October 30, 2014 | By ਸਿੱਖ ਸਿਆਸਤ ਬਿਊਰੋ
ਮੈਲਬਰਨ (29 ਅਕਤੂਬਰ, 2014): ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ’ਚ ਨਸਲੀ ਨਫਰਤ ਨਾਲ ਲਿਬਰੇਜ ਕੁਝ ਸ਼ਰਾਰਤੀ ਅਨਸਰਾਂ ਵੱਲੋਂਗੁਰਦੁਆਰੇ ਦੀ ਉਸਾਰੀ ਅਧੀਨ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪਿਛਲੇ ਦੋ ਸਾਲਾਂ ਤੋਂ ਉਸਾਰੀ ਅਧੀਨ ਗੁਰਦੁਆਰੇ ਦੀਆਂ ਕੰਧਾਂ ’ਤੇ ਬੀਤੀ ਰਾਤ ਮੁਸਲਿਮ ਵਿਰੋਧੀ ਨਾਅਰੇ ਲਿਖੇ ਗਏ ਹਨ।
ਇਹ ਘਟਨਾ ਸਿੱਖ ਪਛਾਣ ਤੋਂ ਅਨਜਾਣ ਲੋਕਾਂ ਵੱਲੋਂ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਅਤੇ ਇਸ ਇਮਾਰਤ ਨੂੰ ਇਸਲਾਮ ਨਾਲ ਸਬੰਧਤ ਸਮਝ ਕੇ ਕੀਤਾ ਗਿਆ ਜਾਪ ਰਿਹਾ ਹੈ। ਇਸ ਘਟਨਾ ਤਹਿਤ ਕੰਧਾਂ ਉਤੇ ‘‘ਅਰਬ ਲੋਕੋ ਵਾਪਸ ਜਾਓ’’ ਸਮੇਤ ਇਸਲਾਮ ਵਿਰੋਧੀ ਨਾਅਰੇ ਲਿਖੇ ਹੋਏ ਹਨ। ਕੁਝ ਵੀ ਹੋਵੇ ਨਸਲੀ ਨਫਰਤ ਚਾਹੇ ਮੁਸਲਮਾਨਾਂ ਖਿਲਾਫ ਹੋਵੇ ਜਾਂ ਸਿੱਖਾਂ ਖਿਲਾਫ ਅਤਿ ਮਾੜੀ ਹੈ।
ਸੀਸੀਟੀਵੀ ਕੈਮਰਿਆਂ ਤੋਂ ਮਿਲੀ ਫੁਟੇਜ ’ਚ ਇਸ ਘਟਨਾ ’ਚ ਦੋ ਕੁੜੀਆਂ ਦੇ ਸ਼ਾਮਲ ਹੋਣ ਦੀ ਮੁੱਢਲੀ ਪੁਸ਼ਟੀ ਹੋਈ ਹੈ ਜਿਨ੍ਹਾਂ ਨੇ ਮੂੰਹ-ਸਿਰ ਕਾਲੇ ਕੱਪੜੇ ਨਾਲ ਢੱਕਿਆ ਹੋਇਆ ਸੀ। ਪੁਲੀਸ ਸਮੇਤ ਜਾਂਚ ਟੀਮਾਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਅੱਜ ਸਥਾਨਕ ਖੇਤਰ ਦੇ ਸਿਆਸੀ ਨੁਮਾਇੰਦਿਆਂ ਨੇ ਵੀ ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਸਿੱਖ ਭਾਈਚਾਰੇ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ। ਉਧਰ ਸਿੱਖ ਪਛਾਣ ਨੂੰ ਮੁਸਲਿਮ ਧਰਮ ਨਾਲ ਰਲਗੱਡ ਕਰਕੇ ਹੋਈ ਇਸ ਘਟਨਾ ਦੀ ਹੋਰਨਾਂ ਭਾਈਚਾਰਕ ਸੰਸਥਾਵਾਂ ਨੇ ਵੀ ਨਿਖੇਧੀ ਕੀਤੀ ਹੈ।
ਗੌਰਤਲਬ ਹੈ ਕਿ ਕੁਝ ਮਹੀਨਿਆਂ ਤੋਂ ਸੁਰੱਖਿਆ ’ਚ ਹਊਆ ਬਣੇ ਇਸਲਾਮਿਕ ਸਟੇਟ ਦੇ ਅਤਿਵਾਦ ਦੀਆਂ ਖਬਰਾਂ ਮਗਰੋਂ ਇਸਲਾਮ ਵਿਰੋਧੀ ਨਸਲੀ ਕਾਰਵਾਈਆਂ ਸਾਹਮਣੇ ਆਈਆਂ ਹਨ ਪਰ ਸਿੱਖ ਪਛਾਣ ਬਾਰੇ ਅਸਲੋਂ ਕੋਰੇ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀ ਗਈ ਇਹ ਪਹਿਲੀ ਮੰਦਭਾਗੀ ਘਟਨਾ ਹੈ।
Related Topics: Sikhs in Australia