ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਮੁਕਤਸਰ-ਬਠਿੰਡਾ ਮੁੱਖ ਸੜਕ ਉਪਰ ਪਿੰਡ ਭੁੱਲਰ ਕੋਲ ਰਾਜਸਥਾਨ ਕੈਨਾਲ (ਇੰਦਰਾ ਗਾਂਧੀ ਕੈਨਾਲ) ਵਿੱਚ ਕੱਟ ਲਾ ਕੇ ਉਸ ਦਾ ਪਾਣੀ ਸਰਹਿੰਦ ਫੀਡਰ ਵਿੱਚ ਪਾਉਣ ਦੀ ਯੋਜਨਾ ਰਾਜਸਥਾਨ ਸਰਕਾਰ ਦੇ ਵਿਰੋਧ ਕਾਰਨ ਫੇਲ੍ਹ ਹੋ ਗਈ। ਰਾਜਸਥਾਨ ਕੈਨਾਲ ਤੇ ਸਰਹਿੰਦ ਫੀਡਰ, ਹਰੀ ਕੇ ਪੱਤਣ ਤੋਂ ਨਿਕਲਦੀਆਂ ਹਨ ਅਤੇ ਬਰਾਬਰ ਚੱਲਦੀਆਂ ਹਨ। ਰਾਜਸਥਾਨ ਕੈਨਾਲ ਦਾ ਸਾਰਾ ਪਾਣੀ ਰਾਜਸਥਾਨ ਜਾਣਾ ਹੁੰਦਾ ਹੈ, ਜਦੋਂ ਕਿ ਸਰਹਿੰਦ ਫੀਡਰ, ਪੰਜਾਬ-ਰਾਜਸਥਾਨ ਦੀ ਹੱਦ ‘ਤੇ ਲੋਹਗੜ੍ਹ ਹੈੱਡ ਕੋਲ ਜਾ ਕੇ ਖ਼ਤਮ ਹੋ ਜਾਂਦੀ ਹੈ।
ਪੰਜਾਬ ਸਰਕਾਰ ਨੇ ਰਾਜਸਥਾਨ ਫੀਡਰ ਵਿੱਚੋਂ ਪਾਣੀ ਲੈਣ ਵਾਸਤੇ 20 ਜੂਨ ਨੂੰ ਰਾਜਸਥਾਨ ਸਰਕਾਰ ਨੂੰ ਚਿੱਠੀ ਲਿਖੀ ਸੀ ਪਰ ਜਵਾਬ ਉਡੀਕੇ ਬਿਨਾਂ ਨਹਿਰਾਂ ਦਾ ਲਿੰਕ ਜੋੜਨਾ ਸ਼ੁਰੂ ਕਰ ਦਿੱਤਾ। ਇਸ ਬਾਰੇ ਕਨਸੋਅ ਮਿਲਦਿਆਂ ਹੀ ਰਾਜਸਥਾਨ ਕੈਨਾਲ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਉਨ੍ਹਾਂ ਪੁਟਾਈ ਬੰਦ ਕਰਵਾ ਦਿੱਤੀ। ਹੁਣ ਪੰਜਾਬ ਦਾ ਕੋਈ ਵੀ ਅਧਿਕਾਰੀ ਨਹਿਰਾਂ ਦੀ ਇਸ ਭੰਨਤੋੜ ਦਾ ਜ਼ਿੰਮਾ ਲੈਣ ਲਈ ਤਿਆਰ ਨਹੀਂ ਹੈ। ਸੂਤਰਾਂ ਅਨੁਸਾਰ ਨਹਿਰੀ ਮਹਿਕਮਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜ਼ੁਬਾਨੀ ਹੁਕਮਾਂ ਅਨੁਸਾਰ ਕੰਮ ਕਰ ਰਿਹਾ ਸੀ। ਨਹਿਰਾਂ ਵਿਚਕਾਰਲੀ ਪਟੜੀ ਪੁੱਟਣ ਵਾਲੇ ਠੇਕੇਦਾਰ ਦੀਪਕ ਨੇ ਦੱਸਿਆ ਕਿ ਏ.ਪੀ.ਐਸ. ਰੰਧਾਵਾ, ਸੁਰਿੰਦਰ ਸਿੰਘ ਬਰਾੜ ਅਤੇ ਰਾਜਸਥਾਨ ਕੈਨਾਲ ਦੇ ਹੋਰ ਅਧਿਕਾਰੀਆਂ ਦੇ ਜ਼ੁਬਾਨੀ ਹੁਕਮਾਂ ‘ਤੇ ਪਟੜੀ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ। ਕੰਧਾਂ ਕੱਢ ਕੇ ਲਿੰਕ ਪਹਿਲਾਂ ਹੀ ਜੋੜਿਆ ਹੋਇਆ ਸੀ। ਉਪਰਲੀ ਮਿੱਟੀ ਚੁੱਕ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪੁਟਾਈ ਵਾਸਤੇ ਇਕ ਵੱਡੀ ਕਰੇਨ ਤੇ ਕਈ ਜੇਸੀਬੀ ਮਸ਼ੀਨਾਂ ਲਾਈਆਂ ਗਈਆਂ ਹਨ।
ਮੌਕੇ ‘ਤੇ ਪੁੱਜੇ ਐਡੀਸ਼ਨਲ ਚੀਫ ਇੰਜਨੀਅਰ (ਰੈਗੂਲੇਸ਼ਨ) ਬੀਕਾਨੇਰ ਵਿਨੋਦ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 2010 ਵਿੱਚ ਵੀ ਅਣ-ਅਧਿਕਾਰਤ ਤੌਰ ‘ਤੇ 312 ਆਰ.ਡੀ. ਉਪਰ ਕੱਟ ਲਾ ਕੇ ਪਾਣੀ ਲਿਆ ਸੀ ਅਤੇ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਵਿਚਕਾਰ ਦਸ ਵਾਰ ਗੱਲਬਾਤ ਹੋਣ ਤੋਂ ਬਾਅਦ ਵੀ ਸਾਲ ਭਰ ਬਾਅਦ ਮਸਾਂ ਕੱਟ ਬੰਦ ਕਰਵਾਇਆ ਸੀ। ਹੁਣ ਫੇਰ ਕੱਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 20 ਜੂਨ ਨੂੰ ਪੰਜਾਬ ਸਰਕਾਰ ਨੇ ਇਸ ਯੋਜਨਾ ਸਬੰਧੀ ਚਿੱਠੀ ਲਿਖੀ ਸੀ, ਜਿਸ ’ਤੇ ਅਜੇ ਤੱਕ ਕੋਈ ਵਿਚਾਰ ਨਹੀਂ ਹੋਇਆ।
ਮੁਕਤਸਰ ਸਥਿਤ ਰਾਜਸਥਾਨ ਕੈਨਾਲ ਦੇ ਉਪ ਮੰਡਲ ਅਫ਼ਸਰ ਏਪੀਐਸ ਰੰਧਾਵਾ ਨੇ ਦੱਸਿਆ ਕਿ ਇਹ ਫੈਸਲਾ ਉੱਚ ਪੱਧਰ ’ਤੇ ਪੰਜਾਬ ਤੇ ਰਾਜਸਥਾਨ ਸਰਕਾਰਾਂ ਵੱਲੋਂ ਲਿਆ ਗਿਆ ਹੈ ਪਰ ਇਸ ਫੈਸਲੇ ਦੀ ਕੋਈ ਲਿਖਤ ਨਹੀਂ। ਇਸ ਬਾਰੇ ਕਾਰਜਕਾਰੀ ਇੰਜਨੀਅਰ ਰਾਜਸਥਾਨ ਕੈਨਾਲ ਆਈ.ਐਸ. ਵਾਲੀਆ ਹੀ ਦੱਸ ਸਕਦੇ ਹਨ। ਵਾਲੀਆ ਨੇ ਕਿਹਾ ਕਿ ਇਹ ਕੰਮ ਸਰਹਿੰਦ ਫੀਡਰ ਦੇ ਕਾਰਜਕਾਰੀ ਇੰਜਨੀਅਰ ਅਬੋਹਰ ਆਰ.ਕੇ. ਗੁਪਤਾ ਕਰਵਾ ਰਹੇ ਹਨ।