ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਦੇ ਮੁੱਖ ਦਫਤਰ ਫਤਿਹਗੜ੍ਹ ਸਾਹਿਬ ਤੋਂ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਹਿੰਦੁਸਤਾਨੀ ਜਾਸੂਸ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਉਹ ਪਾਕਿਸਤਾਨ ਫੌਜ ਦੇ ਮੁੱਖ ਜਨਰਲ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਨ। ਸ. ਮਾਨ ਨੇ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਇਸ ਦੁਨੀਆਂ ਵਿਚ ਜਨਮ ਦੇਣ ਅਤੇ ਉਸਦੀ ਜਾਨ ਲੈਣ ਦਾ ਹੱਕ ਕੇਵਲ ਤੇ ਕੇਵਲ ਇਕ ਅਕਾਲ ਪੁਰਖ ਕੋਲ ਹੈ। ਇਸੇ ਸੋਚ ਅਧੀਨ ਅਸੀਂ ਕੌਮਾਂਤਰੀ ਪੱਧਰ ‘ਤੇ ਮੌਤ ਦੀ ਸਜ਼ਾ ਨੂੰ ਸਮੁੱਚੇ ਮੁਲਕਾਂ ਵਿਚ ਖ਼ਤਮ ਕਰਨ ਦੇ ਹੱਕ ਵਿਚ ਹਾਂ। ਪਰ ਹੁਣ ਭਾਰਤ ਦੇ ਹੁਕਮਰਾਨਾਂ ਵੱਲੋਂ ਜਾਧਵ ਦੀ ਫ਼ਾਂਸੀ ਨੂੰ ਖ਼ਤਮ ਕਰਵਾਉਣ ਲਈ ਨਿਮਰਤਾ ਵਰਤਣ ਦੀ ਥਾਂ ਧਮਕੀਆਂ ਜਾਂ ਕੋਝੇ ਤਰੀਕਿਆ ਦੀ ਵਰਤੋਂ ਕੀਤੀ ਜਾ ਰਹੀ ਹੈ, ਇਹ ਤਾਂ ਜਾਧਵ ਨੂੰ ਫਾਂਸੀ ਵੱਲ ਧੱਕਣ ਦੇ ਅਮਲ ਹਨ।
ਹੁਣ ਜਦੋਂ ਕੁਲਭੂਸ਼ਣ ਜਾਧਵ ਦਾ ਕੇਸ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਬਾਵਜਾ ਕੋਲ ਪਹੁੰਚ ਚੁੱਕਿਆ ਹੈ ਤਾਂ ਅਸੀਂ ਆਪਣੇ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਪੁਰਾਤਨ ਮਜ਼ਬੂਤ ਰਿਸ਼ਤੇ ਅਤੇ ਸਹਿਚਾਰ ਦੇ ਨਾਤੇ ਜਰਨਲ ਬਾਜਵਾ ਨੂੰ ਮਿਲਕੇ ਜਾਧਵ ਦੀ ਫਾਂਸੀ ਨੂੰ ਖ਼ਤਮ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਵਾਂਗੇ। ਸਾਨੂੰ ਪੂਰਾ ਭਰੋਸਾ ਹੈ ਕਿ ਜਦੋਂ ਵੀ ਅਸੀਂ ਜਰਨਲ ਕਮਰ ਜਾਵੇਦ ਬਾਜਵਾ ਨਾਲ ਇਸ ਵਿਸ਼ੇ ‘ਤੇ ਗੱਲਬਾਤ ਕਰਾਂਗੇ, ਤਾਂ ਉਹ ਸਾਡੇ ਪੁਰਾਤਨ ਸਮਾਜਿਕ ਅਤੇ ਮਨੁੱਖਤਾ ਪੱਖੀ ਰਿਸ਼ਤਿਆਂ ਨੂੰ ਧਿਆਨ ਹੋਏ ਜਾਧਵ ਦੇ ਪਰਿਵਾਰ ਵੱਲੋਂ ਕੀਤੀ ਗਈ ਮਰਸੀ (ਦਯਾ) ਅਪੀਲ ਨੂੰ ਪ੍ਰਵਾਨ ਕਰਦੇ ਹੋਏ ਜਾਧਵ ਦੀ ਫਾਂਸੀ ਜਰਨਲ ਸਾਹਿਬ ਅਤੇ ਪਾਕਿਸਤਾਨ ਹਕੂਮਤ ਜ਼ਰੂਰ ਰੱਦ ਕਰ ਦੇਵੇਗੀ।
ਸਬੰਧਤ ਖ਼ਬਰ: ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੇ ਪਾਕਿਸਤਾਨ ਫੌਜ ਮੁਖੀ ਜਨਰਲ ਬਾਜਵਾ ਕੋਲ ਕੀਤੀ ਰਹਿਮ ਦੀ ਅਪੀਲ …
ਸ. ਮਾਨ ਨੇ ਇਸ ਮੌਕੇ ਜਾਰੀ ਬਿਆਨ ‘ਚ ਇਹ ਵੀ ਕਿਹਾ ਕਿ ਪਾਕਿਸਤਾਨ ਇਕ ਅਜ਼ਾਦ ਮੁਲਕ ਹੈ, ਜਿਸ ਨੂੰ ਭਾਰਤ ਗਿੱਦੜ ਭਬਕੀਆਂ ਮਾਰਕੇ ਜਾਧਵ ਦੀ ਫਾਂਸੀ ਰੁਕਵਾਉਣਾ ਚਾਹੁੰਦਾ ਹੈ, ਅਜਿਹੀਆਂ ਹਰਕਤਾਂ ਨਾਲ ਇਹ ਜਾਧਵ ਨੂੰ ਨਹੀਂ ਬਚਾਅ ਸਕਣਗੇ।