ਆਮ ਖਬਰਾਂ

ਬਠਿੰਡਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਧਰਮ ਬਦਲੀ ਸਮਾਗਮ ਹੋਇਆ ਠੁੱਸ

By ਸਿੱਖ ਸਿਆਸਤ ਬਿਊਰੋ

January 03, 2015

ਬਠਿੰਡਾ (2 ਜਨਵਰੀ, 2015): ਬਠਿੰਡਾ ਵਿੱਚ ਧਰਮ ਬਦਲੀ ਸਮਾਗਮ ਵਿੱਚ ਕੋਈ ਵੀ ਪਰਿਵਾਰ ਨਾ ਪੁੱਜਣ ਕਰਕੇ ਠੁੱਸ ਹੋ ਗਿਆ।ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨ ਪੂਰਾ ਦਿਨ ਗੁਪਤ ਤਰੀਕੇ ਨਾਲ ਭੱਜ ਨੱਠ ਕਰਦੇ ਰਹੇ ਪਰ ਸ਼ਾਮ ਤੱਕ ਕੋਈ ਵੀ ਪਰਿਵਾਰ ਸਮਾਗਮ ਵਿੱਚ ਨਾ ਪੁੱਜਿਆ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨਾਂ ਨੇ ਪ੍ਰੋਗਰਾਮ ਅਸਫ਼ਲ ਰਹਿਣ ਦਾ ਠੀਕਰਾ ਸਰਕਾਰ ਸਿਰ ਭੰਨਦਿਆਂ ਕਿਹਾ ਕਿ ਹਾਕਮ ਗੱਠਜੋੜ ਵਿੱਚ ਜੋ ਸਿਆਸੀ ਤਰੇੜ ਬਣੀ ਹੈ, ਉਸ ਦੇ ਨਤੀਜੇ ਵਜੋਂ ਹੀ ਪਰਿਵਾਰਾਂ ‘ਤੇ ਦਬਾਅ ਬਣਾਇਆ ਗਿਆ ਅਤੇ ਕੁਝ ਸਿੱਖ ਧਿਰਾਂ ਨੇ ਵੀ ਪਰਿਵਾਰਾਂ ਨੂੰ ਡਰਾਇਆ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਜਨਤਾ ਨਗਰ ‘ਚ ਪੈਂਦੇ ਘਰ ਵਿੱਚ ਘਰ ਵਾਪਸੀ ਸਮਾਗਮ ਰੱਖਿਆ ਸੀ। ਦੁਪਹਿਰ ਮਗਰੋਂ ਪ੍ਰੀਸ਼ਦ ਆਗੂਆਂ ਨੇ ਪਰਸ ਰਾਮ ਨਗਰ ਦੇ ਬਾਬਾ ਬਾਲਕ ਨਾਥ ਮੰਦਰ ਵਿੱਚ ਸਮਾਗਮ ਹੋਣ ਦੀ ਗੱਲ ਆਖੀ। ਮੀਡੀਆ ਨਾਲ ਵੀ ਪ੍ਰੀਸ਼ਦ ਦੇ ਕਾਰਕੁਨ ਲੁਕਣ ਮੀਚੀ ਖੇਡਦੇ ਰਹੇ ਅਤੇ ਸ਼ਾਮ ਵੇਲੇ ਉਨ੍ਹਾਂ ਐਲਾਨ ਕੀਤਾ ਕਿ ਸਿਆਸੀ ਦਬਾਅ ਕਾਰਨ ਅੱਜ ਪਰਿਵਾਰ ਪੁੱਜ ਨਹੀਂ ਸਕੇ ਅਤੇ ਹੁਣ ਮਾਘੀ ਮੌਕੇ ਘਰ ਵਾਪਸੀ ਦਾ ਵੱਡਾ ਸਮਾਗਮ ਹੋਏਗਾ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਪਰਿਵਾਰਾਂ ‘ਤੇ ਦਬਾਅ ਬਹੁਤ ਜ਼ਿਆਦਾ ਸੀ। ਕੁਝ ਲੋਕਾਂ ਨੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਵੀ, ਜਿਸ ਕਾਰਨ ਸਮਾਗਮ ਵਿੱਚ ਘੱਟ ਹੀ ਪਰਿਵਾਰ ਪੁੱਜੇ। ਉਨ੍ਹਾਂ ਦੱਸਿਆ ਕਿ ਦੋ ਪਰਿਵਾਰਾਂ ਨੇ ਉਨ੍ਹਾਂ ਦੇ ਘਰਾਂ ਵਿੱਚ ਜਿਪਸੀ ‘ਤੇ ਆਏ ਕੁਝ ਲੋਕਾਂ ਵੱਲੋਂ ਧਮਕੀਆਂ ਦੇਣ ਦੀ ਜਾਣਕਾਰੀ ਦਿੱਤੀ ਹੈ।

ਆਗੂਆਂ ਨੇ ਆਖਿਆ ਕਿ ਪੁਲੀਸ ਪ੍ਰਸ਼ਾਸਨ ਨੂੰ ਝਕਾਣੀ ਦੇਣ ਵਾਸਤੇ ਜਨਤਾ ਨਗਰ ਵਿੱਚ ਸੰਕੁਤਲਾ ਰਾਣੀ ਦੇ ਘਰ ਪ੍ਰੋਗਰਾਮ ਰੱਖਿਆ ਗਿਆ ਸੀ ਤਾਂ ਜੋ ਪ੍ਰਸ਼ਾਸਨ ਉਨ੍ਹਾਂ ਦੇ ਅਸਲ ਸਮਾਗਮਾਂ ਵਾਲੀ ਜਗ੍ਹਾ ਤੋਂ ਦੂਰ ਰਹੇ। ਪਤਾ ਲੱਗਾ ਹੈ ਕਿ ਪੁਲੀਸ ਸਿਵਲ ਕੱਪੜਿਆਂ ਵਿੱਚ ਮਹਿਲਾ ਦੇ ਘਰ ਵੀ ਗਈ ਸੀ ਜਿਸ ਨੂੰ ਘਰ ਵਾਪਸੀ ਦੇ ਸਮਾਗਮਾਂ ਵਿੱਚ ਸ਼ਾਮਲ ਕਰਵਾਇਆ ਜਾਣਾ ਸੀ।

ਬਠਿੰਡਾ ਚਰਚ ਦੇ ਫਾਦਰ ਜਾਰਜ ਮਸੀਹ ਦਾ ਕਹਿਣਾ ਸੀ ਕਿ ਈਸਾਈ ਮੱਤ ਦੇ ਕਿਸੇ ਵੀ ਪਰਿਵਾਰ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਪ੍ਰੋਗਰਾਮ ਨਹੀਂ ਅਤੇ ਜਿਨ੍ਹਾਂ ਪਰਿਵਾਰਾਂ ਦੀ ਘਰ ਵਾਪਸੀ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਪਹਿਲਾਂ ਹੀ ਹਿੰਦੂ ਤੇ ਸਿੱਖ ਧਰਮ ਵਿੱਚੋਂ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਧਰਮ ਪ੍ਰਚਾਰ ਮੁਖੀ ਅਸ਼ਵਨੀ ਸ਼ੁਕਲਾ, ਆਸ਼ੂਤੋਸ਼ ਤਿਵਾੜੀ, ਸੰਦੀਪ ਅਗਰਵਾਲ ਅਤੇ ਗੁਰਪ੍ਰੀਤ ਸਿੰਘ ਗੋਰਾ ਅੱਜ ਦੇ ਸਮਾਗਮਾਂ ਦੇ ਪ੍ਰਬੰਧਕ ਸਨ। ਖ਼ੁਫ਼ੀਆ ਵਿੰਗ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਅੱਜ ਸ਼ਹਿਰ ਦੇ ਲਾਈਨੋਂ ਪਾਰ ਇਲਾਕੇ ਵਿੱਚ ਤਾਇਨਾਤੀ ਰਹੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: