ਖਾਸ ਲੇਖੇ/ਰਿਪੋਰਟਾਂ

ਰੰਗ ਬਿਰੰਗੇ ਕੱਪੜੇ ਬਣਾਉਂਦਿਆਂ ਆਪ ਬੇਰੰਗ ਹੋਇਆ ਸ਼ਹਿਰ ਲੁਧਿਆਣਾ

July 12, 2021 | By

ਲੁਧਿਆਣਾ ਸ਼ਹਿਰ ਆਪਣੇ ਕੱਪੜਿਆਂ ਦੇ ਕਾਰਖਾਨਿਆਂ ਕਰਕੇ ‘ਪੂਰਬ ਦੇ ਮੈਨਚੈਸਟਰ’ (ਮੈਨਚੈਸਗਰ ਇੰਗਲੈਂਡ ਦਾ ਪ੍ਰਸਿੱਧ ਉਦੌਗਿਕ ਸ਼ਹਿਰ ਹੈ), ਵਜੋਂ ਜਾਣਿਆ ਜਾਂਦਾ ਹੈ।

ਪੂਰੇ ਮੁਲਕ ਦੇ ਊਨੀ ਕੱਪੜਿਆਂ ਦਾ 80 ਫੀਸਦ ਏਥੇ ਹੀ ਬਣਦਾ ਹੈ। ਪੰਜਾਬ ‘ਚ ਲੱਗੇ ਸਾਰੇ ਕਾਰਖਾਨਿਆਂ ਦਾ ਤੀਜਾ ਹਿੱਸਾ ਲੁਧਿਆਣੇ ਸ਼ਹਿਰ ‘ਚ ਕੇਂਦਰਿਤ ਹੈ ਤੇ ਇਹਦੇ ਵਿੱਚ ਕੱਪੜੇ ਬਣਾਉਣ ਦੇ ਕਾਰਖਾਨੇ ਪ੍ਰਮੁੱਖ ਹਨ। ਇੱਥੇ ਨਿਟਵਿਅਰ ਅਤੇ ਹੋਜ਼ਰੀ ਕਪਾਹ, ਪੋਲੀਸਟਰ ਅਤੇ ਅਕਰੀਲਿਕ ਧਾਗਿਆਂ ਨਾਲ ਅੱਜਕਲ੍ਹ ਪ੍ਰਚਲਤ ਕੱਪੜੇ ਬਣਾਏ ਜਾਂਦੇ ਹਨ।

ਲੁਧਿਆਣਾ ਡਾਇਰਜ਼ ਅਸੋਸੀਏਸ਼ਨ ਦੇ ਮਾਲਕ ਅਤੇ ਰਿੱਧੀ ਅਸੋਸੀਏਟਸ ਨਾਮੀ ਡਾਇੰਗ ਕੰਪਨੀ ਦੇ ਮਾਲਕ ਰਾਹੁਲ ਵਰਮਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੁਧਿਆਣੇ ਦੀ ਇੰਡਸਟਰੀ ਦੀਆਂ ਉਪਲਬਧੀਆਂ ‘ਤੇ ਮਾਣ ਹੈ।

ਉਹ ਦੱਸਦੇ ਹਨ ਕਿ “ਆਲ ਇੰਡੀਆਂ ਪ੍ਰੀਮਿਅਰ ਲੀਗ (ਆਈਪੀਐਲ) ਦੀਆਂ ਵਰਦੀਆਂ ਵੀ ਇੱਥੇ ਹੀ ਬਣਦੀਆਂ ਹਨ, ਸੀਜ਼ਨ ਵੇਲੇ ਇੱਥੇ ਕੰਮ ਬਹੁਤ ਵੱਡੇ ਪੱਧਰ ‘ਤੇ ਚੱਲਦਾ ਹੈ ਦਿਨ-ਰਾਤ ਵਰਦੀਆਂ ਬਣਦੀਆਂ ਹਨ। ਕਦੇ-ਕਦੇ ਰਾਤ ਨੂੰ ਹੋਣ ਵਾਲੇ ਮੈਚ ਲਈ ਦਿਨੇ ਬੁਣਾਈ ਅਤੇ ਰੰਗਾਈ ਦਾ ਕੰਮ ਪੂਰੇ ਜ਼ੋਰਾਂ ਨਾਲ ਸ਼ੁਰੂ ਹੁੰਦਾ ਹੈ ਤੇ ਰਾਤ ਦੇ ਮੈਚ ਦੇ ਕਈਂ ਘੰਟੇ ਪਹਿਲਾਂ ਮਾਲ ਭੇਜ ਦਿੱਤਾ ਜਾਂਦਾ ਹੈ।

ਡਾਇੰਗ/ਰੰਗਾਈ ਕੱਪੜੇ ਦੀ ਇੰਡਸਟਰੀ ਦਾ ਵੱਡਾ ਹਿੱਸਾ ਹੈ।

ਲੁਧਿਆਣੇ ਦੇ ਮੋਹਰੀ ਰੰਗਾਈ ਕਾਰਖਾਨੇ ਦੇ ਮਾਲਕ ਰਾਹੁਲ ਵਰਮਾ ਦੱਸਦੇ ਹਨ ਕਿ “ਰੰਗਾਈ ਦੇ ਕਾਰਖਾਨਿਆਂ ਤੋਂ ਬਗੈਰ ਕੱਪੜਿਆਂ ਦੇ ਕਾਰਖਾਨੇ ਨਹੀਂ ਚੱਲ ਸਕਦੇ, ਭਲਾ ਅੱਜਕਲ੍ਹ ਕੋਈ ਸਾਦੇ ਕੱਪਡ਼ੇ ਪਾਉਣੇ ਚਾਹੁੰਦਾ ਹੈ? ਗਾਹਕਾਂ ਨੂੰ ਰੰਗ ਬਿਰੰਗੇ ਕੱਪੜੇ ਚਾਹੀਦੇ ਹਨ ਤੇ ਅਸੀਂ ਉਹ ਦਿੰਦੇ ਹਾਂ।”

ਹਾਲਾਂਕਿ ਇਹ ਸੱਚ ਹੈ ਕਿ ਕੱਪੜੇ ਰੰਗਾਂ ਦੇ ਸਿਰ ‘ਤੇ ਵਿਕਦੇ ਹਨ। ਪਰ ਪਿਛਲੇ ਚਾਰ ਦਹਾਕਿਆਂ ‘ਚ ਜਿੱਥੇ ਸੋਹਣੇ ਕੱਪੜਿਆਂ ਨੇ ਭਾਰਤੀਆਂ ਦੇ ਸ਼ੌਂਕ ਪੂਰੇ ਕੀਤੇ ਹਨ ਉਥੇ ਸ਼ਹਿਰ ਦੀ ਆਬੋ-ਹਵਾ ਦੀ ਜੱਖਣਾ ਪੱਟ ਦਿੱਤੀ ਹੈ।

ਕਦੇ ਲੁਧਿਆਣੇ ਦੀ ਤਾਜਪੁਰ ਸੜਕ ਦੇ ਨਾਲੋਂ-ਨਾਲ ਸਾਫ ਪਾਣੀ ਦਾ ਸੂਆ ਵਗਿਆ ਕਰਦਾ ਸੀ। ਬੁੱਢੇ ਦਰਿਆ ਵਜੋਂ ਜਾਣਿਆ ਜਾਂਦਾ ਇਹ ਸੂਆ ਸਤਲੁਜ ਦਰਿਆ ‘ਚ ਜਾ ਡਿੱਗਦਾ ਸੀ। ਅੱਜ ਇਸ ਦੀ ਸਥਿਤੀ ਨਿਰੀ ਬਦਹਾਲ ਹੋ ਚੁੱਕੀ ਹੈ।

ਬੁੱਢਾ ਦਰਿਆ ਗੰਦਗੀ ਦੇ ਨਿਰੇ ਦਲਦਲ ‘ਚ ਤਬਦੀਲ ਹੋ ਚੁੱਕਿਆ ਹੈ, ਆਂਡਿਆਂ ਦੀ ਸੜਿਹਾਂਦ ਤੇ ਆਏ ਦਿਨ ਮਰੇ ਜਾਨਵਰ ਤੈਰਦੇ ਦਿਸਦੇ ਹਨ।

ਹੁਣ ਸ਼ਹਿਰ ਦੇ ਵਸਨੀਕ ਇਸਨੂੰ ਬੁੱਢੇ ਦਰਿਆ ਦੀ ਥਾਂ ਬੁੱਢਾ ਨਾਲਾ ਆਖਦੇ ਹਨ।

ਇਸ ਦਰਿਆ ਨੂੰ ਨਾਲਾ ਬਣਾਉਣ ‘ਚ ਅਨੇਕਾਂ ਅਣਗਹਿਲੀਆਂ ਅਤੇ ਬਦਨੀਤਾਂ ਸ਼ਾਮਲ ਹਨ ਪਰ ਮੁੱਖ ਤੌਰ ‘ਤੇ ਇਹ ਹਾਲ ਉਦੌਗਿਕ ਅਤੇ ਘਰੇਲੂ ਗੰਦਗੀ ਸਿੱਧੀ ਸੁੱਟਣ ਕਰਕੇ ਹੋਇਆ ਹੈ।

ਘਰੇਲੂ ਗੰਦਗੀ ਨਾਲ ਨਜਿੱਠਣ ਲਈ ਲੁਧਿਆਣਾ ਨਗਰ ਨਿਗਮ ਨੇ ਇੱਥੇ ਇੱਕ ਸੀਵਰੇਜ ਪਲਾਂਟ ਲਾਇਆ ਸੀ ਜਿਹੜਾ ਕਿ ਪਿਛਲੇ ਦਸ ਸਾਲਾਂ ਤੋਂ ਬੰਦ ਪਿਆ ਹੈ। ਹੌਲੀ-ਹੌਲੀ ਲਾਗਲੇ ਕਾਰਖਾਨਿਆਂ ਨੇ ਵੀ ਆਪਣੇ ਗੰਦੇ ਪਾਣੀ ਦਾ ਨਿਕਾਸ ਇਸ ਪਲਾਂਟ ਇਸ ਵਿੱਚ ਕਰਨਾ ਸ਼ੁਰੂ ਕਰ ਦਿੱਤਾ। ਡੈਅਰੀਆਂ ਤੋਂ ਆਉਂਦਾ ਠੋਸ ਕੂੜਾ ਪਾਈਪਾਂ ‘ਚ ਜੰਮਣਾ ਸ਼ੁਰੂ ਹੋ ਗਿਆ ਅਤੇ ਪਲਾਂਟ ਨਕਾਰਾ ਹੋ ਗਿਆ।

ਤਾਜਪੁਰ ਵਿਖੇ ਰੰਗਾਈ ਵਾਲੇ ਕਾਰਖਾਨਿਆਂ ਨੇੜੇ ਬਣੇ ਵੱਡੇ ਮਘੋਰੇ ਵਿੱਚੋਂ ਵੱਡੀ ਮਾਤਰਾ ਵਿੱਚ ਅਣਸੁਧਰਿਆ ਤਰਲ ਘਰੇਲੂ ਅਤੇ ਕਾਰਖਾਨਿਆਂ ਦਾ ਕੂੜਾ ਬੁੱਢੇ ਨਾਲੇ ਵਿੱਚ ਡਿੱਗਦਾ ਹੈ।

ਲਾਪਰਵਾਹੀ ਦਾ ਭਾਰ ਕਿਸ ਦੇ ਸਿਰ?

1950 ਵਿਆਂ ਦੇ ਦਹਾਕੇ ‘ਚ ਅੰਮ੍ਰਿਤਸਰ ਅਤੇ ਲੁਧਿਆਣੇ ਦਾ ਵੱਡੇ ਪੱਧਰ ‘ਤੇ ਕਾਰਖਾਨਾਕਰਣ ਹੋਇਆ ਜਿਸ ਵਿੱਚ ਸ਼ਹਿਰਾਂ ਦੇ ਵਾਤਾਵਰਨ ਵੱਲ ਕੋਈ ਖਿਆਲ ਨਾ ਕੀਤਾ ਗਿਆ।

ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਪਾਣੀ ਗੰਧਲਾ ਕਰਨ ਵਾਲੇ 1505 ਛੋਟੇ ਕਾਰਖਾਨਿਆਂ ਵਿੱਚੋਂ 54 ਵਿੱਚ ਪਾਣੀ ਦਾ ਸੁਧਾਰ ਕਰਨ ਵਾਲਾ ਪਲਾਂਟ ਨਹੀਂ ਹੈ।

ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੂਣੇਸ਼ ਗਰਗ ਦਾ ਕਹਿਣਾ ਹੈ ਕਿ “ਇਹ ਛੋਟੇ ਕਾਰਖਾਨੇ ਹਨ ਤੇ ਇਹ ਵਾਧੂ ਪ੍ਰਦੂਸ਼ਣ ਨਹੀਂ ਕਰਦੇ। ਦੇਖੋ, ਛੋਟੇ ਰੰਗਾਈ ਦੇ ਕਾਰਖਾਨਿਆਂ ਵਾਲੇ ਸਿਰਫ ਦੋ ਲੱਖ ਰੁਪਏ ਦੀ ਮਸ਼ੀਨਰੀ ਲਾ ਕੇ ਕੰਮ ਸ਼ੁਰੂ ਕਰ ਦਿੰਦੇ ਹਨ, ਜਦੋਂ ਵੀ ਸਾਨੂੰ ਪਤਾ ਲੱਗਦਾ ਹੈ ਅਸੀਂ ਉਹਨਾਂ ‘ਤੇ ਕਾਰਵਾਈ ਕਰਦੇ ਹਾਂ। ਇਹ ਕੋਈ ਗੰਭੀਰ ਮਸਲਾ ਨਹੀਂ ਹੈ। ਸਾਨੂੰ ਇਹਨਾਂ ਛੋੇਟੇ ਕਾਰੋਬਾਰੀਆਂ ਦੀ ਸਥਿਤੀ ਬਾਰੇ ਵੀ ਦੇਖਣਾ ਪਵੇਗਾ। ਇਹ ਪਾਣੀ ਦੀ ਗੰਦਗੀ ਸੁਧਾਰਣ ਵਾਲੇ ਮਹਿੰਗੇ ਪਲਾਂਟ ਨਹੀਂ ਲਾ ਸਕਦੇ, ਸਾਨੂੰ ਇਸ ਬਾਰੇ ਇੱਕ ਚੰਗੀ ਨੀਤੀ ਬਣਾਉਣ ਦੀ ਲੋੜ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿੰਮੇ ਕਾਰਖਾਨਿਆਂ ਤੋਂ ਨਿਕਲਦੇ ਗੰਦ ਨੂੰ ਸੁਧਾਰਨ ਦਾ ਕੰਮ ਹੈ ਤੇ ਨਗਰ ਨਿਗਮ ‘ਤੇ ਘਰੇਲੂ ਕੂੜੇ ਦਾ। ਇਹ ਦੋਵੇਂ ਮਹਿਕਮੇ ਹਾਲ ਦੀ ਸਥਿਤੀ ਬਾਰੇ ਸਿਰਫ ਇੱਕ ਦੂਜੇ ‘ਤੇ ਝੂਠੇ ਇਲਜਾਮ ਲਾ ਰਹੇ ਹਨ। ਕਾਰਖਾਨਿਆਂ ਦੀ ਲਾਪਰਵਾਹੀ, ਨਗਰ ਨਿਗਮ ਦੀ ਨਾਕਾਮੀ ਅਤੇ ਪ੍ਰਦੂਸ਼ਣ ਬੋਰਡ ਦੀ ਅਣਗਹਿਲੀ ਤਿੰਨੇ ਇਸ ਦੇ ਦੋਸ਼ੀ ਹਨ।

ਗਰਗ ਦਾ ਕਹਿਣਾ ਹੈ ਕਿ ਕਾਰਖਾਨੇ ਵਾਲਿਆਂ ਨੇ ਸਿਸਟਮ ਦਾ ਨਜਾਇਜ ਫਾਇਦਾ ਚੁੱਕਿਆ ਹੈ। ਉਹਨਾਂ ਨੇ ਇੰਡਸਟਰੀ ਦੇ ਕੂੜੇ ਅਤੇ ਸੀਵਰੇਜ ਲਈ ਅਲੱਗ-ਅਲੱਗ ਪਾਈਪਾਂ ਨਹੀਂ ਲਾਈਆਂ। ਪਹਿਲੀ ਗੱਲ ਤਾਂ ਨਗਰ ਨਿਗਮ ਨੂੰ ਕਾਰਖਾਨਿਆਂ ਨੂੰ ਕੁਨੈਕਸ਼ਨ ਦੇਣਾ ਹੀ ਨਹੀਂ ਸੀ ਚਾਹੀਦਾ।

ਬੁੱਢੇ ਨਾਲੇ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ ਇਸ ਕੂੜੇ ਵਿਚਲੇ ਠੋਸ ਤੱਤ ਭਾਲੇ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਇਸ ਦੇ ਸਰੋਤ ਲੱਭਣ ‘ਚ ਅਸਫਲ ਰਿਹਾ ਹੈ। ਸਮਾਜਿਕ ਕਾਰਕੁੰਨਾਂ ਦਾ ਕਹਿਣਾ ਹੈ ਕਿ ਜਾਣਕਾਰੀ ਦੀ ਘਾਟ ਦਾ ਬਹਾਨਾ ਬਣਾਕੇ ਇਸ ਦਾ ਹੱਲ ਨਹੀਂ ਕੀਤਾ ਜਾ ਰਿਹਾ।

ਲੁਧਿਆਣੇ ਵਿੱਚ ਵਾਤਾਵਰਨ ਬਾਰੇ ਚੇਤਨਾ ਫੈਲਾਉਣ ਵਾਲੇ ਸਮਾਜਿਕ ਕਾਰਕੁੰਨ ਸਰਦਾਰ ਜਸਕੀਰਤ ਸਿੰਘ ਦਾ ਕਹਿਣਾ ਹੈ ਕਿ “ਹਰੇਕ ਸਰਕਾਰ ਨੇ ਇਸ ਬਾਰੇ ਖੋਜ ਕਰਵਾਉਣ ਦਾ ਟਾਲਾ ਵੱਟਿਆ ਹੈ। ਜੇਕਰ ਪਾਰਦਰਸ਼ੀ ਖੋਜ ਹੋਵੇਗੀ ਤਾਂ ਸਰਕਾਰ ਨੂੰ ਜਿੰਮੇਵਾਰੀ ਲੈਣੀ ਪਵੇਗੀ ਪਰ ਜੇਕਰ ਠੋਸ ਕਾਰਕਾਂ ਦਾ ਸਰੋਤ ਉਦੌਗ ਹਨ ਤਾਂ ਉਹ ਕਾਰਖਾਨੇ ਬੰਦ ਕਰਨੇ ਪੈਣਗੇ ਅਤੇ ਉਹਨਾਂ ਨੂੰ ਚੱਲਦੇ ਰੱਖਣ ਦੀ ਜਿੰਮੇਵਾਰੀ ਲੈਣੀ ਪਵੇਗੀ।”

2006 ‘ਚ ਹੋਈ ਖੋਜ ‘ਚ ਪੰਜਾਬ ਐਗਰੀਕਲਚਰ ਯੁਨੀਵਰਸਿਟੀ ਮੁਤਾਬਕ ਬੁੱਢੇ ਨਾਲੇ ‘ਚ ਕਰੋਮੀਅਮ, ਨਿਕਲ, ਆਰਸੈਨਿਕ ਅਤੇ ਲੀਡ ਦੇ ਤੱਤ ਹਨ। ਇਸ ਜਾਂਚ ਵਿਚ ਪਤਾ ਲੱਗਿਆ ਹੈ ਕਿ ਬੰਦਿਆਂ ਅਤੇ ਜਾਨਵਰਾਂ ਦੀ ਗੰਦਗੀ ਦੇ ਕਰਕੇ ਵੱਡੀ ਮਾਤਰਾ ਵਿੱਚ ਜ਼ਹਿਰੀਲੇ ਜੀਵਾਣੂ ਵੀ ਇਸ ਵਿੱਚ ਆ ਚੁੱਕੇ ਹਨ।

ਪ੍ਰਦੂਸ਼ਣ ਬੋਰਡ ਦਾ ਕਹਿਣਾ ਹੈ ਕਿ ਉਹਨਾਂ ਦੇ ਮਹਿਕਮੇ ਨੇ ਇਸ ਗੰਦਗੀ ਨੂੰ ਘਟਾਉਣ ਲਈ ਪੈਰ ਪੁੱਟੇ ਹਨ। ਪਹਿਲਾਂ ਨਾਲੇ ਵਿੱਚ ਜ਼ਹਿਰੀਲੇ ਠੋਸ ਕਾਰਕ ਅਤੇ ਹੋਰ ਤੱਤ ਹੋਇਆ ਕਰਦੇ ਸਨ ਪਰ ਤਿੰਨ-ਚਾਰ ਸਾਲ ਪਹਿਲਾਂ ਅਸੀਂ ਇੰਡਸਟਰੀ ਲਈ ਸਾਂਝਾਂ ਟਰੀਟਮੈਂਟ ਪਲਾਂਟ ਲਾਇਆ ਹੈ ਜਿਸ ਨਾਲ ਠੋਸ ਜ਼ਹਿਰੀਲੇ ਕੂੜੇ ਦੀ ਮਾਤਰਾ ਘਟੀ ਹੈ।

ਪਰ ਇੰਨਾ ਸਮਾਂ ਜਿਹੜਾ ਜ਼ਹਿਰ ਬੁੱਢੇ ਦਰਿਆ ਅਤੇ ਸਤਲੁਜ ਵਿੱਚ ਛੱਡਿਆ ਜਾ ਚੁੱਕਿਆ ਹੈ ਉਸਦਾ ਜਿੰਮੇਵਾਰ ਕੌਣ ਹੈ?

ਬੰਦਿਆਂ ਦੀ ਸਿਹਤ ‘ਤੇ ਅਸਰ

ਬੁੱਢਾ ਦਰਿਆ ਜਾਂ ਨਾਲਾ ਗੌਂਸਪੁਰ ਮਾਨੇਵਾਲ ਅਤੇ ਇਲਾਕੇ ਦੇ ਹੋਰ ਦਰਜਨਾਂ ਪਿੰਡਾਂ ਵਿੱਚ ਦੀ ਹੋ ਕੇ ਲੰਘਦਾ ਹੈ ਅਤੇ ਕੁਝ ਕੁ ਮੀਲ ਬਾਅਦ ਸਤਲੁਜ ਦਰਿਆ ‘ਚ ਡਿੱਗਦਾ ਹੈ।

ਇਹਨਾਂ ਪਿੰਡਾਂ ‘ਚ ਨਾਲੇ ਦੀ ਘਟੀਆ ਵਾਹੜ ਆਉਂਦੀ ਰਹਿੰਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰਨ ਅਤੇ ਕੈਂਸਰ ਜਿਹੀਆਂ ਮਾਰੂ ਬਿਮਾਰੀਆਂ ਫੈਲਾਉਣ ਲਈ ਇੰਡਸਟਰੀ ਜਿੰਮੇਵਾਰ ਹੈ। ਉਹ ਆਖਦੇ ਹਨ ਕਿ ਇੰਡਸਟਰੀ ਦੇ ਲੋਕ ਆਪਣਾ ਕੂੜਾ ਸਿੱਧਾ ਧਰਤੀ ਵਿੱਚ ਬੋਰ ਕਰਕੇ ਪਾ ਰਹੇ ਹਨ।

ਗੌਂਸਪੁਰ ਦੀ ਵਸਨੀਕ ਸਰਵਜੀਤ ਕੌਰ ਦੱਸਦੀ ਹੈ ਕਿ “ਅਸੀਂ ਹੁਣ ਧਰਤੀ ਹੇਠਲਾ ਪਾਣੀ ਵਰਤਣ ਤੋਂ ਪ੍ਰਹੇਜ਼ ਕਰਦੇ ਹਾਂ। ਸਰਕਾਰੀ ਟੂਟੀਆਂ ‘ਚ ਦਿਹਾੜੀ ‘ਚ ਦੋ ਵਾਰੀ ਪਾਣੀ ਆਉਂਦਾ ਹੈ ਜਿਸ ਨਾਲ ਅਸੀਂ ਗੁਜ਼ਾਰਾ ਕਰਦੇ ਹਾਂ। ਜੇ ਵਾਧੂ ਲੋੜ ਪਵੇ ਤਾਂ ਧਰਤੀ ਹੇਠੋਂ ਕੱਢੇ ਪਾਣੀ ਨੂੰ ਫਿਲਟਰਾਂ ਰਾਹੀਂ ਸਾਫ ਕਰਕੇ ਪੀਂਦੇ ਹਾਂ।

ਅੱਧਖੜ੍ਹ ਉਮਰ ਦਾ ਬਲਜੀਤ ਸਿੰਘ ਦੱਸਦਾ ਹੈ ਕਿ ਉਹ ਫਿਲਟਰ ਲਵਾਉਣ ਜੋਗਾ ਨਹੀਂ ਹੈ ਇਸ ਲਈ ਪਾਣੀ ਲਈ ਸਰਕਾਰੀ ਟੂਟੀਆਂ ‘ਤੇ ਹੀ ਨਿਰਭਰ ਹੈ। ਗਰਮੀਆਂ ‘ਚ ਉਹ ਪਾਣੀ ਦੀ ਵਰਤੋਂ ਬੜੇ ਖਿਆਲ ਨਾਲ ਕਰਦਾ ਹੈ। “ਅਸੀਂ ਹੁਣ ਜਮੀਨੀ ਪਾਣੀ ਨਹੀਂ ਵਰਤਦੇ। ਮੇਰੇ ਦੰਦ ਵੇਖੋ ਸਾਰੇ ਪੀਲੇ ਹੋ ਗਏ ਹਨ, ਇਹ ਸਭ ਕੁਝ ਇਹਨਾਂ ਫੈਕਟਰੀਆਂ ਕਰਕੇ ਹੈ। ਅਸੀਂ ਸਰਕਾਰੀ ਟੂਟੀਆਂ ਤੋਂ ਆਉਂਦਾ ਪਾਣੀ ਸਾਂਭ ਕੇ ਰੱਖਦੇ ਹਾਂ ਅਤੇ ਉਸੇ ਨਾਲ ਹੀ ਸਾਡਾ ਗੁਜ਼ਾਰਾ ਹੁੰਦਾ ਹੈ।”

ਬਲਜੀਤ ਸਿੰਘ ਆਪਣੇ ਦੰਦਾਂ ਦਾ ਹਾਲ ਵਿਖਾੳਂਦੇ ਹੋਏ।

ਪੰਜਾਬ ਨੂੰ ਲੱਗਿਆ ਦੀਰਘ ਰੋਗ

ਪੰਜਾਬ ਖੇਤੀਬਾੜੀ ਯੁਨੀਵਰਸਿਟੀ ‘ਚ ਵਿਦਿਆਰਥੀ 23 ਸਾਲਾਂ ਦਾ ਜਸਪ੍ਰੀਤ ਸਿੰਘ ਦੱਸਦਾ ਹੈ ਕਿ ਉਹਦੇ ਟੱਬਰ ਦੇ ਸਾਰੇ ਜੀਆਂ ਨੂੰ ਕੈਲਸ਼ੀਅਮ ਦੀ ਘਾਟ ਹੈ। “ਡਾਕਟਰ ਆਖਦੇ ਹਨ ਕਿ ਸਾਨੂੰ ਲੋੜੀਂਦਾ ਕੈਲਸ਼ੀਅਮ ਨਹੀਂ ਮਿਲ ਰਿਹਾ ਜਿਸ ਕਾਰਣ ਮੇਰੇ ਦੰਦ ਭੁਰਦੇ ਜਾਂਦੇ ਹਨ। ਮੈਂ ਆਪਣੇ ਦੰਦਾਂ ਦੀਆਂ ਖੋਲਾਂ ਭਰਵਾਈਆਂ ਹਨ ਜਿਸ ਕਰਕੇ ਹੁਣ ਥੋੜ੍ਹਾ ਸੁਧਾਰ ਹੈ। ਇਸ ਗੰਧਲੇ ਪਾਣੀ ਕਰਕੇ ਸਾਡੇ ਪਿੰਡ ਦੇ ਸੌ ਵਿੱਚੋਂ ਅੱਸੀ ਬੰਦਿਆਂ ਦੇ ਦੰਦ ਖਰਾਬ ਹੋ ਚੁੱਕੇ ਹਨ।

 ਨੌਜਵਾਨ ਜਸਕੀਰਤ ਸਿੰਘ 

ਵਾਤਾਵਰਨ ਕਾਰਕੁੰਨਾਂ ਦਾ ਕਹਿਣਾ ਹੈ ਕਿ ਸਤਲੁਜ ‘ਚ ਜ਼ਹਿਰ ਘੁਲਣ ਕਰਕੇ ਪੰਜਾਬ ਦੇ ਜਾਨਵਰਾਂ ਨੂੰ ਵੀ ਕੈਂਸਰ ਹੋ ਰਿਹਾ ਹੈ। 2010 ‘ਚ ਗੁਰਪ੍ਰੀਤ ਚੰਦਬਾਜਾ ਦੀ ਪਾਈ ਆਰਟੀਆਈ ਦੇ ਜੁਆਬ ‘ਚ ਪਸ਼ੂ ਪਾਲਣ ਵਿਭਾਗ ਨੇ ਮੰਨਿਆ ਸੀ ਕਿ ਉਹ 46 ਕੈਂਸਰ ਪੀੜਤ ਜਾਨਵਰਾਂ ਦਾ ਇਲਾਜ ਕਰ ਰਹੇ ਹਨ। ਕੁਝ ਸਾਲਾਂ ਬਾਅਦ ਪਾਈ ਦੂਜੀ ਆਰਟੀਆਈ ‘ਚ ਵਿਭਾਗ ਵਾਲਿਆਂ ਨੇ ਕੋਈ ਵੀ ਸੂਚਨਾ ਦੇਣ ਤੋਂ ਜੁਆਬ ਦੇ ਦਿੱਤਾ।

ਸਰਕਾਰ ਸੱਚ ਨੂੰ ਲੁਕਾਉਣ ਖਾਤਰ ਕਿਸੇ ਵੀ ਹੱਦ ਤੀਕ ਜਾਣ ਲਈ ਤਿਆਰ ਹੈ। ਜੇਕਰ ਉਹ ਸੱਚੀਂ ਪੰਜਾਬ ਨੂੰ ਚੁੰਬੜੇ ਇਸ ਰੋਗ ਤੋਂ ਮੁਕਤੀ ਦਵਾਉਣਾ ਚਾਹੁੰਦੇ ਸਨ ਤਾਂ ਉਹਨਾਂ ਨੂੰ ਪੜਤਾਲ ਕਰਨੀ ਚਾਹੀਦੀ ਸੀ, ਉਹਦੀ ਥਾਂ ‘ਤੇ ਇਹ ਜਾਣਕਾਰੀ ਦੱਬ ਰਹੇ ਹਨ।

ਦਰਿਆ ‘ਚ ਵਗਦਾ (ਜ਼ਹਿਰੀਲਾ) ਦਰਿਆ

ਮਾਨੇਵਾਲ ਵਿਖੇ ‘ਦ ਵਾਇਰ’ ਨੇ ਉਹ ਥਾਂ ਵੇਖੀ ਜਿੱਥੇ ਬੁੱਢਾ ਨਾਲਾ ਸਤਲੁਜ ਵਿੱਚ ਜਾ ਰਲਦਾ ਹੈ ਤੇ ਇਹ ਥਾਂ ਬਹੁਤ ਹੈਰਾਨ ਕਰਦੀ ਹੈ। ਬੁੱਢੇ ਨਾਲੇ ਦਾ ਭਾਰਾ ਜ਼ਹਿਰੀਲਾ ਪਾਣੀ ਸਤਲੁਜ ਦਰਿਆ ਦੇ ਪਾਣੀ ਨਾਲ ਨਹੀਂ ਰਲਦਾ ਸਗੋਂ ਦਰਿਆ ਵਿੱਚ ਇੱਕ ਵੱਖਰੇ ਦਰਿਆ ਵਾਂਗ ਵਗਦਾ ਹੈ।

ਬੁੱਢੇ ਨਾਲੇ ਦਾ ਭਾਰਾ ਜ਼ਹਿਰੀਲਾ ਪਾਣੀ ਸਤਲੁਜ ਦਰਿਆ ਦੇ ਪਾਣੀ ਨਾਲ ਨਹੀਂ ਰਲਦਾ ਸਗੋਂ ਦਰਿਆ ਵਿੱਚ ਇੱਕ ਵੱਖਰੇ ਦਰਿਆ ਵਾਂਗ ਵਗਦਾ ਹੈ।

ਪਰ ਲੁਧਿਆਣੇ ‘ਚ ਰੰਗਾਈ ਕਾਰਖਾਨੇ ਦੇ ਨੁਮਾਇੰਦੇ ਦਾ ਕਹਿਣਾ ਹੈ ਕਿ ਇਹ ਸਾਡੇ ਕਰਕੇ ਨਹੀਂ ਹੋ ਰਿਹਾ, ਹੋਰ ਵੀ ਅਜਿਹੀਆਂ ਕਈਂ ਇੰਡਸਟਰੀਆਂ ਹਨ ਜਿਹਨਾਂ ਦਾ ਗੰਦ ਬੁੱਢੇ ਦਰਿਆ ਵਿੱਚ ਪੈਂਦਾ ਹੈ।

ਉਹ ਦੱਸਦੇ ਹਨ ਕਿ “ਕਪਾਹ, ਪਾਲੀਸਟਰ ਅਤੇ ਅਕਰੀਲਿਕ ਸੁਕਾਉਣ ਤੋਂ ਬਾਅਦ ਸੁੱਟੇ ਜਾਂਦੇ ਬਿਨਾਂ ਸੁਧਾਰ ਕੀਤੇ ਪਾਣੀ ਵਿੱਚ ਕੋਈ ਠੋਸ ਕਾਰਕ ਨਹੀਂ ਹੁੰਦਾ। ਰੰਗਾਈ ਵਾਲੇ ਕਾਰਖਾਨੇ ਕੋਈ ਠੋਸ ਕਾਰਕ ਨਹੀਂ ਵਰਤਦੇ। ਸਾਡੀ ਇੰਡਸਟਰੀ ‘ਚੋਂ ਅਜਿਹਾ ਕੁਝ ਨਹੀਂ ਨਿਕਲਦਾ ਜੋ ਕੈਂਸਰ ਪੈਦਾ ਕਰਦਾ ਹੋਵੇ।

ਸੰਬੰਧਤ ਸਰਕਾਰੀ ਵਿਭਾਗਾਂ ਨੂੰ ਇਸ ਦੀ ਪੜਤਾਲ ਕਰਨੀ ਚਾਹੀਦੀ ਹੈ ਕਿ ਕਿ ਇਹ ਤੱਤ ਕਿੱਥੋਂ ਆ ਰਹੇ ਹਨ।

ਵਾਤਾਵਰਨ ਕਾਰਕੁੰਨ ਮੰਨਦੇ ਹਨ ਕਿ ਭਾਵੇਂ ਕੁਝ ਕੁ ਫੈਕਟਰੀਆਂ ਨੇ ਪਾਣੀ ਸੁਧਾਰਣ ਵਾਲੇ ਯੰਤਰ ਲਾਏ ਹੋਏ ਹਨ ਪਰ ਇਹ ਨਹੀਂ ਹੋ ਸਕਦਾ ਕਿ ਰੰਗਾਈ ਵਾਲੇ ਕਾਰਖਾਨੇ ਕੋਈ ਜ਼ਹਿਰੀਲੇ ਤੱਤ ਪਾਣੀ ‘ਚ ਨਹੀਂ ਰੁਲਾਉਂਦੇ।

ਜਸਕੀਰਤ ਸਿੰਘ ਦਾ ਕਹਿਣਾ ਹੈ ਕਿ “ਲੁਧਿਆਣੇ ਦੀ ਰੰਗਾਈ ਇੰਡਸਟਰੀ ਤਕਨੀਕ ਪੱਖੋਂ ਕੋਈ ਬਹੁਤੀ ਵਧੀਆ ਨਹੀ, ਅਜਿਹੇ ਕਈ ਕਾਰਖਾਨੇ ਹਨ ਜੋ ਆਪਣਾ ਗੰਦ ਨਹੀਂ ਸੁਧਾਰਦੇ। ਅਸੀਂ ਮੰਨਦੇ ਹਾਂ ਕਿ ਉਹ ਅਮੋਨੀਆ ਪਾਣੀ ਵਿੱਚ ਸੁੱਟਦੇ ਹਨ ਜਿਹੜਾ ਕਿ ਆਮ ਹੀ ਸੁੰਘਿਆ ਜਾ ਸਕਦਾ ਹੈ।”

ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਬੋਰਡ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਘਰੇਲੂ ਅਤੇ ਇੰਡਸਟਰੀ ਦੇ ਕੂੜੇ ਨੂੰ ਅਲੱਗ-ਅਲੱਗ ਕਰਨ ਦੀ ਨੀਤੀ ਘੜ ਰਹੇ ਹਨ।

ਜਮਾਲਪੁਰ ਵਿਖੇ ਨਵਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਇਆ ਜਾ ਰਿਹਾ ਹੈ।

ਇੰਡਸਰੀ ਤੇ ਸਰਕਾਰ ਵਲੋਂ ਰਲਕੇ ਨਵੇਂ ਸਾਂਝੇ ਤੌਰ ‘ਤੇ ਗੰਦਗੀ ਸੁਧਾਰਨ ਵਾਲੇ ਪਲਾਂਟ ਲਾਏ ਜਾ ਰਹੇ ਹਨ, ਜੋ ਛੋਟੇ ਰੰਗਾਈ ਕਾਰਖਾਨਿਆਂ ‘ਚੋਂ ਨਿਕਲਦੇ ਗੰਦ ਨੂੰ ਸੁਧਾਰਣਗੇ।

ਲੁਧਿਆਣੇ ਦੇ ਸ਼ਹਿਰੀ ਨੂੰ ਆਸ ਹੈ ਕਿ ਉਹ ਕਦੇ ਸਾਫ ਵਗਦਾ ਪਾਣੀ ਵੇਖਣਗੇ ਪਰ ਅੰਦਰੋਂ-ਅੰਦਰ ਉਹ ਮਸਲੇ ਦੀ ਗੰਭੀਰਤਾ ਅਤੇ ਪੱਧਰ ਤੋਂ ਵੀ ਜਾਣੂੰ ਹਨ।


ਪਵਨਜੋਤ ਕੌਰ ਦੀ ਲਿਖੀ ਇਹ ਸਟੋਰੀ ‘ਦ ਵਾਇਰ’ ‘ਤੇ ‘The More Colourful Clothes Ludhiana Produces the Darker its Water Gets’ ਸਿਰਲੇਖ ਹੇਠ ਛਪੀ ਹੈ, ਵਿਚਲੀਆਂ ਤਸਵੀਰਾਂ ਹਰਨੂਰ ਸਿੰਘ ਦੀਆਂ ਖਿੱਚੀਆਂ ਹਨ, ਜਿਸ ਨੂੰ ਪਾਠਕਾਂ ਲਈ ਧੰਨਵਾਦ ਸਹਿਤ ਏਥੇ ਛਾਪਿਆ ਗਿਆ  ਹੈ।

ਇਸ ਲਿਖਤ ਦਾ ਪੰਜਾਬੀ ਉਲੱਥਾ ਗੁਰਜੋਤ ਸਿੰਘ ਨੇ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,