ਡਰਬੀ, ਬਰਤਾਨੀਆਂ (29 ਅਪ੍ਰੈਲ, 2015): ਸਿੱਖ ਧਰਮ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜ਼ਾ ਦੇਣ ਬਾਰੇ ਪਿੱਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਹੈ।ਅੱਜ ਇਸ ਸਬੰਧੀ ਸਥਿਤੀ ਹੋਰ ਵੀ ਭੰਬਲਭੁਸੇ ਵਾਲੀ ਬਣ ਗਈ। ਜਦ ਸਿੱਖ ਕੌਂਸਲ ਦੇ ਜਨਰਲ ਸੈਕਟਰੀ ਸ: ਗੁਰਮੇਲ ਸਿੰਘ ਕੰਦੋਲਾ ਨੇ ਦੱਸਿਆ ਕਿ ਯੂਨੈਸਕੋ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹੈਰੀਟੇਜ ਰਜਿਸਟਰ ਕਰਨ ਲਈ ਕੋਈ ਨੌਮੀਨੇਸ਼ਨ ਨਹੀਂ ਆਈ ।
ਉਨ੍ਹਾ ਨੇ ਦੱਸਿਆ ਕਿ ਯੂਨੈਸਕੋ ਦੇ ਦਫ਼ਤਰ ਵੱਲੋਂ ਚਿੱਠੀ ਵਿੱਚ ਦੱਸਿਆ ਕਿ ਉਸਨੂੰ ਸਿਰਫ਼ 2004 ਵਿੱਚ ਇਸ ਬਾਰੇ ਨੌਮੀਨੇਸ਼ਨ ਆਈ ਸੀ । ਜੋ ਵਾਪਸ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਕਦੇ ਵੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਬਾਰੇ ਕੋਈ ਨੌਮੀਨੇਸ਼ਨ ਨਹੀਂ ਆਈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਹੀ ਮੀਡੀਆ ਵਿੱਚ ਇਸ ਦੀ ਚਰਚਾ ਹੋ ਰਹੀ ਹੈ। ਇਕ ਸੰਸਥਾ ਵੱਲੋਂ ਪਾਰਲੀਮੈਂਟ ਵਿੱਚ ਸਿੱਖਾਂ ਦੀ ਮੀਟਿੰਗ ਤੋਂ ਬਾਅਦ ਹੀ ਇਹ ਗੱਲ ਪਬਲਿਕ ਵਿੱਚ ਆਈ ਹੈ ।
ਉਸ ਤੋਂ ਬਾਅਦ ਬਹੁਤ ਸਾਰੀਆਂ ਸੰਸਥਾਵਾਂ ਨੇ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ । ਕਈ ਸੰਸਥਾਵਾਂ ਨੇ ਯੂਨੈਸਕੋ ਨੂੰ ਹਰਿਮੰਦਰ ਸਾਹਿਬ ਨੂੰ ਹੈਰੀਟੇਜ਼ ਦਾ ਦਰਜਾ ਨਾ ਦੇਣ ਲਈ ਚਿੱਠੀਆਂ ਵੀ ਲਿਖੀਆਂ । ਪਰ ਜਦੋਂ ਉਨ੍ਹਾਂ ਯੂਨੈਸਕੋ ਨਾਲ ਸੰਪਰਕ ਕੀਤਾ ਤਾਂ ਇਹ ਸਭ ਗਲਤ ਸਾਬਤ ਹੋਇਆ ।
ਮੀਡੀਆ/ਪ੍ਰਿਟ ਤੇ ਸੋਸ਼ਲ ਮੀਡੀਆ ਵਿੱਚ ਇਸ ਤੇ ਚਰਚਾ ਹੋ ਰਹੀ ਹੈ । ਪਰ ਇਹ ਸਾਰਾ ਕੁਝ ਜਾਣ ਬੁੱਝ ਕੇ ਕੀਤਾ ਗਿਆ ਜਾਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਤੋਂ ਸਿੱਖ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ।