ਲੇਖ

ਬੇਹੱਦ ਜ਼ਰੂਰੀ ਹੈ ਪਾਣੀ ਦੀ ਸੰਭਾਲ

By ਸਿੱਖ ਸਿਆਸਤ ਬਿਊਰੋ

August 30, 2022

ਪੰਜਾਬ ਨੂੰ ਪੰਜ ਦਰਿਆਵਾਂ ਕਰਕੇ ਇਹ ਨਾਂਅ ਮਿਲਿਆ ਪਰ ਹੁਣ ਸ਼ੁੱਧ ਪਾਣੀ ਦੀ ਘਾਟ ਕਰਕੇ ਅਤੇ ਧਰਤੀ ਹੇਠਲਾ ਪਾਣੀ ਬਹੁਤ ਡੂੰਘੇ ਚਲੇ ਜਾਣ ਕਾਰਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਧਰਤੀ ਹੇਠਲੇ ਪਾਣੀ ਨੂੰ ਇੰਨੀ ਬੇਕਦਰੀ ਨਾਲ ਵਰਤਿਆ ਗਿਆ ਕਿ ਜਿਹੜਾ ਪਾਣੀ ਕਦੇ ਫੁੱਟ ਥੱਲੇ ਮਿਲਦਾ ਸੀ ਅੱਜ 120 ਫੁੱਟ ਹੇਠਾਂ ਜਾ ਚੁੱਕਾ ਹੈ। ਅਸੀਂ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਵੀ ਕੀਤਾ ਹੈ। ਉਦਯੋਗਾਂ ਦਾ ਕੈਮੀਕਲ, ਰਹਿੰਦ-ਖੂੰਹਦ, ਕੀਟਨਾਸ਼ਕ ਦਵਾਈਆਂ ਦਾ ਪਾਣੀ ਵਿਚ ਮਿਲਣਾ ਇਸ ਨੂੰ ਜ਼ਹਿਰੀਲਾ ਬਣਾ ਰਹੇ ਹਨ ਅਤੇ ਇਹ ਜ਼ਹਿਰੀਲਾ ਪਾਣੀ ਪੀ ਕੇ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਕੈਂਸਰ ਵਰਗੇ ਮਾਰੂ ਰੋਗ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੇ ਹਨ। ਅਸੀਂ ਹਾਲੇ ਵੀ ਪਾਣੀ ਦੀ ਸੰਭਾਲ ਲਈ ਕੋਈ ਯਤਨ ਨਹੀਂ ਆਰੰਭੇ। ਝੋਨੇ ਦੇ ਫ਼ਸਲੀ ਚੱਕਰ ਵਿਚੋਂ ਨਿਕਲਣ ਲਈ ਕੋਈ ਇਸ ਦੇ ਬਦਲ ਵਜੋਂ ਠੋਸ ਪ੍ਰਬੰਧ ਨਹੀਂ ਬਣਿਆ। ਜਿਸ ਤਰ੍ਹਾਂ ਪਾਣੀ ਦੀ ਬਰਬਾਦੀ ਅਸੀਂ ਕਰ ਰਹੇ ਹਾਂ ਇਹ ਸਥਿਤੀ ਪੰਜਾਬ ਨੂੰ ਮਾਰੂਥਲ ਬਣਾ ਸਕਦੀ ਹੈ।

ਕੇਂਦਰ ਅਤੇ ਪੰਜਾਬ ਸਰਕਾਰ ਨੇ ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਨੀਤੀਆਂ, ਕਾਰਜ ਅਤੇ ਯੋਜਨਾਵਾਂ ਉਲੀਕੀਆਂ ਹਨ ਪਰ ਇਹ ਤਾਂ ਹੀ ਸਾਰਥਕ ਹੈ ਜੇ ਇਹ ਅਮਲੀ ਤੌਰ ਉੱਤੇ ਕੁਝ ਨਤੀਜੇ ਦੇਣ। ਇਸ਼ਤਿਹਾਰਾਂ, ਨਾਟਕਾਂ, ਸੰਚਾਰ ਦੇ ਹੋਰ ਸਾਧਨਾਂ ਦੁਆਰਾ ਲੋਕਾਂ ਨੂੰ ਪਾਣੀ ਬਚਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਾਡੀਆਂ ਯੋਜਨਾਵਾਂ ਤਾਂ ਬਹੁਤ ਬਣਦੀਆਂ ਹਨ ਪਰ ਸਿਰੇ ਨਹੀਂ ਚੜ੍ਹਦੀਆਂ। ਭ੍ਰਿਸ਼ਟਾਚਾਰੀ ਦੈਂਤ ਕਾਫੀ ਕੁਝ ਨਿਗਲ ਜਾਂਦਾ ਹੈ।

ਪੰਜਾਬ ਦੀ ਆਮ ਆਦਮੀ ਸਰਕਾਰ ਕੁਦਰਤੀ ਸਾਧਨਾਂ ਸੋਮਿਆਂ ਨੂੰ ਸੁਰੱਖਿਅਤ ਰੱਖਣ ਲਈ ਕਿੰਨਾ ਕੁ ਯੋਗਦਾਨ ਪਾਉਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ। ਪਾਣੀ ਵਿਚ ਕਾਫ਼ੀ ਰਸਾਇਣ ਜਿਵੇਂ ਕਿ ਮੈਗਨੀਸ਼ੀਅਮ, ਕੈਲਸ਼ੀਅਮ, ਸ਼ੋਰਾ ਤੇ ਤੇਜ਼ਾਬੀ ਮਾਦਾ ਮਿਲੇ ਹੋਣ ਕਰਕੇ ਸ਼ੁੱਧ ਪਾਣੀ ਦੀ ਪ੍ਰਾਪਤੀ ਬਹੁਤ ਤਰਸਯੋਗ ਹੈ।

ਪਾਣੀ ਤੋਂ ਬਗੈਰ ਸਹਿਕ ਰਹੀ ਕਿਸਾਨੀ ਦੀ ਹਾਲਤ ਕੀ ਹੋਵੇਗੀ ? ਪੰਜਾਬ ਵਿਚ ਕਈ ਬਲਾਕ ਡਾਰਕ ਜ਼ੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ ਅਤੇ ਕਈ ਬਲਾਕ ਖ਼ਤਰੇ ਦੇ ਨਿਸ਼ਾਨ ਉੱਤੇ ਪਾਣੀ ਦੇ ਰਹੇ ਹਨ। ਕੁਦਰਤ ਨਾਲ ਖਿਲਵਾੜ ਕਰਕੇ ਕਦੇ ਵੀ ਵਿਕਾਸ ਨਹੀਂ ਕੀਤਾ ਜਾ ਸਕਦਾ। ਅਜਿਹੀ ਤਰੱਕੀ ਨੂੰ ਕੀ ਕਰਨਾ ਜੋ ਮਨੁੱਖੀ ਜ਼ਿੰਦਗੀ ਦੇ ਵਿਰੋਧ ਵਿਚ ਹੋਵੇ। ਕੁਦਰਤ ਨਾਲ ਪਿਆਰ ਕਰਨਾ ਸਮੇਂ ਦੀ ਲੋੜ ਹੈ। ਬਰਸਾਤਾਂ ਦਾ ਪਾਣੀ ਸੰਭਾਲਣ, ਗੰਦੇ ਪਾਣੀ ਨੁੂੰ ਦੁਬਾਰਾ ਵਰਤਣਯੋਗ ਬਣਾਉਣ ਵਾਲੇ ਟਰੀਟਮੈਂਟ ਪਲਾਟਾਂ ਦੀ ਅਣਹੋਂਦ ਹੈ।ਪਿੰਡਾਂ ਵਿਚ ਟੋਇਆਂ, ਤਲਾਬਾਂ ਦੀ ਖ਼ੁਦਾਈ ਬੜੀ ਜ਼ਰੂਰੀ ਹੈ। ਝੋਨੇ ਦੀ ਫ਼ਸਲ ਤੋਂ ਰਕਬਾ ਘਟਾ ਕੇ ਹੋਰ ਬਦਲ ਦੀਆਂ ਫ਼ਸਲਾਂ ਲਈ ਲੋੜੀਂਦੇ ਠੋਸ ਪ੍ਰਬੰਧ ਜ਼ਰੂਰੀ ਹਨ। ਸਰਕਾਰੀ ਟੂਟੀਆਂ ਦਾ ਸਹੀ ਇਸਤੇਮਾਲ ਹੋਵੇ। ਕਾਫੀ ਸਾਰਾ ਪਾਣੀ ਅਸੀਂ ਅਣਗਹਿਲੀ ਨਾਲ ਹੀ ਬਰਬਾਦ ਕਰ ਦਿੰਦੇ ਹਾਂ।ਦਰਿਆਵਾਂ ਦੇ ਪਾਣੀ ਨੂੰ ਵੱਧ ਤੋਂ ਵੱਧ ਖੇਤਾਂ ਤੱਕ ਪਹੁੰਚਾਇਆ ਜਾਵੇ। ਖੇਤਾਂ ਵਿਚ ਫ਼ਸਲਾਂ ਨੂੰ ਲੋੜ ਮੁਤਾਬਕ ਹੀ ਪਾਣੀ ਦਿੱਤਾ ਜਾਵੇ। ਟਿਊਬਵੈਲਾਂ ਨੂੰ ਲੋੜ ਅਨੁਸਾਰ ਹੀ ਚਲਾਇਆ ਜਾਵੇ, ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਬਰਸਾਤ ਦੇ ਪਾਣੀ ਨੂੰ ਧਰਤੀ ਵਿਚ ਲੈ ਜਾਣ ਵਾਲੇ ਸਿਸਟਮ ਪ੍ਰਤੀ ਪ੍ਰੇਰਿਤ ਕੀਤਾ ਜਾਵੇ।

• ਇਹ ਲਿਖਤ 30 ਅਗਸਤ 2022 ਦੇ ਰੋਜਾਨਾ ਅਜੀਤ ਅਖਬਾਰ ਵਿਚ ਛਪੀ ਸੀ। ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਇਹ ਲਿਖ ਇਥੇ ਮੁੜ ਛਾਪੀ ਗਈ ਹੈ। ਅਸੀਂ ਲੇਖਕ ਅਤੇ ਮੂਲ ਛਾਪਕ ਦਾ ਹਾਰਦਿਕ ਧੰਨਵਾਦ ਕਰਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: