ਸਿਆਸੀ ਖਬਰਾਂ

ਭਾਜਪਾ ਵਲੋਂ ਮਦਰੱਸਿਆਂ ਨੂੰ 15 ਅਗਸਤ ਦੀਆਂ ‘ਖੁਸ਼ੀਆਂ’ ਮਨਾਉਣ ਦਾ ਹੁਕਮ, ਵੀਡੀਓਗ੍ਰਾ਼ਫੀ ਕਰਨ ਦੀ ਹਦਾਇਤ

By ਸਿੱਖ ਸਿਆਸਤ ਬਿਊਰੋ

August 12, 2017

ਲਖਨਊ: ਕੱਟੜ ਹਿੰਦੂਵਾਦ ਦੇ ਬਿੰਬ ਯੋਗੀ ਆਦਿਤਨਾਥ ਦੀ ਅਗਵਾਈ ਵਾਲੀ ਭਾਜਪਾ ਦੀ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਵਿਚਲੇ ਸਾਰੇ ਮਦਰੱਸਿਆਂ (ਇਸਲਾਮਿਕ ਸਕੂਲਾਂ) ਨੂੰ 15 ਅਗਸਤ ਦਾ ਦਿਹਾੜਾ ਮਨਾਉਣ ਦਾ ਫ਼ੁਰਮਾਨ ਸੁਣਾਉਂਦਿਆਂ, ਇਨ੍ਹਾਂ ਦੀ ਵੀਡੀਓਗ੍ਰਾਫ਼ੀ ਕਰਨ ਲਈ ਵੀ ਕਿਹਾ ਹੈ। ਸਰਕਾਰੀ ਸਰਕੁਲਰ ਮੁਤਾਬਕ 15 ਅਗਸਤ ਨੂੰ ਹੋਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ ਜਿੱਥੇ ਭਾਰਤੀ ਝੰਡਾ ਲਹਿਰਾਇਆ ਜਾਣਾ ਲਾਜ਼ਮੀ ਕਰਾਰ ਦਿੱਤਾ ਗਿਆ ਉਥੇ ਹੀ ਭਾਰਤ ਦਾ “ਰਾਸ਼ਟਰੀ ਗੀਤ” ਨੂੰ ਗਾਉਣਾ ਵੀ ਲਾਜ਼ਮੀ ਕਰਾਰ ਦਿੱਤਾ ਗਿਆ ਹੈ।

ਯੂ.ਪੀ. ਦੇ ਘੱਟਗਿਣਤੀਆਂ ਦੀ ਭਲਾਈ ਬਾਰੇ ਮੰਤਰੀ ਲਕਸ਼ਮੀ ਨਰਾਇਣ ਚੌਧਰੀ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲੇਗੀ। ਚੌਧਰੀ ਨੇ ਕਿਹਾ ਆਜ਼ਾਦੀ ਦਿਹਾੜੇ ਮੌਕੇ ਮਦਰੱਸਿਆਂ ਵਿੱਚ ਹੋਣ ਵਾਲੇ ਸਮਾਗਮਾਂ ਦੀ ਵੀਡੀਓਗ੍ਰਾਫ਼ੀ ਤੇ ਫ਼ੋਟੋਗ੍ਰਾਫ਼ੀ ਦੋਵੇਂ ਕੀਤੇ ਜਾਣਗੇ ਤਾਂ ਕਿ ਚੰਗੇ ਪ੍ਰੋਗਰਾਮਾਂ ਨੂੰ ਹੱਲਾਸ਼ੇਰੀ ਦੇ ਕੇ ਇਨ੍ਹਾਂ ਨੂੰ ਭਵਿੱਖ ’ਚ ਮੁੜ ਦੁਹਰਾਇਆ ਜਾ ਸਕੇ। ਮਦਰੱਸਿਆਂ ਲਈ ਜਾਰੀ ਹੁਕਮਾਂ ਦੀ ਲੋੜ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ,‘ਮਦਰੱਸੇ ਸਰਕਾਰ ਕੋਲੋਂ ਫ਼ੰਡ ਲੈਂਦੇ ਹਨ, ਲਿਹਾਜ਼ਾ ਉਨ੍ਹਾਂ ਨੂੰ “ਆਜ਼ਾਦੀ ਦਿਹਾੜਾ” ਮਨਾਉਣਾ ਚਾਹੀਦਾ ਹੈ।’ ਆਪਣੇ ਸਿਆਸੀ ਵਿਰੋਧੀਆਂ ’ਤੇ ਚੁਟਕੀ ਲੈਂਦਿਆਂ ਮੰਤਰੀ ਨੇ ਕਿਹਾ, ‘ਜਿਹੜੇ ਲੋਕਾਂ ਨੂੰ ਸਰਕਾਰ ਦੀ ਨੀਅਤ ਵਿੱਚ ਖੋਟ ਨਜ਼ਰ ਆਉਂਦਾ ਹੈ ਤੇ ਜਿਹੜੇ ਉਸ ’ਤੇ ਤੁਹਮਤਾਂ ਲਾਉਂਦੇ ਹਨ, ਮੈਨੂੰ ਉਨ੍ਹਾਂ ਦੇ ਭਾਰਤੀ ਹੋਣ ’ਤੇ ਸ਼ੱਕ ਹੈ।’

ਨਾਲ ਹੀ ਇਕ ਹੋਰ ਖ਼ਬਰ ਆਈ ਕਿ ਮਹਾਰਾਸ਼ਟਰ ਅਸੈਂਬਲੀ ’ਚ ਭਾਜਪਾ ਦੇ ਚੀਫ਼ ਵ੍ਹਿਪ ਰਾਜ ਪੁਰੋਹਿਤ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਮੁਲਕ ਦੇ ਸਾਰੇ ਸਕੂਲਾਂ ’ਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਕਰੇ। ਚੇਤੇ ਰਹੇ ਕਿ ਮਹਾਰਾਸ਼ਟਰ ਸਰਕਾਰ ’ਚ ਭਾਈਵਾਲ ਸ਼ਿਵ ਸੈਨਾ ਦੀ ਅਗਵਾਈ ਵਾਲੀ ਮੁੰਬਈ ਦੀ ਮਿਉਂਸਿਪਲ ਕਾਰਪੋਰੇਸ਼ਨ ਨੇ ਬੀਤੇ ਦਿਨ ਨਿਗਮ ਅਧੀਨ ਚਲਦੇ ਸਕੂਲਾਂ ’ਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: