ਚੰਡੀਗੜ: ਦਿੱਲੀ ਯੂਨੀਵਰਸਿਟੀ ’ਚ ਇਤਿਹਾਸ ਦੇ ਸਾਬਕਾ ਪ੍ਰੋਫ਼ੈਸਰ ਕੇ. ਐਮ. ਸ੍ਰੀਮਾਲੀ ਨੇ ਕਿਹਾ ਹੈ ਕਿ ਇਤਿਹਾਸ ਨੂੰ ਤੋੜ-ਮਰੋੜ ਅਤੇ ਘੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਵੱਖਰੀ ਕਿਸਮ ਦੀ ਦਹਿਸ਼ਤਗਰਦੀ ਹੈ। ਉਨ੍ਹਾਂ ਮੁਲਕ ’ਚ ਦਲੀਲ ਅਤੇ ਬਹਿਸ ਦੇ ਸੁੰਗੜ ਰਹੇ ਘੇਰੇ ’ਤੇ ਵੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਆਰਐਸਐਸ-ਭਾਜਪਾ ਦੇ ਇਕਲੌਤੇ ਏਜੰਡੇ ਪਿੱਛੇ ਇਤਿਹਾਸ ਨੂੰ ਮੁੜ ਤੋਂ ਲਿਖ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਹੈ ਜਿਥੇ ਘੱਟ ਗਿਣਤੀਆਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਵਤੀਰਾ ਅਪਣਾਇਆ ਜਾਵੇਗਾ।
ਇਤਿਹਾਸ ਦੇ ਸਾਬਕਾ ਪ੍ਰੋਫ਼ੈਸਰ ਸ਼੍ਰੀਮਾਲੀ ਨੇ ਕਿਹਾ,‘‘ਅਸੀਂ ਅਜਿਹਾ ਪਰੇਸ਼ਾਨ ਕਰਨ ਵਾਲਾ ਰੁਝਾਨ ਪਹਿਲਾਂ ਕਦੇ ਨਹੀਂ ਦੇਖਿਆ। ਜਿਨ੍ਹਾਂ ਨੂੰ ਇਤਿਹਾਸ ਦੀ ਮਾਮੂਲੀ ਜਿਹੀ ਜਾਣਕਾਰੀ ਹੈ, ਉਹ ਆਪਣੇ ਵਿਚਾਰਾਂ ਨੂੰ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੱਖਰੀ ਕਿਸਮ ਦੀ ਦਹਿਸ਼ਤਗਰਦੀ ਹੈ।’’ ਉਨ੍ਹਾਂ ਕਿਹਾ ਕਿ ਆਰਐਸਐਸ ਅਤੇ ਭਾਜਪਾ ਧਾਰਮਿਕ ਆਧਾਰ ’ਤੇ ਮੁਲਕ ਨੂੰ ਵੰਡਣ ਦੀਆਂ ਕੋਸ਼ਿਸ਼ਾਂ ’ਚ ਹਨ ਅਤੇ ਇਤਿਹਾਸ ਨੂੰ ਮਨਘੜਤ ਸੱਚਾਈ, ਕਲਪਨਾ ਜਾਂ ਕਹਾਣੀਆਂ ਗੜ੍ਹ ਕੇ ਨਹੀਂ ਲਿਿਖਆ ਜਾ ਸਕਦਾ।
ਸਾਬਕਾ ਪ੍ਰੋਫ਼ੈਸਰ ਨੇ ਕਿਹਾ,‘‘ਸਾਰਾ ਮਿਿਥਹਾਸ ਇਤਿਹਾਸ ਨਹੀਂ ਹੈ ਪਰ ਤੁਸੀਂ ਇਸ ਪਿੱਛੇ ਬਹਿਸ ਨਹੀਂ ਕਰ ਸਕਦੇ, ਤੁਸੀਂ ਲੋਕਾਂ ਨਾਲ ਕੁੱਟਮਾਰ ਕਰਦੇ ਹੋ। ਇੰਜ ਇਤਿਹਾਸ ਨਹੀਂ ਲਿਿਖਆ ਜਾ ਸਕਦਾ।’ ਇਤਿਹਾਸਕਾਰ ਨੇ ਕਿਹਾ ਕਿ ਹਿੰਦੂਤਵ ਅਤੇ ਹਿੰਦੂਵਾਦ ਵੱਖੋ ਵੱਖਰੇ ਸਿਧਾਂਤ ਹਨ ਅਤੇ ਹਿੰਦੂਵਾਦ ਸਿਆਸੀ ਵਿਚਾਰਧਾਰਾ ਹੈ। ਉਨ੍ਹਾਂ ਕਿਹਾ ਕਿ ਹਾਕਮ ਪਾਰਟੀ ਮੁਗਲ ਸ਼ਾਸਨ ਦੇ ਯੋਗਦਾਨ ਦਾ ਨਾਮੋ ਨਿਸ਼ਾਨ ਮਿਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਸ੍ਰੀਮਾਲੀ ਦੇ ਵਿਚਾਰਾਂ ਨਾਲ ਸੁਰ ਮਿਲਾਉਂਦੇ ਹੋਏ ਉੱਘੇ ਇਤਿਹਾਸਕਾਰ ਇਰਫ਼ਾਨ ਹਬੀਬ ਨੇ ਕਿਹਾ ਕਿ ਇਤਿਹਾਸ ਤੱਥਾਂ ’ਤੇ ਆਧਾਰਿਤ ਘਟਨਾਵਾਂ ’ਤੇ ਨਿਰਭਰ ਕਰਦਾ ਹੈ ਅਤੇ ਜਿਹੜੇ ਤੱਥਾਂ ਨੂੰ ਘੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਕਲਪਿਤ ਹੁੰਦੀਆਂ ਹਨ।