ਬਠਿੰਡਾ: ਕੌਮੀ ਸ਼ੜਕਾਂ ਦਾ ਪੰਜਾਬ ਵਿੱਚ ਸਫ਼ਰ ਕਰਨਾ ਮਹਿੰਗਾ ਹੋ ਗਿਆ ਹੈ। ਰੋਜ਼ਾਨਾ ਔਸਤਨ ਢਾਈ ਕਰੋੜ ਦਾ ਟੌਲ ਪੰਜਾਬ ਦੇ ਵਾਸੀ ਤਾਰਦੇ ਹਨ। ਲੰਘੇ ਪੌਣੇ ਚਾਰ ਵਰ੍ਹਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਇਕੱਲੇ ਕੌਮੀ ਸ਼ਾਹਰਾਹਾਂ ਦੇ ਸਫ਼ਰ ਦੌਰਾਨ 2023 ਕਰੋੜ ਰੁਪਏ ਟੌਲ ਦਿੱਤਾ ਹੈ। ਜੇ ਸਟੇਟ ਹਾਈਵੇਅ ਇਸ ਵਿੱਚ ਸ਼ਾਮਲ ਕਰੀਏ ਤਾਂ ਇਹ ਅੰਕੜਾ ਤਿੰਨ ਹਜ਼ਾਰ ਕਰੋੜ ਨੂੰ ਪਾਰ ਕਰਦਾ ਹੈ। ਪੰਜਾਬ ਵਿੱਚ ਕੌਮੀ ਸੜਕਾਂ ਅਤੇ ਸਟੇਟ ਹਾਈਵੇਅ ’ਤੇ ਕਰੀਬ 30 ਟੌਲ ਪਲਾਜ਼ਾ ਚੱਲ ਰਹੇ ਹਨ, ਜਦਕਿ ਨੌਂ ਹੋਰ ਟੌਲ ਪਲਾਜ਼ਾ ਡੇਢ ਮਹੀਨੇ ਵਿੱਚ ਸ਼ੁਰੂ ਹੋ ਜਾਣਗੇ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੌਮੀ ਸ਼ਾਹਰਾਹਾਂ ਦੇ ਟੌਲ ਦਿਨੋਂ ਦਿਨ ਵਧ ਰਹੇ ਹਨ। ਸਾਲ 2012-13 ਵਿੱਚ ਇਨ੍ਹਾਂ ਮਾਰਗਾਂ ਤੋਂ ਸਿਰਫ਼ 266 ਕਰੋੜ ਦਾ ਟੌਲ ਵਸੂਲਿਆ ਗਿਆ ਜੋ ਸਾਲ 2013-14 ਵਿੱਚ ਵਧ ਕੇ 304 ਕਰੋੜ ਰੁਪਏ ਹੋ ਗਿਆ ਸੀ।ਸਾਲ 2014-15 ਵਿੱਚ ਪੰਜਾਬ ’ਚੋਂ 403 ਕਰੋੜ ਰੁਪਏ ਕੌਮੀ ਮਾਰਗਾਂ ਦੇ ਟੌਲ ਪਲਾਜ਼ਿਆਂ ਨੇ ਵਸੂਲੇ, ਜਦਕਿ ਸਾਲ 2015-16 ਵਿੱਚ ਇਹ ਵਸੂਲੀ 547 ਕਰੋੜ ਰੁਪਏ ’ਤੇ ਪੁੱਜ ਗਈ। ਸਾਲ 2016-17 ਵਿੱਚ ਟੌਲ ਵਸੂਲੀ 563 ਕਰੋੜ ਰੁਪਏ ਰਹੀ ਜਦਕਿ 2017-18 (ਦਸੰਬਰ ਤੱਕ) ਦੀ ਵਸੂਲੀ 510 ਕਰੋੜ ਰੁਪਏ ਹੋ ਚੁੱਕੀ ਹੈ। ਤਿੰਨ ਮਹੀਨੇ ਬਾਕੀ ਪਏ ਹਨ।
ਪੌਣੇ ਛੇ ਵਰ੍ਹਿਆਂ ਵਿੱਚ ਕੌਮੀ ਮਾਰਗਾਂ ਤੋਂ ਕਰੀਬ 2563 ਕਰੋੜ ਦਾ ਟੌਲ ਟੈਕਸ ਪੰਜਾਬ ਦੇ ਲੋਕਾਂ ਨੂੰ ਤਾਰਨਾ ਪਿਆ ਹੈ। ਸਟੇਟ ਹਾਈਵੇਜ਼ ਤੋਂ ਔਸਤਨ ਕਰੀਬ 1 ਕਰੋੜ ਰੁਪਏ ਦੀ ਵਸੂਲੀ ਰੋਜ਼ਾਨਾ ਹੋ ਰਹੀ ਹੈ। ਤਿੰਨ ਮਹੀਨੇ ਪਹਿਲਾਂ ਹੀ ਬਠਿੰਡਾ-ਜ਼ੀਰਕਪੁਰ ਸੜਕ ’ਤੇ ਦੋ ਟੌਲ ਪਲਾਜ਼ੇ ਚਾਲੂ ਹੋਏ ਹਨ ਜਦੋਂਕਿ ਤਿੰਨ ਹੋਰ ਟੌਲ ਪਲਾਜ਼ੇ ਚੱਲਣੇ ਹਨ। ਜਲਦੀ ਹੀ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਤਿੰਨ ਟੌਲ ਪਲਾਜ਼ੇ ਚੱਲਣੇ ਹਨ ਅਤੇ ਜਲੰਧਰ-ਮੋਗਾ-ਬਰਨਾਲਾ ਸੜਕ ’ਤੇ ਦੋ ਟੌਲ ਪਲਾਜ਼ਾ ਤਿਆਰ ਹਨ। ਇਵੇਂ ਸੰਗਰੂਰ ਖਨੌਰੀ ਸੜਕ ’ਤੇ ਇੱਕ ਟੌਲ ਚਾਲੂ ਹੋਣਾ ਹੈ। ਡੇਢ ਸਾਲ ਮਗਰੋਂ ਰੋਪੜ-ਫਗਵਾੜਾ ਸੜਕ ’ਤੇ ਦੋ ਟੌਲ, ਚੰਡੀਗੜ੍ਹ-ਲੁਧਿਆਣਾ ਸੜਕ ’ਤੇ ਦੋ ਟੌਲ ਪਲਾਜ਼ਾ ਚਾਲੂ ਹੋ ਜਾਣੇ ਹਨ। ਲੁਧਿਆਣਾ-ਤਲਵੰਡੀ ਭਾਈ ’ਤੇ ਵੀ ਦੋ ਟੌਲ ਚਾਲੂ ਹੋਣੇ ਹਨ। ਅੰਬਾਲਾ ਤੋਂ ਅੰਮ੍ਰਿਤਸਰ ਤੱਕ ਕਰੀਬ ਚਾਰ-ਪੰਜ ਟੌਲ ਪਲਾਜ਼ੇ ਚੱਲ ਰਹੇ ਹਨ।ਕੌਮੀ ਮਾਰਗਾਂ ਵਿੱਚ ਅੰਮ੍ਰਿਤਸਰ-ਪਠਾਨਕੋਟ ਤੇ ਜਲੰਧਰ-ਪਠਾਨਕੋਟ ’ਤੇ ਵੀ ਟੌਲ ਚੱਲ ਰਹੇ ਹਨ।
ਇਨ੍ਹਾਂ ਤੋਂ ਬਿਨਾਂ ਸਟੇਟ ਹਾਈਵੇਅਜ਼ ’ਤੇ ਕਰੀਬ 20 ਟੌਲ ਪਲਾਜ਼ੇ ਚੱਲ ਰਹੇ ਹਨ ਜਿਨ੍ਹਾਂ ’ਤੇ ਟੌਲ ਵਸੂਲੀ ਕੌਮੀ ਮਾਰਗਾਂ ਨਾਲੋਂ ਘੱਟ ਹੈ। ਕੇਂਦਰ ਸਰਕਾਰ ਤਰਫੋਂ ਨੈਸ਼ਨਲ ਹਾਈਵੇਅਜ਼ ਫ਼ੀਸ ਰੂਲਜ਼ 2008 ਅਨੁਸਾਰ ਟੌਲ ਨਿਰਧਾਰਤ ਕੀਤਾ ਜਾਂਦਾ ਹੈ, ਜਿਸ ਤਹਿਤ 60 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਟੌਲ ਪਲਾਜ਼ਾ ਬਣ ਸਕਦਾ ਹੈ।
ਲੋਕ ਨਿਰਮਾਣ ਵਿਭਾਗ ਦੇ ਸਾਬਕਾ ਮੁੱਖ ਇੰਜੀਨੀਅਰ (ਕੌਮੀ ਹਾਈਵੇਅ) ਏਕੇ ਸਿੰਗਲਾ ਦਾ ਪ੍ਰਤੀਕਰਮ ਸੀ ਕਿ ਇੱਕ ਸਾਲ ਮਗਰੋਂ ਪੰਜਾਬ ਦੀਆਂ ਤਕਰੀਬਨ ਮੁੱਖ ਸੜਕਾਂ ’ਤੇ ਟੌਲ ਪਲਾਜ਼ੇ ਚਾਲੂ ਹੋ ਜਾਣੇ ਹਨ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੁਲਬੀਰ ਸੰਧੂ ਦਾ ਕਹਿਣਾ ਸੀ ਕਿ ਬਠਿੰਡਾ-ਅੰਮ੍ਰਿਤਸਰ ਮਾਰਗ ਦਾ ਟੌਲ ਜਲਦੀ ਚਾਲੂ ਹੋ ਜਾਣਾ ਹੈ ਅਤੇ 90 ਫ਼ੀਸਦੀ ਸੜਕ ਮੁਕੰਮਲ ਹੋ ਚੁੱਕੀ ਹੈ।