂ ਨੂੰ ਸੈਕੁਲਰ (ਜੋ ਕਿ ਵਿਖਾਵਾ ਮਾਤਰ ਹੀ ਹਨ) ਆਦਿ ਸ਼ਬਦ ਬਹੁਤ ਚੁਭਦੇ ਹਨ। 20-20 ਮੈਚ ਖੇਡਣ ਵਾਲਿਆਂ ਨੇ ਸ਼ਾਇਦ ਇਤਹਾਸ ਤੋਂ ਕੁਝ ਨਹੀਂ ਸਿੱਖਿਆ। ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ ਕਿ ਕੋਈ ਵੀ ਸਲਤਨਤ ਤਾਂ ਹੀ ਕਾਇਮ ਰਹਿ ਸਕਦੀ ਹੈ ਜੇ ਉਸਦੇ ਵਾਸਿੰਦਿਆਂ ਨੂੰ ਖੁੱਲੀ ਹਵਾ ਵਿਚ ਸਾਹ ਲੈਣ ਦਾ ਅਹਿਸਾਸ ਹੋਵੇ। ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿਚ ਹਰ ਇਕ ਨੂੰ ਬਣਦਾ ਸਨਮਾਨ ਦੇ ਕੇ ਹੀ ਸ਼ਾਂਤੀ ਅਤੇ ਸਦਭਾਵਨਾ ਬਣੀ ਰਹਿ ਸਕਦੀ ਹੈ।
ਦਮਨਕਾਰੀ ਸ਼ਕਤੀਆਂ ਵਾਲਾ ਸਾਮਰਾਜ ਜਿਆਦਾ ਦੇਰ ਨਹੀਂ ਖੜਾ ਰਹਿ ਸਕਦਾ। ਪੰਜ ਦਿਨਾਂ ਟੈਸਟ ਮੈਚ ਖੇਡਣ ਵਾਲਿਆਂ ਨੂੰ ਆਪਣੀ ਨੀਤੀ ਦੇ ਪੁਨਰ ਮੁਲਾਂਕਣ ਦੀ ਲੋੜ ਹੈ। ਅਜੋਕੇ ਸੰਦਰਭ ਵਿਚ ਪੰਜ ਦਿਨਾਂ ਟੈਸਟ ਮੈਚ ਵਾਲੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਅਪਣਾ ਕੇ ਅਤੇ ਸ਼ੁੱਧ ਧਾਰਮਿਕ ਰਾਸ਼ਟਰ ਦੀ ਨੀਤੀ ਛੱਡ ਕੇ ਹੀ 20-20 ਵਾਲਿਆਂ (ਇਹਨਾਂ ਤੋਂ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਆਸ ਕੀਤੀ ਹੀ ਨਹੀਂ ਜਾ ਸਕਦੀ) ਨੂੰ ਟੱਕਰ ਦੇ ਸਕਦੇ ਹਨ ਤਾਂ ਹੀ ਭਾਰਤੀ ਮਹਾਂਦੀਪ ਦਾ ਮੌਜੂਦਾ ਦੇਸ ਵਾਲਾ ਸਰੂਪ ਬਣਿਆ ਰਹਿ ਸਕਦਾ ਹੈ। ਇਹ ਬਾਕੀ ਧਿਰਾਂ ਤੇ ਨਿਰਭਰ ਹੈ ਕਿ ਜੇ ਓਹਨਾਂ ਨੂੰ ਕੋਈ ਹੋਰ ਖੇਡ ਪੁਗਦੀ ਹੈ ਤਾਂ ਮੈਦਾਨ ਤਿਆਰ ਕਰਨ ਅਤੇ ਆਪਣੀ ਤਿਆਰੀ ਕਰਨ ਫਿਲਹਾਲ ਓਹ 20-20 ਵਿਚ ਰਾਮ ਭਰੋਸੇ ਰਹਿ ਸਕਦੇ ਹਨ।