ਪਟਿਆਲਾ: ਪਟਿਆਲਾ ‘ਚ ਵੋਟਿੰਗ ਮਸ਼ੀਨਾਂ ਦੀ ਜਗ੍ਹਾ ਬਦਲਣ ਨੂੰ ਲੈ ਕੇ ‘ਆਪ’ ਕਾਰਜਕਰਤਾਵਾਂ ਨੇ ਵਿਰੋਧ ਕਰਦਿਆਂ ਹੰਗਾਮਾ ਕੀਤਾ। ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਈ.ਵੀ.ਐਮ. ਮਸ਼ੀਨਾਂ ਦੀ ਥਾਂ ਬਦਲਣ ਦੀ ਪ੍ਰਸ਼ਾਸਨ ਦੀ ਕਾਰਵਾਈ ਨੂੰ ‘ਆਪ’ ਦੇ ਵਿਰੋਧ ਕਾਰਨ ਰੋਕਣਾ ਪਿਆ।
ਮਿਲੀ ਜਾਣਕਾਰੀ ਮੁਤਾਬਕ ਜਦ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਈ.ਵੀ.ਐਮ. ਮਸ਼ੀਨਾਂ ਸ਼ਿਫਟ ਕੀਤੀਆਂ ਜਾ ਰਹੀਆਂ ਸਨ ਤਾਂ ‘ਆਪ’ ਕਾਰਜਕਰਤਾਵਾਂ ਨੇ ਇਸ ਦੀ ਜਾਣਕਾਰੀ ਮਿਲਦਿਆਂ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਨਾਭਾ ਤੋਂ ‘ਆਪ’ ਉਮੀਦਵਾਰ ਦੇਵ ਮਾਨ ਵੀ ਮੌਕੇ ‘ਤੇ ਪਹੁੰਚ ਚੁੱਕੇ ਸਨ। ਉਨ੍ਹਾਂ ਪ੍ਰਸ਼ਾਸਨ ਨੂੰ ਮਸ਼ੀਨਾਂ ਦੀ ਜਗ੍ਹਾ ਬਦਲਣ ਤੋਂ ਰੋਕ ਦਿੱਤਾ। ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਭੇਜੀ ਜਾ ਰਹੀ ਹੈ।
ਦਰਅਸਲ ਪਟਿਆਲਾ ਜ਼ਿਲ੍ਹੇ ਦੇ ਨਾਭਾ ਹਲਕੇ ਦੇ ਪੋਲਿੰਗ ਬੂਥ ਨੰਬਰ 109 ਤੇ 110 ਦੀਆਂ ਈ.ਵੀ.ਐਮ. ਮਸ਼ੀਨਾਂ ਨੂੰ ਸਟ੍ਰਾਂਗ ਰੂਮ ਤੋਂ ਕਿਸੇ ਹੋਰ ਥਾਂ ਲਿਜਾਇਆ ਜਾ ਰਿਹਾ ਸੀ। ਪ੍ਰਸ਼ਾਸਨ ਨੇ ਇਸ ਲਈ ਵੋਟਿੰਗ ਮਸ਼ੀਨਾਂ ਵਾਲੇ 40 ਟਰੰਕ ਟਰੱਕ ‘ਚ ਵੀ ਲੱਦ ਲਏ ਸਨ ਪਰ ਵਿਰੋਧ ਤੋਂ ਬਾਅਦ ਇਹ ਕਾਰਵਾਈ ਰੋਕਣੀ ਪਈ। ਇਹ ਕਾਰਵਾਈ ਕਿਉਂ ਤੇ ਕਿਸ ਅਧਾਰ ‘ਤੇ ਕੀਤੀ ਜਾ ਰਹੀ ਸੀ, ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ।
ਇਸ ਘਟਨਾ ਦੇ ਜਵਾਬ ‘ਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਕਿਹਾ ਕਿ ਇਹ ਵੋਟਿੰਗ ਮਸ਼ੀਨਾਂ 2015 ‘ਚ ਹੋਈਆਂ ਨਗਰ ਨਿਗਮ ਚੋਣਾਂ ਨਾਲ ਸਬੰਧਤ ਹਨ। ਇਨ੍ਹਾਂ ਮਸ਼ੀਨਾਂ ਦਾ 2017 ਪੰਜਾਬ ਵਿਧਾਨ ਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ।