ਸਿੱਖ ਖਬਰਾਂ

ਜੱਥੇਦਾਰ ਨੰਦਗੜ੍ਹ ਨੂੰ ਜੱਥੇਦਾਰੀ ਤੋਂ ਲਾਂਭੇ ਕਰਨ ਦੀ ਤਿਆਰੀ, ਮੀਟਿੰਗ ਅੱਜ

By ਸਿੱਖ ਸਿਆਸਤ ਬਿਊਰੋ

December 30, 2014

ਜਲੰਧਰ (29 ਦਸੰਬਰ, 2014): ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਬੇਬਾਕੀ ਨਾਲ ਬੋਲਣ ਅਤੇ ਆਰ. ਐੱਸ ਐੱਸ ਦੀਆਂ ਸਿੱਖ ਧਰਮ ਵਿਰੋਧੀ ਗਤੀਵਿਧੀਆਂ ਦੀ ਜਨਤਕ ਆਲੋਚਨਾ ਕਰਨ ਵਤਲੇ ਤਖਤ ਸ਼ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਅਹੁਦੇ ਤੋਂ ਹਟਾਣ ਦੀ ਲੱਗਭੱਗ ਤਿਆਰੀ ਹੋ ਚੁੱਕੀ ਹੈ ਅਤੇ ਇਸ ਸਬੰਧੀ ਅੱਜ ਦਿੱਲੀ ਵਿੱਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੰਤ ਸਮਾਜ ਦੇ ਆਗੂਆਂ ਨਾਲ ਮੀਟਿੰਗ ਕਰਨੀ ਹੈ।

ਜਥੇਦਾਰ ਨੰਦਗੜ੍ਹ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ 5 ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ ਹੈ । ਚਰਚਾ ਹੈ ਕਿ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਅਹੁਦੇ ਤੋਂ ਫਾਰਗ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ।

ਬਹੁਤ ਹੀ ਭਰੋਸੇਯੋਗ ਸੂਤਰਾਂ ਮੁਤਾਬਕ ਅਕਾਲੀ ਲੀਡਰਸ਼ਿਪ ਵੱਲੋਂ ਅਸਤੀਫ਼ਾ ਦੇਣ ਲਈ ਪਾਏ ਦਬਾਅ ਤੋਂ ਬਾਅਦ ਜਥੇਦਾਰ ਨੰਦਗੜ੍ਹ ਨੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ 28 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਏ ਜਾਣ ਦਾ ਵਿਰੋਧ ਕੀਤਾ ਸੀ, ਪਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਨੇ 28 ਦਸੰਬਰ ਨੂੰ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਪੁਰਬ ਮਨਾ ਕੇ ਅਤੇ ਇਸ ਤੋਂ ਦੋ ਦਿਨ ਪਹਿਲਾਂ ਨਗਰ ਕੀਰਤਨ ਕੱਢ ਕੇ ਸੰਕੇਤ ਦੇ ਦਿੱਤਾ ਸੀ ਕਿ ਗਿਆਨੀ ਨੰਦਗੜ੍ਹ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ।

ਵਰਨਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਕੱਢੇ ਗਏ ਨਗਰ ਕੀਰਤਨ ਵਿਚ ਜ: ਨੰਦਗੜ੍ਹ ਸ਼ਾਮਿਲ ਨਹੀਂ ਸਨ ਹੋਏ। ਸੂਤਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨਾਲ ਸੰਬੰਧਿਤ ਇਸ ਖਿੱਤੇ ਦੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੱਢੇ ਗਏ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ। ਖਾਸਕਰ ਬਿਕਰਮੀ ਸੰਮਤ ਵਾਲਾ ਕੈਲੰਡਰ ਮੁੜ ਲਾਗੂ ਕਰਨ ਦੀ ਮੰਗ ਕਰਨ ਵਾਲੇ ਸੰਤ ਸਮਾਜ ਦੇ ਆਗੂਆਂ ਨੇ ਵਧ ਚੜ੍ਹ ਕੇ ਇਸ ਸਮਾਗਮ ‘ਚ ਭਾਗ ਲਿਆ ਸੀ।

ਕੁਝ ਹਲਕੇ ਇਹ ਵੀ ਮਹਿਸੂਸ ਕਰਨ ਲੱਗੇ ਹਨ ਕਿ ਭਾਵੇਂ ਅਕਾਲੀ ਦਲ ਸਿੱਖ ਇਕ ਵੱਖਰੀ ਕੌਮ ਦਾ ਨਾਅਰਾ ਚੁੱਕਣ ਲੱਗਿਆ ਹੈ, ਪਰ ਜ: ਨੰਦਗੜ੍ਹ ਨਾਲ ਟਕਰਾਅ ਇਸ ਗੱਲ ਦੀ ਸ਼ਾਹਦੀ ਭਰ ਰਿਹਾ ਹੈ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਬਿਕਰਮੀ ਸੰਮਤ ਕੈਲੰਡਰ ਵੱਲ ਮੋੜਾ ਕੱਟਣ ਦਾ ਰਾਹ ਅਖਤਿਆਰ ਕਰ ਰਹੀ ਹੈ।

ਵਰਨਣਯੋਗ ਹੈ ਕਿ ਜਥੇਦਾਰ ਨੰਦਗੜ੍ਹ ਨੇ ਖੁਦ ਇਹ ਇੰਕਸ਼ਾਫ਼ ਕੀਤਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਆਪਣੇ ਦੋ ਦੂਤ ਭੇਜ ਕੇ ਅਸਤੀਫੇ ਲਈ ਦਬਾਅ ਪਾਇਆ ਸੀ। ਸੂਤਰਾਂ ਦਾ ਦੱਸਣਾ ਹੈ ਕਿ ਜ: ਨੰਦਗੜ੍ਹ ਵੱਲੋਂ ਅਸਤੀਫਾ ਦੇਣ ਤੋਂ ਕੋਰਾ ਜਵਾਬ ਦੇਣ ਬਾਅਦ ਹੀ ਉਨ੍ਹਾਂ ਨੂੰ ਅਹੁਦੇ ਤੋਂ ਲਾਹੁਣ ਦੀ ਤਿਆਰੀ ਸ਼ੁਰੂ ਹੋਈ ਹੈ ।ਸੂਤਰਾਂ ਮੁਤਾਬਕ ਉਸ ਖਿੱਤੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਜ: ਨੰਦਗੜ੍ਹ ਵਿਰੁੱਧ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਅਪੀਲ ਵੀ ਪਾਰਟੀ ਦੀ ਹਦਾਇਤ ਤੋਂ ਬਾਅਦ ਹੀ ਕੀਤੀ ਗਈ ਹੈ ।

ਸੂਤਰਾਂ ਮੁਤਾਬਕ ਇਸ ਵੇਲੇ ਨਵਾਂ ਜਥੇਦਾਰ ਥਾਪੇ ਜਾਣ ਬਾਰੇ ਤਿੰਨ ਨਾਵਾਂ ਉਪਰ ਚਰਚਾ ਹੋ ਰਹੀ ਹੈ। ਦਸਿਆ ਜਾਂਦਾ ਹੈ ਕਿ ਸੰਤ ਸਮਾਜ ਵੱਲੋਂ ਇਸ ਅਹੁਦੇ ਉੱਪਰ ਆਪਣੇ ਕਿਸੇ ਵਿਸ਼ਵਾਸਪਾਤਰ ਨੂੰ ਲਗਾਏ ਜਾਣ ਲਈ ਜ਼ੋਰਦਾਰ ਪੈਰਵਾਈ ਕੀਤੀ ਜਾ ਰਹੀ ਹੈ।ਸੰਤ ਸਮਾਜ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਸੁਖਚੈਨ ਸਿੰਘ ਧਰਮਪੁਰਾ ਦਾ ਨਾਂਅ ਨਵੇਂ ਜਥੇਦਾਰ ਲਈ ਚਰਚਾ ਵਿਚ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: