ਸਿੱਖ ਖਬਰਾਂ

ਹੋਂਦ ਚਿੱਲੜ ਸਿੱਖ ਕਤਲੇਆਮ: ਜਾਂਚ ਕਮਿਸ਼ਨ ਨੇ ਜਾਂਚ ਕੀਤੀ ਮੁਕੰਮਲ

By ਸਿੱਖ ਸਿਆਸਤ ਬਿਊਰੋ

February 27, 2015

ਚੰਡੀਗੜ੍ਹ (26 ਫਰਵਰੀ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਭਰ ਵਿੱਚ ਚੱਲੀ ਸਿੱਖ ਨਸਲਕੁਸ਼ੀ ਦੀ ਹਨੇਰੀ ਦੌਰਾਨ ਹਰਿਆਣਾ ਦੇ ਗੜਗਾਓੁਂ ਨੇੜੇ ਪਿੰਡ ਹੋਂਦ ਚਿੱਲੜ ਵਿੱਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਜਾਂਚ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਸ ਦੀ ਰਿਪੋਰਟ ਜਲਦੀ ਹੀ ਸਰਕਾਰ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ।ਇਸ ਮਾਮਲੇ ਦੀ ਜਾਂਚ ਦਾ ਕੰਮ ਜਸਟਿਸ ਰਿਟਾਇਟਡ ਟੀਪੀ ਗਰਗ ਦੇ ਇੱਕ ਮੈਂਬਰੀ ਕਮਿਸ਼ਨ ਵੱਲੋਂ ਕੀਤੀ ਗਈ ਹੈ।

ਹੋਦ ਚਿੱਲੜ ਪਿੰਡ ਵਿੱਚ 1984 ਦੇ ਸਿੱਖ ਕਤਲੇਆਮ ਦੌਰਾਨ 32 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਸ ਦੀ ਜਾਂਚ ਲਈ ਇਹ ਕਮਿਸ਼ਨ ਬਣਾਇਆ ਸੀ। ਕਮਿਸ਼ਨ ਨੂੰ ਛੇ ਮਹੀਨਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਸੀ ਪਰ ਕੰਮ ਧੀਮੀ ਰਫ਼ਤਾਰ ਨਾਲ ਚੱਲਣ ਕਰਕੇ ਸਰਕਾਰ ਨੂੰ ਹਰ ਛੇ ਮਹੀਨਿਆਂ ਬਾਅਦ ਇਸ ਦੀ ਮਿਆਦ ਵਧਾਉਣੀ ਪਈ। ਇਸ ਤਰ੍ਹਾਂ ਛੇ ਮਹੀਨਿਆਂ ਦਾ ਕੰਮ ਤਿੰਨ ਸਾਲ ਤੋਂ ਵੱਧ ਸਮੇਂ ਵਿੱਚ ਨਿਬੜਿਆ।

ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸਰਕਾਰੀ ਧਿਰ ਦੇ ਜਵਾਬ ਤੋਂ ਬਾਅਦ ਜੱਜ ਨੇ ਪੀੜਤ ਧਿਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਜਲਦੀ ਇਨਸਾਫ਼ ਮਿਲੇਗਾ।

ਇਸ ਕਾਂਡ ਦਾ ਜਨਤਕ ਤੌਰ ਤੇ ਪਤਾ ਉਸ ਸਮੇਂ ਲੱਗਾ ਸੀ ਜਦੋਂ ਗੁੜਗਾਉਂ ਰਹਿੰਦੇ ਲੁਧਿਆਣਾ ਦੇ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਇਕ ਦੋਧੀ ਨੇ ਦੱਸਿਆ ਸੀ ਕਿ ਹੋਦ ਪਿੰਡ ਵਿੱਚ ਕਤਲੇਆਮ ਦੌਰਾਨ ਕਈ ਸਿੱਖ ਪਰਿਵਾਰ ਮਾਰੇ ਗਏ ਸਨ। ਉਸ ਤੋਂ ਬਾਅਦ ਸ੍ਰ ਗਿਆਸਪੁਰਾ ਨੇ ਪਿੰਡ ’ਚੋਂ ਜਾਣਕਾਰੀ ਇਕੱਤਰ ਕਰਨ ਮਗਰੋਂ ਇਸ ਦਾ ਮੀਡੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਤੇ ਸਿੱਖ ਜਥੇਬੰਦੀਆਂ ਕੋਲ ਖ਼ੁਲਾਸਾ ਕੀਤਾ।

ਪੀੜਤਾਂ ਤਕ ਪਹੁੰਚ ਕਰਨ ਲਈ ਸ੍ਰੀ ਗਿਆਸਪੁਰਾ ਦੀ ਅਗਵਾਈ ਹੇਠ ਹੋਦ ਚਿੱਲੜ ਤਾਲਮੇਲ ਕਮੇਟੀ ਬਣਾਈ ਗਈ ਸੀ ਤੇ ਇਸ ਕਮੇਟੀ ਦੇ ਆਗੂ ਹਰ ਪੇਸ਼ੀ ’ਤੇ ਕਮਿਸ਼ਨ ਦੀ ਹਿਸਾਰ ਵਿੱਚ ਲਗਦੀ ਅਦਾਲਤ ਵਿੱਚ ਪਹੁੰਚਦੇ ਸਨ ਅਤੇ ਬਿਆਨ ਦਰਜ ਕਰਵਾਉਂਦੇ ਰਹੇ। ਬਾਅਦ ਵਿੱਚ ਕਮਿਸ਼ਨ ਦਾ ਘੇਰਾ ਵਧਾ ਕੇ ਗੁੜਗਾਉਂ ਸ਼ਹਿਰ ਨੂੰ ਵੀ ਇਸ ’ਚ ਸ਼ਾਮਲ ਕੀਤਾ ਗਿਆ ਸੀ। ਸੁਣਵਾਈ ਸਮੇਂ ਸ਼੍ਰੋਮਣੀ ਕਮੇਟੀ ਦੇ ਕੁਲਵੰਤ ਸਿੰਘ ਫੌਜੀ, ਹਰਜਿੰਦਰ ਸਿੰਘ, ਗਿਆਨ ਸਿੰਘ ਖ਼ਾਲਸਾ, ਉਤਮ ਸਿੰਘ ਬਠਿੰਡਾ, ਬਲਬੀਰ ਸਿੰਘ ਖ਼ਾਲਸਾ, ਸੰਜੀਵ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: