February 16, 2012 | By ਸਿੱਖ ਸਿਆਸਤ ਬਿਊਰੋ
ਬ੍ਰਮਿੰਘਮ (15 ਫਰਵਰੀ, 2012): ਬੀਤੇ ਦਿਨੀਂ ਅੰਮ੍ਰਿਤਸਰ ਦੀ ਕੇਂਦਰੀ ਜੇਹਲ ਵਿਚ ਅੱਗ ਲਾ ਕੇ ਸ਼ਹੀਦ ਕੀਤੇ ਗਏ ਭਾਈ ਕੁਲਵੰਤ ਸਿੰਘ ਦੀ ਮੌਤ ਲਈ ਯੂ ਕੇ ਦੇ ਸਿੱਖ ਆਗੂਆਂ ਨੇ ਪੁਲਿਸ ਅਤੇ ਸਰਕਾਰੀ ਪ੍ਰਸ਼ਾਸਨ ਨੂੰ ਜਿੰਮੇਵਾਰ ਦੱਸਿਆ ਹੈ । ਇਹ ਜੇਹਲ ਅਧਿਕਾਰੀਆਂ ਦੀ ਅਣਗਹਿਲੀ ਜਾਂ ਪੁਲਿਸ ਨਾਲ ਮਿਲੀਭੁਗਤ ਕਾਰਨ ਹੀ ਹੋ ਸਕਦਾ ਹੈ ਕਿ ਕੁਲਵੰਤ ਸਿੰਘ ਨੂੰ ਪੁਲਿਸ ਵਿਰੁੱਧ ਮੁਕੱਦਮੇ ਦੀ ਵੀਰਵਾਰ ਨੂੰ ਤਾਰੀਕ ਤੋਂ ਤਿੰਨ ਚਾਰ ਦਿਨ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਹੈ।
ਭਾਈ ਕੁਲਵੰਤ ਸਿੰਘ ਨੂੰ ਅੱਗ ਲਾ ਕੇ ਸਾੜਨ ਦੀ ਘਟਨਾ ਬਾਰੇ ਪ੍ਰਤੀਕਰਮ ਪ੍ਰਗਟ ਕਰਦਿਆਂ ਯੂ ਕੇ ਦੇ ਸਿੱਖ ਆਗੂਆਂ ਕਾਰਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ ਦੇ ਪ੍ਰਧਾਨ ਸ: ਅਵਤਾਰ ਸਿੰਘ ਸੰਘੇੜਾ, ਜਨਰਲ ਸਕੱਤਰ ਸ: ਜੋਗਾ ਸਿੰਘ, ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਭਾਈ ਰਘਵੀਰ ਸਿੰਘ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਡਰਬੀ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ, ਜਥੇਦਾਰ ਬਲਬੀਰ ਸਿੰਘ, ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਸ: ਕੁਲਵੰਤ ਸਿੰਘ ਢੇਸੀ ਅਤੇ ਜਨਰਲ ਸਕੱਤਰ ਸ: ਤਰਸੇਮ ਸਿੰਘ ਦਿਓਲ ਨੇ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ । ਉਹਨਾਂ ਕਿਹਾ ਜੇਹਲ ਵਿਚ ਬੰਦ ਹਰ ਵਿਅਕਤੀ ਦੀ ਸੁਰੱਖਿਆ ਲਈ ਜੇਹਲ ਅਧਿਕਾਰੀ ਜਿੰਮੇਵਾਰ ਹੁੰਦੇ ਹਨ । ਇਹ ਕਾਰਾ ਜੇਹਲ ਅਧਿਕਾਰੀਆਂ ਦੀ ਮਿਲੀਭੁਗਤ ਬਗੈਰ ਨਹੀਂ ਹੋ ਸਕਦਾ ਸੀ । ਉਕਤ ਸਿੱਖ ਆਗੂਆਂ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਉਸ ਬੈਰਕ ਵਿਚ ਭਾਈ ਕੁਲਵੰਤ ਸਿੰਘ ਦੇ ਨਾਲ ਰਹਿੰਦੇ ਭਾਈ ਪਾਲਾ ਸਿੰਘ ਅਤੇ ਭਾਈ ਮੱਖਣ ਸਿੰਘ ਜੇਹਲ ਵਿਚਲੇ ਗੁਰਦੁਆਰਾ ਸਾਹਿਬ ਵਿਖੇ ਗਏ ਹੋਏ ਸਨ । ਜਦੋਂ ਰੌਲਾ ਪਿਆ ਤਾਂ ਆ ਕੇ ਦੇਖਿਆ ਕਿ ਕੁਲਵੰਤ ਸਿੰਘ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ ।
ਸਿੱਖ ਆਗੂਆਂ ਨੇ ਕਿਹਾ ਕਿ ਇਸ ਘਟਨਾ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਸ ਵੀਰਵਾਰ 16 ਫਰਵਰੀ ਨੂੰ ਹਾਈਕੋਰਟ ਵਿਚ ਪੁਲਿਸ ਤਸ਼ੱਦਦ ਵਿਰੁੱਧ ਉਸ ਦੇ ਮੁਕੱਦਮੇ ਦੀ ਸੁਣਵਾਈ ਲਈ ਤਾਰੀਕ ਸੀ । ਉਸ ਦੀ ਗ੍ਰਿਫ਼ਤਾਰੀ ਸਮੇਂ ਪੁਲਿਸ ਵੱਲੋਂ ਭਾਰੀ ਤਸ਼ੱਦਦ ਕੀਤਾ ਗਿਆ ਸੀ, ਜਿਸ ਕਾਰਨ ਕੁਲਵੰਤ ਸਿੰਘ ਦੀਆਂ ਕਿਡਨੀਆਂ ਫੇਹਲ ਹੋ ਗਈਆਂ ਸਨ । ਹੁਣ ਉਸ ਨੂੰ ਅਦਾਲਤ ਵਿਚ ਇਨਸਾਫ਼ ਲੈਣ ਲਈ ਪਹੁੰਚਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ, ਭਾਰਤ ਦੀਆਂ ਜੇਹਲਾਂ ‘ਚ ਕੋਈ ਸੁਰੱਖਿਅਤ ਨਹੀਂ ਹੈ ।
Related Topics: Akhand Kirtani Jatha International, Sikhs in Jails