ਚੰਡੀਗੜ੍ਹ: ਦਰਬਾਰ ਸਾਹਿਬ ਉੱਤੇ ਜੂਨ 1984 ਵਿਚ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਦੀ ਯਾਦ ਵਿਚ ਹੋ ਰਹੇ ਘੱਲੂਘਾਰਾ ਸਮਾਗਮਾਂ ਨੂੰ ਪੰਥਕ ਜਥੇਬੰਦੀਆਂ ਵਲੋਂ ਸਾਂਝੇ ਤੌਰ ‘ਤੇ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਬਰਗਾੜੀ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ, ਅਕਾਲੀ ਦਲ 1920 ਅਤੇ ਅਕਾਲੀ ਦਲ ਸੁਤੰਤਰ ਦੇ ਆਗੂਆਂ ਦੀ ਮੀਟਿੰਗ ਹੋਈ ਜਿਸ ਵਿਚ ਇਹ ਫੈਂਸਲਾ ਕੀਤਾ ਗਿਆ ਕਿ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਤ ਘੱਲੂਘਾਰਾ ਹਫਤੇ ਦੌਰਾਨ ਕੀਤਾ ਜਾਣ ਵਾਲੇ ਸਮੂਹ ਪੰਥਕ ਸਮਾਗਮ ਸਾਂਝੇ ਤੌਰ ਤੇ ਕੀਤੇ ਜਾਣਗੇ।
ਅੱਜ ਦੀ ਇਕੱਤਰਤਾ ਵਿਚ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ , ਮਾਸਟਰ ਕਰਨੈਲ ਸਿੰਘ ਨਾਰੀਕੇ , ਮਨਬੀਰ ਸਿੰਘ ਮੰਡ , ਜਗਦੀਪ ਸਿੰਘ ਭੁੱਲਰ, ਯੁਨਾਈਟਡ ਅਕਾਲੀ ਦਲ ਵੱਲੋਂ ਗੁਰਦੀਪ ਹਿੰਘ ਬਠਿੰਡਾ , ਬਾਬਾ ਚਮਕੌਰ ਸਿੰਘ ਭਾਈ ਰੂਪਾ, ਬਾਬਾ ਸੁਖਦੇਵ ਸਿੰਘ ਜੋਗਾਨੰਦ , ਦਲ ਖਾਲਸਾ ਵੱਲੋਂ ਜਸਬੀਰ ਸਿੰਘ ਖਡੂਰ , ਗੁਰਵਿੰਦਰ ਸਿੰਘ ਬਠਿੰਡਾ , ਅਕਾਲੀਦਲ 1920 ਵੱਲੋਂ ਬੂਟਾ ਸਿੰਘ ਰਣਸੀਹ , ਰਮਨਦੀਪ ਸਿੰਘ ਭੰਗਚੜੀ , ਅਤੇ ਅਕਾਲੀਦਲ ਸੁਤੰਤਰ ਵੱਲੋਂ ਪਰਮਜੀਤ ਸਿੰਘ ਸਹੌਲੀ ਸ਼ਾਮਲ ਸਨ ।
ਇਕੱਤਰਤਾ ਵਿਚ ਫੈਂਸਲਾ ਕੀਤਾ ਗਿਆ ਕਿ 5 ਜੂਨ ਨੂੰ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਕੱਢੇ ਜਾਣ ਵਾਲੇ ਮਾਰਚਾਂ ਅਤੇ 6 ਜੂਨ ਨੂੰ ਅਮ੍ਰਿਤਸਰ ਬੰਦ ਦੇ ਸੱਦੇ ਨੂੰ ਪੂਰਨ ਹਿਮਾਇਤ ਕੀਤੀ ਜਾਂਦੀ ਹੈ । ਸਮੂਹ ਸਿੱਖ ਸੰਗਤਾਂ ਨੂੰ 6 ਜੂਨ ਨੂੰ ਵੱਡੀ ਗਿਣਤੀ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ ਜਾਂਦੀ ਹੈ । ਨਾਲ ਹੀ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਬੇਨਤੀ ਹੈ ਕੀ ਦੁਨੀਆ ਵਿੱਚ ਜਿੱਥੇ ਵੀ ਘੱਲੂਘਾਰਾ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਵਧ ਚੜ੍ਹਕੇ ਹਿੱਸਾ ਲਿਆ ਜਾਵੇ ।