ਅੰਮਿ੍ਤਸਰ (6 ਅਪ੍ਰੈਲ , 2015): ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ‘ਤੇ ਫਿਲਮ ਬਣਾਉਣ ਵਾਲੇ ਨਿਰਮਾਤਾ ਹਰਿੰਦਰ ਸਿੱਕਾ ਨੂਮ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਨੂੰ ਜਿੱਥੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ, ਉਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫਿਲਮ ਸਬੰਧੀ ਕਾਰਵਾਈ ਕਰਨ ਦਾ ਅਧਿਕਾਰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕੋਲ ਹੈ।
ਸਿੱਖ ਇਤਿਹਾਸ ਨਾਲ ਜੁੜੀ ਐਨੀਮੇਸ਼ਨ ਫ਼ਿਲਮ ਚਾਰ ਸਾਹਿਬਜ਼ਾਦੇ ਨੂੰ ਸਿੱਖਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਉਪਰੰਤ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਅਧਾਰਿਤ ਫ਼ਿਲਮ ‘ਨਾਨਕ ਸ਼ਾਹ ਫਕੀਰ’ ਦੇ ਨਿਰਮਾਣ ਤਰੀਕੇ ਸਬੰਧੀ ਉੱਠੇ ਵਿਵਾਦ ਮਗਰੋਂ, ਜਿਥੇ ਸ਼ੋ੍ਰਮਣੀ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਫ਼ਿਲਮ ‘ਤੇ ਪਾਬੰਦੀ ਜਾਂ ਇਤਰਾਜ਼ਯੋਗ ਦਿ੍ਸ਼ਾਂ ਦੀ ਮੁਕੰਮਲ ਕਟੌਤੀ ਲਈ ਹੁਕਮ ਜਾਰੀ ਕਰਨ ਦੀ ਮੰਗ ਉਠਾਈ ਜਾ ਰਹੀ ਹੈ, ਓਥੇ ਸਿੰਘ ਸਾਹਿਬ ਨੇ ਇਸ ਵਿਸ਼ੇ ਨੂੰ ਸਿੱਧੇ ਰੂਪ ‘ਚ ਸ਼ੋ੍ਰਮਣੀ ਕਮੇਟੀ ਦੇ ਅਧਿਕਾਰ ਖੇਤਰ ਨਾਲ ਜੋੜਦਿਆਂ ਪਾਸ ਕੀਤੇ ਮਤੇ ਅਨੁਸਾਰ ਕਾਰਵਾਈ ਲਈ ਕਿਹਾ ਹੈ।
ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਮਾਮਲੇ ਨੂੰ ਸ਼ੋ੍ਰਮਣੀ ਕਮੇਟੀ ਨਾਲ ਸਬੰਧਿਤ ਦੱਸਦਿਆਂ ਕਿਹਾ ਕਿ ਫ਼ਿਲਮਾਂ ਸਬੰਧੀ ਮਰਿਯਾਦਾ ਅਤੇ ਰਵਾਇਤੀ ਨਿਯਮ ਸ਼ੋ੍ਰਮਣੀ ਕਮੇਟੀ ਵੱਲੋਂ ਮਤਾ ਪਾਸ ਕਰਕੇ ਨਿਸ਼ਚਿਤ ਕੀਤੇ ਗਏ ਹਨ ਤੇ ਫ਼ਿਲਮ ‘ਚ ਤਬਦੀਲੀ ਜਾਂ ਰੋਕ ਸਬੰਧੀ ਫੈਸਲਾ ਲੈਣ ਲਈ ਉਹ ਅਧਿਕਾਰਤ ਸੰਸਥਾ ਹੈ।
ਫ਼ਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ 7 ਅਪ੍ਰੈਲ ਤੱਕ ਆਪਣੀ ਸਥਿਤੀ ਸਪੱਸ਼ਟ ਕਰਨ ਬਾਰੇ ਨਿਰਦੇਸ਼ ਦੇ ਚੁਕੇ ਸਿੰਘ ਸਾਹਿਬ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਮੁਢਲੇ ਪੱਧਰ ‘ਤੇ ਨਿਰਮਾਤਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਸੀ ਪਰ ਇਸ ਨੂੰ ਫ਼ਿਲਮ ਦੀ ਪ੍ਰਵਾਨਗੀ ਨਾਲ ਨਹੀਂ ਜੋੜਨਾ ਚਾਹੀਦਾ।ਫ਼ਿਲਮ ‘ਤੇ ਰੋਕ ਜਾਂ ਤਬਦੀਲੀ ਬਾਰੇ ਹੁਕਮਨਾਮਾ ਜਾਰੀ ਕਰਨ ਸਬੰਧੀ ਪੁੱਛੇ ਜਾਣ ‘ਤੇ ਸਿੰਘ ਸਾਹਿਬ ਨੇ ਸਪੱਸ਼ਟ ਕੀਤਾ ਕਿ ਸ਼ੋ੍ਰਮਣੀ ਕਮੇਟੀ ਆਪਣੇ ਪੱਧਰ ‘ਤੇ ਹੀ ਯੋਗ ਫ਼ੈਸਲਾ ਲੈ ਸਕਦੀ ਹੈ।