ਮੀਟਿੰਗ ਦੌਰਾਨ ਅਨਿਲ ਵਿਜ ਅਤੇ ਐਸ.ਪੀ ਸੰਗੀਤਾ ਕਾਲੀਆ

ਆਮ ਖਬਰਾਂ

ਮਹਿਲਾ ਐਸ.ਪੀ ਨਾਲ ਹੋਈ ਤਕਰਾਰ ਤੋਂ ਬਾਅਦ ਹਰਿਆਣਾ ਦੇ ਸਿਹਤ ਮੰਤਰੀ ਨੂੰ ਮੀਟਿੰਗ ਛੱਡ ਕੇ ਜਾਣਾ ਪਿਆ

By ਸਿੱਖ ਸਿਆਸਤ ਬਿਊਰੋ

November 28, 2015

ਟੋਹਾਣਾ: ਹਰਿਆਣਾ ਵਿੱਚ ਇੱਕ ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਹਾਲਾਤ ਉਦੋਂ ਤਣਾਅਪੂਰਣ ਹੋ ਗਏ ਜਦੋਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਗੁੱਸੇ ਵਿੱਚ ਆ ਕੇ ਮੀਟਿੰਗ ਵਿੱਚ ਸ਼ਾਮਿਲ ਫਤਿਹਾਬਾਦ ਦੀ ਮਹਿਲਾ ਐਸ.ਪੀ ਸੰਗੀਤਾ ਕਾਲੀਆ ਨੂੰ ਗੈਟ ਆਊਟ ਕਹਿ ਦਿੱਤਾ।ਪਰ ਐਸ.ਪੀ ਵੱਲੋਂ ਵਿਰੋਧ ਕਰਨ ਤੇ ਖੁਦ ਮੰਤਰੀ ਨੂੰ ਹੀ ਮੀਟਿੰਗ ਵਿੱਚੋਂ ਆਊਟ ਹੋਣਾ ਪਿਆ।

ਇਹ ਹਾਲਾਤ ਉਸ ਸਮੇਂ ਬਣੇ ਜਦੋਂ ਜਿਲ੍ਹੇ ਵਿੱਚ ਹੋ ਰਹੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਬਾਰੇ ਆਈ ਸ਼ਿਕਾਇਤ ਤੇ ਸੁਣਵਾਈ ਹੋ ਰਹੀ ਸੀ ਜਿਸ ਦੌਰਾਨ ਸਿਹਤ ਮੰਤਰੀ ਅਨਿਲ ਵਿਜ ਅਤੇ ਐਸ.ਪੀ ਸੰਗੀਤਾ ਕਾਲੀਆ ਵਿਚਾਲੇ ਤਿੱਖੀ ਝੜਪ ਹੋ ਗਈ।ਗੁੱਸੇ ਵਿੱਚ ਆਏ ਮੰਤਰੀ ਅਨਿਲ ਵਿਜ ਨੇ ਨਾਲ ਦੀ ਕੁਰਸੀ ਤੇ ਬੈਠੀ ਐਸਪੀ ਨੂੰ ਗੈਟ ਆਊਟ ਕਹਿ ਦਿੱਤਾ।ਵਾਰ ਵਾਰ ਗੈਟ ਆਊਟ ਕਹਿਣ ਤੇ ਐਸ.ਪੀ ਸੰਗੀਤਾ ਕਾਲੀਆ ਨੇ ਕਿਹਾ ਕਿ “ਮੈਂ ਗਜ਼ਟਿਡ ਅਫ਼ਸਰ ਹਾਂ, ਮੈਂ ਕਿਉਂ ਬਾਹਰ ਜਾਵਾਂ” ਜਿਸ ਤੋਂ ਬਾਅਦ ਮੰਤਰੀ ਆਪ ਹੀ ਮੀਟਿੰਗ ਵਿੱਚੋਂ ਉੱਠ ਕੇ ਗੁੱਸੇ ਵਿੱਚ ਆਰ.ਐਸ.ਐਸ ਦੇ ਦਫਤਰ ਚਲੇ ਗਏ।ਇਸ ਦੌਰਾਨ ਜ਼ਿਲੇ ਦੇ ਸਾਰੇ ਅਧਿਕਾਰੀ ਐਸ.ਪੀ ਦੇ ਸਮਰਥਨ ਵਿੱਚ ਆ ਗਏ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮੀਟਿੰਗ ਦਾ ਬਾਈਕਾਟ ਕਰ ਦਿੱਤਾ।

ਬਹਿਸ ਦਾ ਮੁੱਖ ਕਾਰਨ ਇਹ ਰਿਹਾ ਕਿ ਮੰਤਰੀ ਵੱਲੋਂ ਨਸ਼ਾ ਵਿਕਰੀ ਰੋਕਣ ਵਿੱਚ ਨਾਕਾਮ ਰਹਿਣ ਲਈ ਪੁਲਿਸ ਤੇ ਇਲਜ਼ਾਮ ਲਗਾਇਆ ਗਿਆ ਸੀ ਜਦਕਿ ਐਸ.ਪੀ ਨੇ ਕਿਹਾ ਸੀ ਕਿ ਪੁਲਿਸ ਕਾਰਵਾਈ ਕਰਦੀ ਹੈ ਪਰ ਨਸ਼ਾ ਵੇਚਣ ਵਾਲੇ ਜ਼ਮਾਨਤ ਲੈ ਕੇ ਦੁਬਾਰਾ ਫੇਰ ਨਸ਼ਾ ਵੇਚਣ ਲੱਗ ਜਾਂਦੇ ਹਨ।ਐਸ.ਪੀ ਨੇ ਕਿਹਾ ਕਿ ਸ਼ਰਾਬ ਸਰਕਾਰ ਵਿਕਵਾਉਂਦੀ ਹੈ, ਸਰਕਾਰ ਨੇ ਠੇਕਿਆਂ ਦੇ ਲਾਇਸੈਂਸ ਦਿੱਤੇ ਹਨ, ਸਰਕਾਰ ਨੂੰ ਸ਼ਰਾਬ ਬੰਦ ਕਰ ਦੇਣੀ ਚਾਹੀਦੀ ਹੈ, ਜਿਸ ਤੋਂ ਬਾਅਦ ਮੰਤਰੀ ਗੁੱਸੇ ਵਿੱਚ ਆ ਗਏ।

ਇਸ ਘਟਨਾ ਤੋਂ ਬਾਅਦ ਸਿਹਤ ਮੰਤਰੀ ਨੇ ਕੇਵਲ ਇਹੀ ਕਿਹਾ ਕਿ ਉਹ ਐਸਪੀ ਸੰਗੀਤਾ ਕਾਲੀਆ ਦੀ ਸ਼ਿਕਾਇਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: