ਆਮ ਖਬਰਾਂ

ਭਾਰਤ ਵਿੱਚ ਕੋਈ ਘੱਟ ਗਿਣਤੀ ਨਹੀਂ, ਸਭ ਹਿੰਦੂ ਹਨ: ਸੰਘ ਪ੍ਰਚਾਰਕ

By ਸਿੱਖ ਸਿਆਸਤ ਬਿਊਰੋ

October 18, 2014

ਲਖਨਊ (17 ਅਕਤੂਬਰ, 2014): ਭਾਰਤ ਵਿੱਚ ਘੱਟ ਗਿਣਤੀਆਂ ਪ੍ਰਤੀ ਦਿੱਤੇ ਜਾਣ ਵਾਲੇ ਬਿਆਨਾਂ ਨੂੰ ਲੈਕੇ ਚਰਚਾ ਵਿੱਚ ਰਹਿਣ ਵਾਲੇ ਆਰ. ਐੱਸ. ਐੱਸ (ਰਾਸ਼ਟਰੀ ਸਵੈ-ਸੇਵਕ ਸੰਘ) ਦੇ ਸਰਬ ਭਾਰਤੀ ਪ੍ਰਚਾਰ ਮੁਖੀ ਡਾ. ਮਨਮੋਹਨ ਵੈਦ ਨੇ ਘੱਟ ਗਿਣਤਆਂ ਪ੍ਰਤੀ ਫਿਰ ਅਪਮਾਨਤ ਬਿਆਨ ਦਾਗਦਿਆਂ ਕਿਹਾ ਕਿ ਸੰਘ ਦੀ ਨਜ਼ਰ ਵਿਚ ਭਾਰਤ ਦਾ ਹਰ ਨਾਗਰਿਕ ਹਿੰਦੂ ਹੈ।

ਭਾਰਤ ਵਿੱਚ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕਾਂ ਨੂੰ ਹਿੰਦੂ ਦੱਸਦਿਆਂ ਹੋਇਆਂ ਕਿਹਾ ਹੈ ਕਿ ਇਸ ਦੇ ਸਿੱਖਿਆ ਵਰਗਾਂ ਵਿਚ ਮੁਸਲਮਾਨ ਵੀ ਆ ਰਹੇ ਹਨ। ਵੈਦ ਨੇ ਸੰਘ ਦੀ ਅੱਜ ਤੋਂ ਸ਼ੁਰੂ ਹੋ ਰਹੀ ਸਰਬ ਭਾਰਤੀ ਕਾਰਜਕਾਰੀ ਮੰਡਲ ਦੀ 3 ਦਿਨਾਂ ਬੈਠਕ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਹੋਈ ਪ੍ਰੈੱਸ ਕਾਨਫਰੰਸ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੰਘ ਦੀ ਨਜ਼ਰ ਵਿਚ ਭਾਰਤ ਵਿਚ ਰਹਿਣ ਵਾਲੇ ਸਾਰੇ ਹਿੰਦੂ ਹਨ। ਸੰਘ ਜਾਤੀ ਤੇ ਧਰਮ ਦੇ ਅਧਾਰ ‘ਤੇ ਅੰਤਰ ਨਹੀਂ ਕਰਦਾ।

ਵੈਦ ਦੇ ਇਸ ਦਾਅਵੇ ‘ਤੇ ਕਿ ਦੇਸ਼ ਵਿਚ ਸੰਘ ਨਾਲ ਜੁੜਨ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ ਤੇ ਸਾਲ 2012 ਵਿਚ ਜਿਥੇ ਸੰਘ ਨਾਲ ਜੁੜਨ ਲਈ ਹਰੇਕ ਮਹੀਨੇ ਇਕ ਹਜ਼ਾਰ ਬੇਨਤੀਆਂ ਆਉਂਦੀਆਂ ਸਨ ਉਥੇ ਹੁਣ ਹਰੇਕ ਮਹੀਨੇ ਔਸਤਨ 7 ਹਜ਼ਾਰ ਬੇਨਤੀਆਂ ਮਿਲ ਰਹੀਆਂ ਹਨ।

ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਘੱਟ ਗਿਣਤੀਆਂ ਦੀ ਗਿਣਤੀ ਕਿੰਨੀ ਹੈ। ਜਵਾਬ ਵਿਚ ਵੈਦ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿਚ ਕੋਈ ਘੱਟ ਗਿਣਤੀ ਨਹੀਂ ਹੈ। ਅੱਜ ਸ਼ੁਰੂ ਹੋ ਰਹੀ ਬੈਠਕ ਵਿਚ ਸੰਘ ਨਾਲ ਜੁੜੇ 33 ਸੰਗਠਨਾਂ ਦੇ ਮੁਖੀਆਂ ਨੂੰ ਮਿਲਾ ਕੇ ਦੇਸ਼ ਭਰ ਤੋਂ ਕਰੀਬ 390 ਕਾਰਕੁੰਨ ਹਿੱਸਾ ਲੈ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: