June 19, 2012 | By ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਲੁਧਿਆਣਾ (18 ਜੂਨ, 2012): ਕਾਂਗਰਸ ਪਾਰਟੀ ਨੇ 1947 ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਸਿਆਸੀ ਵਾਅਦਿਆਂ ਨੂੰ ਤੋੜ ਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਦਾ ਦਰਜ਼ਾ ਦੇਣ ਤੋਂ ਲੈ ਕੇ ਹੁਣ ਤੱਕ ਹਮੇਸ਼ਾਂ ਹੀ ਸਿੱਖ ਵਿਰੋਧੀ ਪੈਂਤੜੇਬਾਜ਼ੀ ਅਪਾਣਾਈ ਰੱਖੀ ਹੈ ਅਤੇ ਸਿੱਖਾਂ, ਸਿੱਖੀ ਤੇ ਪੰਜਾਬ ਸਬੰਧੀ ਵਿਰੋਧੀ ਫੈਸਲੇ ਲੈਣਾ ਇਹਨਾਂ ਦੀ ਫਿਤਰਤ ਬਣ ਚੁੱਕੀ ਹੈ ਜਿਸ ਦੇ ਟਾਕਰੇ ਲਈ ਸਿੱਖ ਪੰਥ ਨੂੰ ਲਾਮਬੱਧ ਹੋਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਨੇ ਕਾਂਗਰਸ ਵਲੋਂ ਜੂਨ 84 ਘੱਲੂਘਾਰਾ ਦੀ ਯਾਦ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦੇਣ ਦੇ ਖਿਲਾਫ ਦਿੱਤੇ ਜਾ ਰਹੇ ਰੋਸ ਧਰਨਿਆਂ ਸਬੰਧੀ ਸਖਤ ਟਿੱਪਣੀ ਕਰਦਿਆਂ ਕੀਤਾ।
ਉਹਨਾਂ ਕਿਹਾ ਦਿੱਲੀ ਤਖਤ ਉੱਤੇ ਕਾਬਜ ਕਾਂਗਰਸ, ਭਾਜਪਾ ਜਾਂ ਖੱਬੇ ਪੱਖੀਆਂ ਵਲੋਂ ਜੂਨ 84 ਘੱਲੂਘਾਰੇ ਦੀ ਯਾਦ ਦੇ ਵਿਰੁੱਧ ਵਾਵੇਲਾ ਖੜਾ ਕਰਨਾ ਬਿਲਕੁਲ ਵੀ ਜ਼ਾਇਜ਼ ਨਹੀਂ ਕਿਉਂਕਿ ਸਿੱਖ ਸ਼ਹੀਦਾਂ ਤੇ ਪਰੰਪਰਾਵਾਂ ਬਾਰੇ ਸਿੱਖ ਪੰਥ ਨੇ ਫੈਸਲਾ ਕਰਨਾ ਹੈ ਨਾ ਕਿ ਸਿੱਖ ਵਿਰੋਧੀ ਇਹਨਾਂ ਧਿਰਾਂ ਨੇ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬੀ ਸੂਬੇ ਮੋਰਚੇ ਤੋਂ ਬਾਦ ਪੰਜਾਬੀਆਂ ਨਾਲ ਦਗਾ ਕਰਦਿਆਂ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਚੋ ਬਾਹਰ ਰੱਖਿਆ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ ਨੂੰ ਕੇਂਦਰ ਸ਼ਾਸ਼ਤ ਪਰਦੇਸ਼ ਬਣਾ ਦੇਣ ਦੇ ਨਾਲ-ਨਾਲ ਪੰਜਾਬ ਦੇ ਪਾਣੀਆਂ ਦੇ ਕੌਮਾਂਤਰੀ ਤੇ ਸੰਵਿਧਾਨਕ ਮਾਲਕੀ ਹੱਕ ਨੂੰ ਨਕਾਰਦਿਆਂ ਜਿੱਥੇ ਪੰਜਾਬ ਦੇ ਪਾਣੀਆਂ ਨੂੰ ਦੂਜੇ ਰਾਜਾਂ ਨੂੰ ਭੰਗ ਦੇ ਭਾੜੇ ਦਿੱਤਾ ਉੱਥੇ ਭਾਖੜਾ ਡੈਮ ਤੋਂ ਬਣਦੀ ਸਸਤੀ ਬਿਜਲੀ ਤੋਂ ਵੀ ਪੰਜਾਬ ਨੂੰ ਵਿਰਵਾ ਕਰਦਿਆਂ ਡੈਮ ਨੂੰ ਵੀ ਕੇਂਦਰੀ ਕੰਟਰੋਲ ਵਿਚ ਕਰ ਦਿੱਤਾ।
ਉਹਨਾਂ ਕਿਹਾ ਕਿ ਸਭ ਤੋਂ ਵੱਧ ਕੇ ਕਾਂਗਰਸ ਪਾਰਟੀ ਵਲੋਂ ਜੂਨ 84 ਵਿਚ ਦਰਬਾਰ ਸਿਹਬ ਤੇ 38 ਹੋਰ ਗੁਰਧਾਮਾਂ ਉੱਤੇ ਫੌਜੀ ਹਮਲਾ ਅਤੇ ਨਵੰਬਰ 84 ਵਿਚ ਮੁਲਕ ਭਰ ਵਿਚ ਸਿੱਖਾਂ ਦੇ ਖੂਨ ਦੀ ਹੋਲੀ ਖੇਡਣ ਦੇ ਨਾਲ 10 ਸਾਲ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਕਾਂਗਰਸ ਨੇ ਭਾਰਤੀ ਸੰਸਦ ਉੱਤੇ ਲੰਮਾ ਸਮਾਂ ਕਾਬਜ ਰਹਿਣ ਦੇ ਬਾਵਜੂਦ ਸਿੱਖਾਂ ਦੀ ਵਿਲੱਖਣ ਹੋਂਦ ਨੂੰ ਕਦੇ ਮਾਨਤਾ ਨਹੀਂ ਦਿੱਤੀ ਅਤੇ ਕਦੇ ਆਪ ਤੇ ਕਦੇ ਆਪਣੇ ਸਿੱਕੇ ਦੇ ਦੂਜੇ ਪਾਸੇ ਭਾਜਪਾ ਰਾਹੀਂ ਸਿੱਖਾਂ ਨੂੰ ਕਦੇ ਸਰੀਰਕ ਤੇ ਕਦੇ ਸੱਭਿਆਚਾਰਕ ਨਸਲਕੁਸ਼ੀ ਦਾ ਸ਼ਿਕਾਰ ਬਣਾਇਆ।
ਉਹਨਾਂ ਅੰਤ ਵਿਚ ਸਮੂਹ ਸਿੱਖ ਪੰਥ ਨੂੰ ਅਪੀਲ਼ ਕੀਤੀ ਕਿ ਉਹ ਕਾਂਗਰਸ, ਭਾਜਪਾ ਤੇ ਹੋਰਨਾਂ ਸਿੱਖ ਵਿਰੋਧੀਆਂ ਵਲੋਂ ਜੂਨ 84 ਘੱਲੂਘਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੇ ਜਿੰਦਾ ਸ਼ਹੀਦ ਦੇ ਖਿਤਾਬ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਡਟਵਾਂ ਵਿਰੋਧ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਲਾਮਬੱਧ ਹੋਣ।