February 18, 2010 | By ਸਿੱਖ ਸਿਆਸਤ ਬਿਊਰੋ
ਪਟਿਆਲਾ (18 ਫਰਵਰੀ, 2010) ਪੰਜਾਬ ਪੁਲਿਸ ਵੱਲੋਂ ਮਨੁੱਖੀ ਹੱਕਾਂ ਤੇ ਕਾਨੂੰਨ ਦੀ ਉਲੰਘਣਾ ਇੱਕ ਹੋਰ ਮਸਲਾ ਸਾਹਮਣੇ ਆਇਆ ਹੈ ਜਿਸ ਤਹਿਤ ਕਰਮਜੀਤ ਕੌਰ ਪਤਨੀ ਜਸਬੀਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਤੇ ਦਿਓਰ ਦਰਸ਼ਨ ਸਿੰਘ ਨੂੰ ਪੁਲਿਸ ਵੱਲੋਂ 13 ਫਰਵਰੀ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਹੈ। ਜਸਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਜਸਬੀਰ ਸਿੰਘ ਤੇ ਦਰਸ਼ਨ ਸਿੰਘ, ਪੁੱਤਰ ਸ. ਗੱਜਣ ਸਿੰਘ ਵਾਸੀ ਪਿੰਡ ਮਾਣਕੀ, ਤਹਿਸੀਲ ਮਲੇਰਕੋਟਲਾ, ਜਿਲਾ ਸੰਗਰੂਰ ਨੂੰ ਬਿਨਾ ਕਾਰਨ ਦੱਸੇ 13 ਤਰੀਕ ਨੂੰ ਸਾਮ ਨੂੰ 6 ਵਜੇ ਘਰੋਂ ਗ੍ਰਿਫਤਾਰ ਕੀਤਾ। ਇਸ ਮੌਕੇ ਹਾਜ਼ਰ ਪੰਚਾਇਤ ਮੈਂਬਰ ਸ. ਹਰਜਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕਰਨ ਵਾਲਿਆਂ ਵਿੱਚੋਂ ਇੱਕ ਸਾਦੀ ਵਰਦੀ ਵਿੱਚ ਪੁਲਿਸ ਵਾਲੇ ਗੁਰਮੇਲ ਸਿੰਘ ਨੇ ਕਿਹਾ ਕਿ ਇਨਾਂ ਨੂੰ ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ ਪ੍ਰਿਤਪਾਲ ਸਿੰਘ ਵਿਰਕ ਨੇ ਇਨਾਂ ਨੂੰ ਪੁੱਛ-ਗਿੱਛ ਲਈ ਬੁਲਾਇਆ ਹੈ ਅਤੇ ਪੁੱਛਗਿੱਛ ਤੋਂ ਬਾਅਦ ਉਨਾਂ ਨੂੰ ਛੱਡ ਦਿੱਤਾ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ ਨੇ ਪਰਿਵਾਰ ਨੂੰ ਆਪਣਾ ਅਤੇ ਪ੍ਰਿਤਪਾਲ ਸਿੰਘ ਵਿਰਕ ਦਾ ਨੰਬਰ ਵੀ ਦਿੱਤਾ, ਪਰ ਜਦੋਂ ਪਰਿਵਾਰ ਨੇ ਇਸ ਉੱਤੇ ਸੰਪਰਕ ਕੀਤਾ ਤਾਂ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਪਰਿਵਾਰਵਾਲੇ ਆਪਣੇ ਜੀਆਂ ਦੇ ਇੰਝ ਲਾਪਤਾ ਕੀਤੇ ਜਾਣ ਉੱਤੇ ਕਾਫੀ ਪਰੇਸ਼ਾਨ ਹਨ ਅਤੇ ਉਨਾਂ ਅੱਜ ਸਿੱਖਸ ਫਾਰ ਹਿਊਮਨ ਰਾਈਟਸ ਰਾਹੀਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖੀ ਤੱਕ ਪਹੁੰਚ ਕਰਕੇ ਗੁਹਾਰ ਲਗਾਈ ਹੈ ਕਿ ਜਸਬੀਰ ਸਿੰਘ ਤੇ ਦਰਸ਼ਨ ਸਿੰਘ ਦੀ ਸਲਾਮਤੀ ਦਾ ਪਤਾ ਲਗਾਇਆ ਜਾਵੇ। ਜਸਬੀਰ ਸਿੰਘ ਅਤੇ ਦਰਸ਼ਨ ਸਿੰਘ ਦੇ ਭਰਾ ਬਲਬੀਰ ਸਿੰਘ ਨੇ ਦੱਸਿਆ ਕਿ ਜਸਬੀਰ ਤੇ ਦਰਸ਼ਨ ਦੋਵੇਂ ਖੇਤੀ ਅਤੇ ਜਾਇਦਾਦ ਦੀ ਖਰੀਦੋ-ਫਰੋਖਤ ਦਾ ਕੰਮ ਕਰਦੇ ਹਨ। ਉਨਾਂ ਕਿਹਾ ਕਿ ਸਾਡੀ ਸਿਰਫ ਇੰਨੀ ਮੰਗ ਹੈ ਕਿ ਸਾਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਦੋਵੇਂ ਕਿਸ ਦੋਸ਼ ਤਹਿਤ ਫੜੇ ਹਨ ਤੇ ਕਿੱਥੇ ਹਨ?
ਐਡਵੋਕੇਟ ਲਖਵਿੰਦਰ ਸਿੰਘ ਕਾਲੀਰੌਣ, ਸਕੱਤਰ ਸਿੱਖਸ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਇਹ ਮਸਲਾ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਸੁਪਰੀਮ ਕੋਰਟ ਦੀਆਂ ਡੀ. ਕੇ. ਬਾਸੂ ਬਨਾਮ ਬੰਗਾਲ ਸਰਕਾਰ ਕੇਸ ਵਿੱਚ ਦਿੱਤੀਆਂ ਹਿਦਾਇਤਾਂ ਦੀ ਉਲੰਘਣਾ ਹੈ।