ਸ੍ਰੀਨਗਰ: ਜੰਮੂ-ਕਸ਼ਮੀਰ ‘ਚ ਜੁੰਮੇ ਦੀ ਨਮਾਜ਼ ਦੇ ਬਾਅਦ ਹੋਣ ਵਾਲੇ ਪ੍ਰਦਰਸ਼ਨਾਂ ਨੂੰ ਧਿਆਨ ‘ਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ (ਜੁੰਮਾ) ਸ੍ਰੀਨਗਰ ਦੇ ਕਈ ਇਲਾਕਿਆਂ ‘ਚ ਕਰਫਿਊ ਲਗਾ ਦਿੱਤਾ ਹੈ। ਇਸਦੇ ਨਾਲ ਹੀ ਹੁਰੀਅਤ ਕਾਨਫਰੰਸ ਦੇ ਦੋਵੇਂ ਧੜਿਆਂ ਦੇ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਤੇ ਮੀਰਵਾਈਜ ਉਮਰ ਫਾਰੂਕ ਤੇ ਦਰਜਨਾਂ ਹੋਰ ਨੇਤਾਵਾਂ ਨੂੰ ਉਨ੍ਹਾਂ ਦੇ ਘਰਾਂ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਜੇ.ਕੇ.ਐਲ.ਐਫ. ਮੁਖੀ ਮੁਹੰਮਦ ਯਾਸੀਨ ਮਲਿਕ ਜੋ ਹਸਪਤਾਲ ‘ਚ ਦਾਖ਼ਲ ਸੀ ਉਸਨੂੰ ਵੀ ਮੁੜ ਜੇਲ੍ਹ ਭੇਜ ਦਿੱਤਾ ਹੈ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਾਂ ਤੋਂ ਬਚਣ ਲਈ ਪ੍ਰਸ਼ਾਸਨ ਨੇ ਸ੍ਰੀਨਗਰ ਦੇ ਨੌਹਟਾ, ਖਨਿਆਰ, ਸਫਾਕਾਦਲ, ਰੈਨਾਵਾਰੀ, ਮਬਰਾਜਗੰਜ ਤੇ ਬਟਾਮਾਲੂ ਖੇਤਰਾਂ ‘ਚ ਕਰਫਿਊ ਲਗਾਇਆ ਗਿਆ ਹੈ। ਇਤਿਹਾਸਕ ਲਾਲ ਚੌਂਕ ਨੂੰ ਵੀ ਮੁੜ ਸੀਲ ਕਰ ਦਿੱਤਾ ਗਿਆ ਹੈ ਤੇ ਭਾਰਤੀ ਨੀਮ ਫੌਜੀ ਦਸਤਿਆਂ ਨੇ ਉਥੇ ਮੌਜੂਦ ਫਲ ਤੇ ਅਖ਼ਬਾਰ ਵੇਚਣ ਵਾਲਿਆਂ ਨੂੰ ਉਥੋਂ ਭਜਾ ਦਿੱਤਾ ਹੈ। ਕਸ਼ਮੀਰ ਵਾਦੀ ‘ਚ ਦਫਾ 144 ਲੱਗੀ ਹੋਈ ਹੈ ਉਥੇ ਲੋਕਾਂ ਦੇ ਇੱਕਠੇ ਹੋਣ ‘ਤੇ ਪਾਬੰਦੀ ਹੈ।