ਆਮ ਖਬਰਾਂ

ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਰਾਮ ਮਹਾਂਉਤਸਵ ਭਾਰਤ ਦੇ ਹਰੇਕ ਪਿੰਡ ‘ਚ ਕੀਤਾ ਜਾਵੇਗਾ

By ਸਿੱਖ ਸਿਆਸਤ ਬਿਊਰੋ

January 31, 2015

ਲਖਨਊ(30 ਜਨਵਰੀ, 2015): ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੀਡੀਆ ਇੰਚਾਰਜ ਧ੍ਰਦ ਸ਼ਰਮਾ ਨੇ ਕਿਹਾ ਕਿ 21 ਜਾਂ 22 ਮਾਰਚ ਤੋਂ ਰਾਮ ਮਹਾਂਉਤਸਵ ਸ਼ੁਰੂ ਕੀਤਾ ਜਾਵੇਗਾ, ਜਿਹੜਾ ਪਹਿਲੀ ਅਪ੍ਰੈਲ ਤੱਕ ਚੱਲੇਗਾ। ਉਨ੍ਹਾ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਪਹਿਲੀ ਵਾਰ ਅਜਿਹਾ ਪ੍ਰੋਗਰਾਮ ਭਾਰਤ ਦੇ ਹਰੇਕ ਪਿੰਡ ‘ਚ ਕੀਤਾ ਜਾਵੇਗਾ, ਤਾਂ ਜੋ ਸਮਾਜ ਨੂੰ ਭਗਵਾਨ ਰਾਮ ਬਾਰੇ ਜਾਗਰੂਕ ਕੀਤਾ ਜਾ ਸਕੇ।

ਅਯੁਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਲਈ ਸੰਗਠਿਤ ਕਰਨ ਦੇ ਮਕਸਦ ਨਾਲ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਦੁਰਗਾ ਪੂਜਾ ਦੀ ਤਰਜ਼ ‘ਤੇ ਭਾਰਤ ਭਰ ‘ਚ ਪਹਿਲੀ ਵਾਰ ਰਾਮ ਮਹਾਂਉਤਸਵ ਦਾ ਆਯੋਜਨ ਕੀਤਾ ਜਾਵੇਗਾ।

ਉਨ੍ਹਾ ਕਿਹਾ ਕਿ ਇਸ ਪ੍ਰੋਗਰਾਮ ਨਾਲ ਜਨਮ ਭੂਮੀ ਅੰਦੋਲਨ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾ ਕਿਹਾ ਕਿ ਇਹ ਪ੍ਰੋਗਰਾਮ ਉਨ੍ਹਾ ਪਿੰਡਾਂ ‘ਚ ਵੀ ਕੀਤੇ ਜਾਣਗੇ, ਜਿਥੇ ਮੰਦਰ ਨਹੀਂ ਹਨ। ਉਨ੍ਹਾ ਕਿਹਾ ਕਿ ਮਹਾਂਉਤਸਵ ਦੌਰਾਨ ਭਗਵਾਨ ਰਾਮ ਦੀ ਢਾਈ ਫੁੱਟ ਲੰਮੀ ਮੂਰਤੀ ਦੀ 10 ਦਿਨਾਂ ਤੱਕ ਪੂਜਾ ਕੀਤੀ ਜਾਵੇਗੀ, ਜਿਵੇਂ ਨਵਰਾਤਿਆਂ ‘ਚ ਕੀਤੀ ਜਾਂਦੀ ਹੈ। ਮਗਰੋਂ ਇਹ ਮੂਰਤੀਆਂ ਪੱਕੇ ਤੌਰ ‘ਤੇ ਸਥਾਪਤ ਜਾਂ ਵਿਸਰਜਿਤ ਕਰ ਦਿੱਤੀਆਂ ਜਾਣਗੀਆਂ।

ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਦੇਸ਼ ਦੇ ਡੇਢ ਦੋ ਲੱਖ ਪਿੰਡਾਂ ਤੱਕ ਪੁੱਜਣ ਦੀ ਯੋਜਨਾ ਹੈ ਅਤੇ ਯੂ ਪੀ ਅਤੇ ਉਤਰਾਖੰਡ ‘ਚ ਤਾਂ ਹਰ ਪਿੰਡ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾ ਦੱਸਿਆ ਕਿ ਦੇਸ਼ ਭਰ ‘ਚ 600 ਹਿੰਦੂ ਸੰਮੇਲਨ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ।

ਉਨ੍ਹਾ ਕਿਹਾ ਕਿ ਪਹਿਲਾ ਹਿੰਦੂ ਸੰਮੇਲਨ 6 ਫ਼ਰਵਰੀ ਨੂੰ ਅਯੁੱਧਿਆ ‘ਚ ਹੋਵੇਗਾ ਅਤੇ ਇਹ ਸੰਮੇਲਨ ਮਾਰਚ ਤੱਕ ਮੁਕੰਮਲ ਕਰ ਲਏ ਜਾਣਗੇ। ਉਨ੍ਹਾ ਦੱਸਿਆ ਕਿ ਇਹਨਾਂ ਸੰਮੇਲਨਾਂ ਨੂੰ ਅਸ਼ੋਕ ਸਿੰਘਲ ਅਤੇ ਪਰਵੀਨ ਤੋਗੜੀਆ ਸਮੇਤ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਆਗੂ ਅਤੇ ਭਾਜਪਾ ਦੇ ਸੰਸਦ ਮੈਂਬਰ ਯੋਗੀ ਆਦਿੱਤਿਆਨਾਥ ਵੀ ਸੰਬੋਧਨ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: