ਪਟਿਆਲਾ (17 ਫਰਵਰੀ, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਕਾਈ ਵੱਲੋਂ ਅੱਜ ਯੂਨੀਵਰਸਿਟੀ ਕਾਲਜ ਔਵ ਇੰਜੀਨੀਅਰਿੰਗ ਵਿਖੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਪੰਜ ਹੋਰਾਂ ਦੀ ਫਾਂਸੀ ਰੱਦ ਕਰਵਾਉਣ ਲਈ ਦਸਤਖਤੀ ਮੁਹਿੰਮ ਚਲਾਈ ਗਈ। ਇਕਾਈ ਦੇ ਨੁਮਾਇੰਦਿਆਂ ਸ. ਦਲਬੀਰ ਸਿੰਘ, ਅਵੀਕਲ ਗੋਇਲ, ਕਮਲਜੀਤ ਸਿੰਘ, ਜਰਮਨ ਸਿੰਘ, ਜਗਰੂਪ ਸਿੰਘ, ਸੰਦੀਪ ਸਿੰਘ ਪੰਜਢੇਰਾ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਮਨੁੱਖੀ ਹੱਕਾਂ ਦੀ ਜਥੇਬੰਦੀ ‘ਲਾਇਰਜ਼ ਫਾਰ ਹਿਊਮਨ ਰਾਈਟਸ’ ਅਤੇ ‘ਫਾਸੀ ਦੀ ਸਜਾ ਵਿਰੋਧੀ ਸੰਸਾਰ ਗੰਗਠਨ’ ਵੱਲੋਂ ਸਾਂਝੇ ਉੇੱਦਮਾਂ ਤਹਿਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਫੈਡਰੇਸ਼ਨ ਵੱਲੋਂ ਪੰਜਾਬ ਦੇ ਪ੍ਰਮੁੱਖ ਵਿਦਿਅਕ ਵਿੱਚ ਚਲਾਈ ਜਾ ਰਹੀ ਹੈ ਤਾਂ ਜੋ ਨੌਜਵਾਨ ਵਿਦਿਆਰਥੀਆਂ ਨੂੰ ਮਨੁੱਖੀ ਹੱਕਾਂ ਅਤੇ ਫਾਂਸੀ ਦੀ ਸਜਾ ਦੇ ਸ਼ਿਕਾਰ ਵਿਅਕਤੀਆਂ ਬਾਰੇ ਦੱਸਿਆ ਜਾ ਸਕੇ।
ਆਗੂਆਂ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸਬੂਤਾਂ ਦੀ ਅਣਹੋਂਦ ਵਿੱਚ ਫਾਂਸੀ ਦਿੱਤੀ ਗਈ ਹੈ ਜਿਸ ਕਾਰਨ ਇਹ ਫਾਂਸੀ ਰੱਦ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆਂ ਕਿ ਸੋਨੀਪਤ ਦਾ ਰਹਿਣ ਵਾਲਾ ਧਰਮਪਾਲ ਪਿਛਲੇ ਡੇਢ ਦਹਾਕੇ ਤੋਂ ਅੰਬਾਲੇ ਨਜ਼ਰਬੰਦ ਹੈ ਅਤੇ ਅਣਮਨੁੱਖੀ ਹਾਲਤਾਂ ਵਿੱਚ ਰਹਿ ਰਿਹਾ ਹੈ। ਉਸ ਦੀ ਫਾਂਸੀ ਵਾਲੀ ਚੱਕੀ ਵਿੱਚ ਰੌਸ਼ਨੀ ਅਤੇ ਨਾ ਹੀ ਹਵਾ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਪਿਛਲੇ ਸੱਤ ਸਾਲਾਂ ਤੋਂ ਉਹ ਇਸ ਚੱਕੀ ਵਿੱਚ ਹਰ ਸਮੇਂ ਬੰਦ ਰਹਿੰਦਾ ਹੈ। ਇਸੇ ਤਰ੍ਹਾਂ ਪਿਆਰਾ ਸਿੰਘ ਨਾਂ ਦਾ 80 ਸਾਲਾ ਬਜ਼ੁਰਗ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ ਅਤੇ ਉਹ ਤਕਰੀਬਨ 18 ਸਾਲ ਦੀ ਸਜਾ ਭੁਗਤ ਚੁੱਕਾ ਹੈ।
ਫੈਡਰੇਸ਼ਨ ਵੱਲੋਂ ਅੱਜ ਕਰਵਾਈ ਗਈ ਮੁਹਿੰਮ ਨੂੰ ਵਿਦਿਆਰਥੀਆਂ ਤੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਫੈਡਰੇਸ਼ਨ ਆਗੂਆਂ ਨੇ ਦੱਸਿਆ ਕਿ ਮੁਹਿੰਮ ਪੂਰੀ ਹੋਣ ਉੱਤੇ ਸਾਰੇ ਦਸਤਖਤ ਭਾਰਤੀ ਰਾਸ਼ਟਰਪਤੀ ਨੂੰ ਭੇਜ ਦਿੱਤੇ ਜਾਣਗੇ।
ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਹਫਤੇ ਇਹ ਦਸਤਖਤੀ ਮੁਹਿੰਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚਲਾਈ ਜਾਵੇਗੀ।