ਚੰਡੀਗੜ੍ਹ- ਭਾਰਤੀ ਉਪ-ਮਹਾਂਦੀਪ ਦਾ ਅਰਥਚਾਰਾ ਇਸ ਵੇਲੇ ਭਾਰੀ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਜਦੋਂ ਕੇ ਕਾਰਾਂ, ਕੱਪੜਿਆਂ ਸਮੇਤ ਹਰ ਰੋਜ਼ ਕੰਮ ਆਉਣ ਵਾਲੀਆਂ ਚੀਜ਼ਾਂ ਤੱਕ ਦੀ ਵਿਕਰੀ ਵੀ ਘੱਟ ਰਹੀ ਹੈ, ਅਤੇ ਕੰਪਨੀਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਕੰਮ ਤੋਂ ਕੱਢਿਆ ਜਾ ਰਿਹਾ ਹੈ। ਇਸ ਨਾਲ ਜਿੱਥੇ ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਲੋਕਾਂ ਕੋਲ ਪੈਸਾ ਘੱਟਣ ਕਾਰਨ ਉਹਨਾਂ ਦੀ ਖਰੀਦ ਦੀ ਸਮਰੱਥਾ ਵੀ ਘੱਟ ਰਹੀ ਹੈ ਅਤੇ ਆਰਥਿਕ ਮੰਦਹਾਲੀ ਦਾ ਦੌਰ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ।
ਇਸੇ ਦੌਰਾਨ ਅੱਜ ਖਬਰ ਆਈ ਹੈ ਕਿ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 72 ਰੁਪਏ ਪ੍ਰਤੀ ਡਾਲਰ ਤੱਕ ਹੇਠਾਂ ਡਿੱਗ ਚੁੱਕੀ ਹੈ।ਦੱਸਣਾ ਬਣਦਾ ਹੈ ਕਿ ਬੀਤੇ ਦਿਨ ਭਾਰਤੀ ਸਟਾਕ ਐਕਸਚੇਂਜ ਵਿੱਚ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਿੱਚ ਵੀ ਭਾਰੀ ਗਿਰਾਵਟ ਆਈ ਸੀ। ਅਜਿਹੇ ਸਮੇਂ ਡਾਲਰ ਦੇ ਮੁਕਾਬਲੇ ਰੁਪਏ ਦਾ ਹੋਰ ਕਮਜ਼ੋਰ ਹੋਣਾ ਭਾਰਤੀ ਅਰਥਚਾਰੇ ਲਈ ਖਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ।