March 24, 2012 | By ਸਿੱਖ ਸਿਆਸਤ ਬਿਊਰੋ
ਰੋਪੜ, ਪੰਜਾਬ (ਮਾਰਚ 24, 2012): ਪੰਜਾਬੀ ਦੇ ਰੋਜਾਨਾ ਅਖਬਾਰ “ਪੰਜਾਬੀ ਟ੍ਰਿਬਿਊਨ” ਵਿਚ ਛਪੀ ਇਕ ਖਬਰ ਮੁਤਾਬਕ ਬੀਤੀ 17 ਮਾਰਚ ਨੂੰ ਸ਼ਿਵ ਸੈਨਾ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਜੱਲਾਦ ਦੀ ਪੇਸ਼ਕਸ਼ ਕਰਨ ਸਬੰਧੀ ਕੁੱਝ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਨਾਲੋ ਨੌਜਵਾਨਾਂ ਨੇ ਆਪਣਾ ਨਾਤਾ ਤੋੜਦੇ ਹੋਏ ਖਿਮਾ ਦੀ ਮੰਗ ਕੀਤੀ ਹੈ। ਅੱਜ ਇੱਥੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਅਖ਼ਬਾਰਾਂ ਵਿੱਚ ਛਪੀ ਫੋਟੋ ਵਿੱਚ ਸ਼ਾਮਿਲ ਨੌਜਵਾਨਾਂ ਕੁਮਾਰ ਗੌਰਵ, ਅੰਮ੍ਰਿਤ ਸਿੰਘ, ਅਮਿਤ ਕੁਮਾਰ ਅਤੇ ਜਤਿੰਦਰ ਕੁਮਾਰ ਉਰਫ ਮੋਨੂੰ ਨੇ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਉਹ 16 ਮਾਰਚ ਨੂੰ ਸ਼ਾਮ ਸਮੇਂ ਉਂਝ ਹੀ ਘਨੌਲੀ ਬੱਸ ਸਟੈਂਡ ਵੱਲ ਘੁੰਮਣ ਜਾ ਰਹੇ ਸਨ ਕਿ ਰਸਤੇ ਵਿੱਚ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨੇ ਉਨ੍ਹਾਂ ਨੂੰ ਬੁਲਾ ਕੇ ਇਹ ਕਹਿੰਦਿਆਂ ਫੋਟੋ ਖਿਚਵਾ ਲਈ ਕਿ ਉਸ ਨੇ ਅਖਬਾਰ ਵਿੱਚ ਕੋਈ ਬਿਆਨ ਦੇਣਾ ਹੈ।
ਉਨ੍ਹਾਂ ਕਿਹਾ ਕਿ ਸੰਜੀਵ ਘਨੌਲੀ ਦੀ ਇੱਥੇ ਹੀ ਦੁਕਾਨ ਹੋਣ ਕਰਕੇ ਉਨ੍ਹਾਂ ਨਾਲ ਜਾਣ ਪਛਾਣ ਦੀ ਵਜ੍ਹਾ ਕਾਰਨ ਉਹ ਫੋਟੋ ਖਿਚਵਾਉਣ ਉਪਰੰਤ ਉੱਥੋਂ ਚਲੇ ਗਏ, ਪਰ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਸ ਖ਼ਬਰ ਨਾਲ ਪੂਰੇ ਪੰਜਾਬ ਵਿੱਚ ਵਿਵਾਦ ਪੈਦਾ ਹੋ ਗਿਆ ਹੈ ਤੇ ਉਸ ਖ਼ਬਰ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਹਲਫੀਆ ਬਿਆਨ ਰਾਹੀਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਸ਼ਿਵ ਸੈਨਾ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਸਿੱਖ ਸੰਗਤਾਂ ਤੋਂ ਖਿਮਾ ਦੀ ਕੀਤੀ। ਇਸ ਸਬੰਧੀ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨਾਲ ਸੰਪਰਕ ਨਹੀਂ ਹੋ ਸਕਿਆ।
Related Topics: Bhai Balwant Singh Rajoana, Shiv Sena