ਪੰਜਾਬ ਵਿਚ ਨਸ਼ੇ ਦੀ ਸਮੱਸਿਆ 'ਤੇ ਆਧਾਰਿਤ ਹੈ ਫਿਲਮ ‘ਉੜਤਾ ਪੰਜਾਬ’

ਆਮ ਖਬਰਾਂ

ਦਲ ਖ਼ਾਲਸਾ ਨੇ ਫਿਲਮ ‘ਉਡਤਾ ਪੰਜਾਬ’ ‘ਤੇ ਰੋਕਾਂ ਨੂੰ ਸੈਂਸਰ ਬੋਰਡ ਦਾ ਪੱਖਪਾਤੀ ਰਵੱਈਆ ਕਰਾਰ ਦਿੱਤਾ

By ਸਿੱਖ ਸਿਆਸਤ ਬਿਊਰੋ

June 08, 2016

ਜਲੰਧਰ: ਅਗਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀ ਫਿਲਮ ‘ਉਡਤਾ ਪੰਜਾਬ’ ‘ਤੇ ਸੈਂਸਰ ਬੋਰਡ ਵੱਲੋਂ ਲਾਈਆਂ ਗਈਆਂ ਰੋਕਾਂ ਉੱਤੇ ਵਰਦਿਆਂ ਦਲ ਖ਼ਾਲਸਾ ਨੇ ਇਸ ਨੂੰ ਸੈਂਸਰ ਬੋਰਡ ਦਾ ਪੱਖਪਾਤੀ ਤੇ ਤਾਨਾਸ਼ਾਹੀ ਰਵੱਈਆ ਕਰਾਰ ਦਿੱਤਾ ਹੈ।

ਫਿਲਮ ਨਾਨਕ ਸ਼ਾਹ ਫਕੀਰ ਦਾ ਹਵਾਲਾ ਦਿੰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜਿਸ ਫਿਲਮ ‘ਤੇ ਰੋਕ ਲੱਗਣੀ ਚਾਹੀਦੀ ਸੀ, ਉਸ ਨੂੰ ਸੈਂਸਰ ਬੋਰਡ ਨੇ ਪ੍ਰਵਾਨਗੀ ਦਿੱਤੀ, ਜਦਕਿ ਜਿਹੜੀ ਫਿਲਮ ਬਿਨ੍ਹਾਂ ਕਿਸੇ ਕੱਟ-ਵੱਢ ਤੋਂ ਰਿਲੀਜ਼ ਕਰਨਾ ਚਾਹੀਦੀ ਹੈ, ਉਸ ਨੂੰ ਗੈਰਵਾਜਿਬ ਤਰਕ ਦੇ ਕੇ ਰੋਕਿਆ ਜਾ ਰਿਹਾ ਹੈ।

ਉਨ੍ਹਾਂ ਯਾਦ ਕਰਾਇਆ ਕਿ ਕਿਸ ਤਰ੍ਹਾਂ ਸਿੱਖੀ ਸਿਧਾਂਤਾਂ ਨੂੰ ਸੱਟ ਮਾਰਨ ਵਾਲੀ ਫਿਲਮ “ਨਾਨਕ ਸ਼ਾਹ ਫਕੀਰ” ਵਿਰੁੱਧ ਸਿੱਖ ਸੰਗਤ ਦੇ ਰੋਹ ਨੂੰ ਸੈਂਸਰ ਬੋਰਡ ਅਤੇ ਉਸ ਦੇ ਚੇਅਰਮੈਨ ਵੱਲੋਂ ਅਣਗੋਲਿਆ ਕਰਕੇ ਫਿਲਮ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ।

ਉਨ੍ਹਾਂ ਕਿਹਾ ਕਿ ਫਿਲਮ ‘ਉਡਤਾ ਪੰਜਾਬ’, ਪੰਜਾਬ ਵਿੱਚਲੀ ਨਸ਼ੇ ਦੀ ਸਮੱਸਿਆ ਨੂੰ ਪੇਸ਼ ਕਰਦੀ ਹੈ। ਪੰਜਾਬ ਵਿੱਚ ਨਸ਼ੇ ਦੇ ਹਾਲਾਤ ਇੱਕ ਕੌੜੀ ਸੱਚਾਈ ਹੈ ਤੇ ਇਹ ਖਤਰਨਾਕ ਹੱਦ ਤੱਕ ਪਹੁੰਚ ਚੁੱਕੇ ਹਨ।

ਅਕਾਲੀਆਂ ਵੱਲੋਂ ਫਿਲਮ ਰੋਕਣ ਦੀ ਕੀਤੀ ਜਾ ਰਹੀ ਮੰਗ ਨੂੰ ਗੈਰ-ਵਾਜਿਬ ਦੱਸਦਿਆਂ ਉਨ੍ਹਾਂ ਟਿਪਣੀ ਕਰਦਿਆਂ ਕਿਹਾ ਕਿ ਨਸ਼ੇ ਦੀ ਸਮੱਸਿਆ ਬਾਰੇ ਅਕਾਲੀਆਂ ਦੀ ਪਹੁੰਚ ਉਸ ਤਰ੍ਹਾਂ ਹੈ ਜਿਵੇਂ, “ਬਿੱਲੀ ਨੂੰ ਸਾਹਮਣੇ ਦੇਖ ਕੇ ਕਬੂਤਰ ਅੱਖਾਂ ਬੰਦ ਕਰਕੇ ਖੁਦ ਨੂੰ ਬਿੱਲੀ ਦੇ ਨਾ ਹੋਣ ਦਾ ਭੁਲੇਖਾ ਪਾ ਲੈਂਦਾ ਹੈ”।

ਪੰਜਾਬ ਦੀ ਮੋਜੂਦਾ ਸਰਕਾਰ ਅਤੇ ਕੇਂਦਰ ਸਰਕਾਰ ਦਾ ਫਿਲਮ ਬਾਰੇ ਨਾਂ-ਪੱਖੀ ਰਵੱਈਆ ਇਹ ਦਰਸਾਉਂਦਾ ਹੈ ਕਿ ਜਿਵੇਂ ਉਹਨਾਂ ਨਸ਼ੇ ਦੀ ਸਮੱਸਿਆ ਦੇ ਨਾ-ਸੂਰ ਬਨਣ ਲਈ ਆਪਣੇ ਆਪ ਨੂੰ ਅਸਿੱਧੇ ਢੰਗ ਨਾਲ ਕਸੂਰਵਾਰ ਮੰਨ ਲਿਆ ਹੈ। ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਰਾਜਸੀ ਦਖਲ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ, “ਵੱਡੇ ਵੱਡੇ ਦਾਅਵਿਆਂ ਤੋਂ ਉਲਟ, ਭਾਰਤ ਵਿੱਚ ਕੁਝ ਵੀ ਅਜਾਦ ਨਹੀਂ ਹੈ। ਉਹਨਾਂ ਕਿਹਾ ਕਿ ਸੀ.ਬੀ.ਆਈ ਤੋਂ ਲੈ ਕੇ ਫਿਲਮ ਸੈਂਸਰ ਬੋਰਡ, ਪੁਲਿਸ, ਸੁਰੱਖਿਆ ਬਲ, ਕਿਸੇ ਹੱਦ ਤੱਕ ਨਿਆਂਪਾਲਿਕਾ, ਹਰ ਜਗ੍ਹਾ ਰਾਜਨੀਤਿਕ ਦਖਲ ਹੈ”।

ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਪ ਨੂੰ ਇੱਕੋ ਥਾਲੀ ਦੇ ਚੱਟੇ-ਬੱਟੇ ਦੱਸਦਿਆਂ ਉਨ੍ਹਾਂ ਕਿਹਾ ਕਿ ਨਾ ਤਾਂ ਨਸ਼ੇ ਦੀ ਸਮੱਸਿਆ ਪੰਜਾਬ ਵਿੱਚ ਅਕਾਲੀਆਂ ਦੀ ਸਰਕਾਰ ਬਣਨ ਤੋਂ ਬਾਅਦ ਸ਼ੁਰੂ ਹੋਈ ਹੈ ਤੇ ਨਾਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੰਜਾਬ ਨਸ਼ਾ ਮੁਕਤ ਸੂਬਾ ਸੀ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਿਸੇ ਨੂੰ ਇਹ ਵਹਿਮ ਵੀ ਨਹੀਂ ਪਾਲਣਾ ਚਾਹੀਦਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਇਸ ਨਾਲ ਨਸ਼ੇ ਦੀ ਸਮੱਸਿਆ ਪੰਜਾਬ ਵਿੱਚੋਂ ਖਤਮ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਦੀ ਮੂਲ ਜੜ੍ਹ ਪਾਰਟੀਆਂ ਅਤੇ ਸਰਕਾਰਾਂ ਦੀ ਬਜਾਏ ਭ੍ਰਿਸ਼ਟ ਰਾਜਨੀਤਿਕ ਢਾਂਚਾ ਅਤੇ ਨਸ਼ਾ ਰੋਕਣ ਦੀ ਇੱਛਾ-ਸ਼ਕਤੀ ਤੇ ਸੰਕਲਪ ਦੀ ਘਾਟ ਹੈ। ਉਨ੍ਹਾਂ ਕਿਹਾ, “ਇੱਕ ਪੱਧਰ ‘ਤੇ ਸਾਡਾ ਮੰਨਣਾ ਹੈ ਕਿ ਨਸ਼ਿਆਂ ਦੀ ਭਰਮਾਰ ਇੱਕ ਸਾਜਿਸ਼ ਦਾ ਹਿੱਸਾ ਹੈ ਜਿਸ ਤਹਿਤ ਪੰਜਾਬ ਦੇ ਨੌਜਵਾਨਾਂ ਦੇ ਜੁਝਾਰੂਪਣ ਅਤੇ ਰਾਜਨੀਤਿਕ ਸੂਝਬੂਝ ਨੂੰ ਖਤਮ ਕਰਨ ਲਈ ਨਸ਼ੇ ਨੂੰ ਇੱਕ ਹਥਿਆਰ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ”।

‘ਉਡਤਾ ਪੰਜਾਬ’ ਫਿਲਮ ਦੀ ਬਿਨ੍ਹਾਂ ਕਿਸੇ ਕੱਟ ਵੱਢ ਤੋਂ ਰਿਲੀਜ਼ ਦੀ ਜੋਰਦਾਰ ਹਮਾਇਤ ਕਰਦਿਆਂ ਉਨ੍ਹਾਂ ਕਿਹਾ, ” ਆਮ ਤੌਰ ‘ਤੇ ਸਮਾਜ ਅਤੇ ਖਾਸ ਤੌਰ ‘ਤੇ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਇਸ ਕੌੜੇ ਸੱਚ ਨੂੰ ਪਰਦੇ ‘ਤੇ ਦੇਖਣ ਅਤੇ ਉਸਤੋਂ ਕੁਝ ਸਿੱਖਣ ਦੇਣਾ ਚਾਹੀਦਾ ਹੈ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: