ਸਰੋਤ: ਸਿੱਖ ਕੋਲੀਸ਼ਨ

ਵਿਦੇਸ਼

ਅਮਰੀਕਾ: ਪਿਛਲੇ ਸਾਲ ਸਿੱਖ ’ਤੇ ਨਸਲੀ ਹਮਲਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਤਿੰਨ-ਤਿੰਨ ਸਾਲਾਂ ਦੀ ਕੈਦ

By ਸਿੱਖ ਸਿਆਸਤ ਬਿਊਰੋ

May 20, 2017

ਨਿਊਯਾਰਕ: ਇਕ ਅਮਰੀਕੀ ਅਦਾਲਤ ਨੇ ਦੋ ਜਣਿਆਂ ਨੂੰ ਨਸਲੀ ਅਪਰਾਧ ਦੇ ਦੋਸ਼ ਹੇਠ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਕੈਲੀਫੋਰਨੀਆ ਵਿੱਚ ਪਿਛਲੇ ਸਾਲ ਇਕ ਸਿੱਖ-ਅਮਰੀਕੀ ਉਤੇ ਹਮਲਾ ਕੀਤਾ ਸੀ।

ਚੇਜ਼ ਲਿਟਲ ਅਤੇ ਕੋਲਟਨ ਲੇਬਲੈਂਕ ਨੂੰ ਨਸਲੀ ਅਪਰਾਧ ਅਤੇ ਗੰਭੀਰ ਹਮਲੇ ਦਾ ਦੋਸ਼ੀ ਪਾਇਆ ਗਿਆ। ਮਾਨ ਸਿੰਘ ਖ਼ਾਲਸਾ ਉਤੇ ਹਮਲੇ ਦੇ ਦੋਸ਼ ਹੇਠ ਦੋਵਾਂ ਨੂੰ ਕੈਲੀਫੋਰਨੀਆ ਦੀ ਜੇਲ੍ਹ ਵਿੱਚ ਤਿੰਨ ਸਾਲ ਦੀ ਸਜ਼ਾ ਭੁਗਤਣੀ ਪਵੇਗੀ। ਉਸ ਉਤੇ ਪਿਛਲੇ ਸਾਲ ਸਤੰਬਰ ਵਿੱਚ ਕੈਲੇਫੋਰਨੀਆ ਦੇ ਰਿਚਮੰਡ ਬੇਅ ਇਲਾਕੇ ਵਿੱਚ ਉਦੋਂ ਹਮਲਾ ਕੀਤਾ ਗਿਆ ਸੀ, ਜਦੋਂ ਉਹ ਇਕ ਚੌਂਕ ਉਤੇ ਰੁਕਿਆ ਹੋਇਆ ਸੀ ਤਾਂ ਹਮਲਾਵਰ ਆਪਣੇ ਟਰੱਕ ਵਿੱਚੋਂ ਬਾਹਰ ਆਏ ਅਤੇ ਉਸ ਦੇ ਚਿਹਰੇ ’ਤੇ ਕਈ ਮੁੱਕੇ ਮਾਰੇ ਅਤੇ ਇਕ ਚਾਕੂ ਨਾਲ ਉਸ ਦੇ ਕੇਸ ਕਤਲ ਕਰ ਦਿੱਤੇ ਗਏ।

ਕੱਲ੍ਹ ਅਦਾਲਤ ਵਿੱਚ ਆਪਣੇ ਬਿਆਨ ਦੌਰਾਨ ਹਮਲਾਵਰਾਂ ਨੂੰ ਪਛਾਣਨ ਵਾਲੇ ਖ਼ਾਲਸਾ ਨੇ ਕਿਹਾ ਕਿ “ਇਹ ਹਮਲਾ ਨਸਲੀ ਸੀ ਕਿਉਂਕਿ ਇਸ ਨਾਲ ਮੇਰੇ ਸਨਮਾਨ ਅਤੇ ਮੇਰੇ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ।” ‘ਦਿ ਸਿੱਖ ਕੁਲੀਸ਼ਨ’ ਨਾਂ ਦੀ ਜਥੇਬੰਦੀ ਵੱਲੋਂ ਜਾਰੀ ਬਿਆਨ ਮੁਤਾਬਕ ਉਸ ਨੇ ਕਿਹਾ, “ਮੈਂ ਹਾਲੇ ਵੀ ਤੁਹਾਨੂੰ ਆਪਣੇ ਭਰਾ ਮੰਨਦਾ ਹਾਂ ਅਤੇ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਤੇ ਮੇਰੇ ਭਾਈਚਾਰੇ ਬਾਰੇ ਜਾਣੋਗੇ ਅਤੇ ਇਕ ਦਿਨ ਮੈਨੂੰ ਆਪਣਾ ਭਰਾ ਮੰਨੋਗੇ।”

ਕੋਂਟਰਾ ਕੋਸਟਾ ਕਾਉਂਟੀ ਦੇ ਉਪ ਜ਼ਿਲ੍ਹਾ ਅਟਾਰਨੀ ਸਿਮੋਨ ਓ ਕੋਨੇਲ ਨੇ ਕਿਹਾ, “ਮਾਨ ਸਿੰਘ ਖ਼ਾਲਸਾ ਉਤੇ ਧਰਮ ਤੇ ਪਛਾਣ ਦੇ ਆਧਾਰ ਉਤੇ ਕੀਤਾ ਹਮਲਾ ਸਾਡੇ ਸਾਰਿਆਂ ਉਤੇ ਹਮਲਾ ਹੈ। ਇਕ ਭਾਈਚਾਰੇ ਵਜੋਂ ਸਾਨੂੰ ਹਾਲਾਤ ਨੂੰ ਜ਼ਰੂਰ ਬਿਹਤਰ ਕਰਨਾ ਪਵੇਗਾ ਅਤੇ ਮੈਨੂੰ ਉਮੀਦ ਹੈ ਕਿ ਅੱਜ ਦੀ ਸਜ਼ਾ ਤੋਂ ਬਾਅਦ ਅਸੀਂ ਇਸ ਦਿਸ਼ਾ ਵਿੱਚ ਹੋਰ ਅੱਗੇ ਵਧਾਂਗੇ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: USA: Two sentenced to 3 years in jail for assaulting California Sikh Man …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: