ਚੰਡੀਗੜ੍ਹ: ਅਰੁਨਾਚਲ ਪ੍ਰਦੇਸ਼ ਦੇ ਤਵਾਂਗ ਖੇਤਰ ਵਿਚ ਇੰਡੀਆ ਅਤੇ ਚੀਨ ਦੀ ਸਰਹੱਦ ਉੱਤੇ ਲੰਘੀ 9 ਦਸੰਬਰ 2022 ਨੂੰ ਇੰਡੀਆ ਅਤੇ ਚੀਨ ਦੇ ਫੌਜੀਆਂ ਦਰਮਿਆਨ ਝੜਪ ਹੋਈ ਹੈ।
ਇੰਡੀਆ ਦੇ ਖਬਰਖਾਨੇ ਮੁਤਾਬਿਕ ਹੱਥੋ-ਪਾਈ ਤੇ ਡਾਂਗ ਸੋਟੇ ਵਾਲੀ ਇਸ ਝੜਪ ਵਿਚ ਦੋਵਾਂ ਫੌਜਾਂ ਦੇ ਸਿਪਾਹੀ ਜਖਮੀ ਹੋਏ ਹਨ। ਕੁਝ ਖਬਰ ਅਦਾਰਿਆਂ ਨੇ ਇਹ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਸ ਝੜਪ ਵਿਚ ਇੰਡੀਆ ਦੀ ਫੌਜ ਦੇ ਸਿੱਖ ਅਤੇ ਜਾਟ ਰਜਮੈਂਟਾਂ ਦੇ ਸਿਪਾਹੀ ਸ਼ਾਮਿਲ ਸਨ।
ਖਬਰਾਂ ਮੁਤਾਬਿਕ ਜਖਮੀ ਇੰਡੀਅਨ ਫੌਜੀਆਂ ਨੂੰ ਇਲਾਜ ਵਾਸਤੇ ਗੁਹਾਟੀ ਦੇ ਇਕ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅਰੁਨਾਚਲ ਪ੍ਰਦੇਸ਼ ਦੇ ਕੁਝ ਖੇਤਰ ਉੱਤੇ ਚੀਨ ਆਪਣਾ ਦਾਅਵਾ ਪੇਸ਼ ਕਰਦਾ ਹੈ।
ਇਸ ਤੋਂ ਪਹਿਲਾਂ ਸਾਲ 2017 ਵਿਚ ਡੋਕਲਾਮ ਵਿਚ ਇੰਡੀਆ ਅਤੇ ਚੀਨ ਦੀ ਫੌਜ ਦੇ ਸਿਪਾਹੀ ਦੋ ਮਹੀਨੇ ਤੋਂ ਵੱਧ ਇਕ ਦੂਜੇ ਦੇ ਆਹਮਣੇ-ਸਾਹਮਣੇ ਰਹੇ ਸਨ।
ਡੋਕਲਾਮ ਇੰਡੀਆ-ਚੀਨ-ਭੁਟਾਣ ਦੀ ਸਾਂਝੀ ਸਰਹੱਦ ਨੇੜੇ ਭੁਟਾਣ ਦੇ ਉੱਤਰ-ਪੱਛਮ ਵੱਲ ਸਥਿਤ ਹੈ ਜਦਕਿ ਤਵਾਂਗ, ਜਿੱਥੇ ਹੁਣ ਹਾਲੀਆਂ ਝੜਪ ਹੋਈ ਹੈ, ਭੁਟਾਣ ਦੇ ਉੱਤਰ-ਪੂਰਬ ਵੱਲ ਸਥਿਤ ਹੈ।