ਸਿੱਖ ਖਬਰਾਂ

ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਬਠਿੰਡਾ ‘ਚ ਧਰਮ ਬਦਲੀ ਸਮਾਗਮ ਅੱਜ

By ਸਿੱਖ ਸਿਆਸਤ ਬਿਊਰੋ

January 02, 2015

ਬਠਿੰਡਾ (1 ਜਨਵਰੀ, 2014): ਹਿੰਦੂਤਵੀ ਜੱਥੇਬੰਦੀਆਂ ਵੱਲੋਂ ਗੁਰੂ ਕੀ ਵਡਾਲੀ, ਛੇਹਰਟਾ ਵਿੱਚ ਮੰਗਲਵਾਰ ਨੂੰ ਕਰਵਾਏ ਗਏ ਧਰਮ ਬਦਲੀ ਸਮਾਗਮ ‘ਤੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਰਾਜ਼ਗੀ ਜਿਤਾਏ ਜਾਣ ਤੋਂ ਬਾਅਦ ਹੁਣ ਬਠਿੰਡਾ ਵਿੱਚ ਇਸਾਈ ਧਰਮ ਵਿੱਚ ਚਲੇ ਗਏ ਗਰੀਬ ਸਿੱਖ ਪਰਿਵਾਰਾਂ ਦਾ ਧਰਮ ਬਦਲ ਕੇ ਵਾਪਿਸ ਦਿੱਖ ਧਰਮ ਵਿੱਚ ਸ਼ਾਨਲ ਕਰਵਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇੱਕ ਸਮਾਗਮ ਰੱਖਿਆ ਹੋਇਆ ਸੀ।ਪਰ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਅੱਜ ਤਣਾਅ ਭਰੇ ਮਾਹੌਲ ਦੌਰਾਨ ਬਠਿੰਡਾ ਵਿਚ ਧਰਮ ਬਦਲੀ ਸਮਾਗਮ ਰੱਦ ਕਰਨਾ ਪੈ ਗਿਆ।

ਧਰਮ ਬਦਲੀ ਸਮਾਗਮ ਕਰਕੇ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਸੀ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਜਿਹੇ ਸਮਾਗਮਾਂ ਦਾ ਸਖ਼ਤ ਨੋਟਿਸ ਲਏ ਜਾਣ ਦੇ ਬਾਵਜੂਦ ਪ੍ਰੀਸ਼ਦ ਇਹ ਸਮਾਗਮ ਕਰਵਾਉਣ ਲਈ ਬਜ਼ਿੱਦ ਹੈ ਤੇ ਉਸਨੇ ਜਥੇਦਾਰ ਵੱਲ ਵੀ ਨਿਸ਼ਾਨਾ ਸਾਧ ਦਿੱਤਾ ਹੈ।

ਪ੍ਰੀਸ਼ਦ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਆਖਿਆ ਕਿ ਉਹ ਭਲਕੇ ਇਨ੍ਹਾਂ ਪਰਿਵਾਰਾਂ ਦੀ ਘਰ ਵਾਪਸੀ ਮਗਰੋਂ ਇਨ੍ਹਾਂ ਪਰਿਵਾਰਾਂ ਨੂੰ ਤਖਤ ਦਮਦਮਾ ਸਾਹਿਬ ਲੈ ਕੇ ਜਾਣਗੇ ਜਿਥੇ ਕਿ ਉਨ੍ਹਾਂ ਨੂੰ ਅੰਮ੍ਰਿਤ ਪਾਨ ਕਰਾਇਆ ਜਾਵੇਗਾ। ਜਥੇਦਾਰ ਗਿਆਨੀ ਗੁਰਬਚਨ ਸਿੰਘ ਬਾਰੇ ਉਨ੍ਹਾਂ ਆਖਿਆ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੀ ਵੱਡੀ ਭੁੱਲ ਕਰ ਰਹੇ ਹਨ।

ਪ੍ਰੀਸ਼ਦ ਨੇ ਸ਼ਹਿਰ ਦੀ ਦਾਣਾ ਮੰਡੀ ਵਿਚਲੇ ਸਤਿਆ ਨਰਾਇਣ ਮੰਦਰ ਵਿਚ ਧਰਮ ਬਦਲੀ ਸਮਾਗਮ ਰੱਖਿਆ ਸੀ। ਸਮਾਗਮ ਮੌਕੇ ਹਵਨ ਕਰਾਇਆ ਜਾਣਾ ਸੀ ਅਤੇ ਕਰੀਬ 80 ਪਰਿਵਾਰਾਂ ਦੀ ਸਿੱਖ ਧਰਮ ਵਿਚ ਵਾਪਸੀ ਕਰਾਈ ਜਾਣੀ ਸੀ।

ਇਸ ਸਮਾਗਮ ਦਾ ਪਤਾ ਲੱਗਦੇ ਸਾਰ ਹੀ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਕਰ ਦਿੱਤੀ ਗਈ। ਹੁਣ ਪ੍ਰੀਸ਼ਦ ਨੇ ਭਲਕੇ ਸ਼ਹਿਰ ਦੇ ਜਨਤਾ ਨਗਰ ਵਿਚ ਬਜਰੰਗ ਦਲ ਦੇ ਇੱਕ ਕਾਰਕੁਨ ਦੇ ਘਰ ਵਿਚ ਪ੍ਰੋਗਰਾਮ ਰੱਖ ਲਿਆ ਹੈ।

ਗਰਮ ਖਿਆਲੀ ਧਿਰਾਂ ਵਲੋਂ ਸਮਾਗਮ ਉਪਰ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਨੂੰ ਟਕਰਾਅ ਦਾ ਡਰ ਹੈ ਅਤੇ ਚੌਕਸੀ ਵਜੋਂ ਭਲਕੇ ਦੇ ਸਮਾਗਮ ਦੀ ਸੂਹੀਆਂ ਏਜੰਸੀਆਂ ਪੈੜ ਨੱਪ ਰਹੀਆਂ ਹਨ।

ਧਰਮ ਬਦਲੀ ਸਮਾਗਮ ਦੇ ਆਗੂ ਅੱਜ ਨਿਸ਼ਚਿਤ ਪ੍ਰੋਗਰਾਮ ਕਰਨ ਵਾਸਤੇ ਨਾ ਆਏ। ਪ੍ਰੀਸ਼ਦ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਦਾ ਕਹਿਣਾ ਸੀ ਕਿ ਅੱਜ ਕੁੱਝ ਗਰਮਖਿਆਲੀ ਧਿਰਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਫੋਨ ਉੱਤੇ ਧਮਕੀਆਂ ਦਿੱਤੀਆਂ ਹਨ ਜਿਸ ਦੇ ਮੱਦੇਨਜ਼ਰ ਅੱਜ ਦੇ ਘਰ ਵਾਪਸੀ ਸਮਾਗਮ ਰੱਦ ਕੀਤਾ ਹੈ।

ਉਨ੍ਹਾਂ ਆਖਿਆ ਕਿ ਉਹ ਭਲਕੇ ਹਰ ਹਾਲਤ ਧਰਮ ਬਦਲੀ ਸਮਾਗਮ ਕਰਨਗੇ। ਉਨ੍ਹਾਂ ਦੱਸਿਆ ਕਿ ਕਰੀਬ 80 ਪਰਿਵਾਰਾਂ ਵਲੋਂ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਸੀ ਜਿਨ੍ਹਾਂ ਨੂੰ ਈਸਾਈ ਮੱਤ ਨੇ ਲਾਲਚ ਦੇ ਕੇ ਧਰਮ ਤਬਦੀਲ ਕਰਾ ਦਿੱਤਾ ਸੀ।

ਉਨ੍ਹਾਂ ਆਖਿਆ ਕਿ ਹੁਣ ਇਹ ਪਰਿਵਾਰ ਮੁੜ ਆਪਣੇ ਪਹਿਲੇ ਧਰਮ ਵਿਚ ਆਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਗਰੀਬ ਪਰਿਵਾਰ ਹਨ ਜਿਨ੍ਹਾਂ ਨੂੰ ਲਾਲਚ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: