ਲੁਧਿਆਣਾ: ਪੰਜਾਬੀ ਚੈਨਲ ਨੂੰ ਕੇਬਲ ਨੈਟਵਰਕ ਤੋਂ ਬਲੈਕਆਊਟ ਕਰਨ ਤੋਂ ਬਾਅਦ ਫਾਸਟਵੇਅ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਵਿਧਾਇਕ ਸਿਮਰਜੀਤ ਬੈਂਸ ਨੇ ਹੁਣ ਦੋ ਨਵੇਂ ਕੇਬਲ ਨੈਟਵਰਕਾਂ ਰਾਹੀਂ ਸੂਬੇ ਵਿੱਚ ਵਿਸਤਾਰ ਲਈ ਹੱਥ ਮਿਲਾਇਆ ਹੈ।
ਗਾਡਫਾਦਰ ਕਮਿਊਨਿਕੇਸ਼ਨ ਅਤੇ ਨਿਊ ਐਮ.ਸੀ. ਟਰਾਂਸ਼ਮਿਸ਼ਨ ਕੇਬਲ ਦੇ ਪ੍ਰਤੀਨਿਧੀਆਂ ਨੇ ਐਤਵਾਰ ਸ਼ਾਮ ਟੀਮ ਇਨਸਾਫ ਦੇ ਦਫ਼ਤਰ ਵਿੱਚ ਵਿਧਾਇਕ ਸਿਮਰਜੀਤ ਬੈਂਸ ਨਾਲ ਮੁਲਾਕਾਤ ਕੀਤੀ। ਕੇਬਲ ਨੈਟਵਰਕ ਵਾਲਿਆਂ ਨੇ ਬੈਂਸ ਨੂੰ ਦੱਸਿਆ ਕਿ ਉਨ੍ਹਾਂ ਕੋਲ ਸੂਬੇ ਵਿੱਚ ਕੇਬਲ ਚਲਾਉਣ ਦਾ ਲਾਈਸੈਂਸ ਹੈ, ਪਰ ਸਿਆਸੀ ਪਾਰਟੀ ਦੇ ਦਬਾਅ ਵਾਲੇ ਕੇਬਲ ਨੈਟਵਰਕ ਹੋਣ ਕਾਰਨ ਉਨ੍ਹਾਂ ਨੂੰ ਵਿਸਤਾਰ ਨਹੀਂ ਕਰਨ ਦਿੱਤਾ ਜਾ ਰਿਹਾ। ਫਾਸਟਵੇਅ ਖ਼ਿਲਾਫ਼ ਜਦੋਂ ਉਨ੍ਹਾਂ ਨੇ ਮੋਰਚਾ ਖੋਲ੍ਹਿਆ ਤਾਂ ਹੁਣ ਉਨ੍ਹਾਂ ਨੇ ਟੀਮ ਇਨਸਾਫ਼ ਦੇ ਨਾਲ ਮਿਲ ਕੇ ਇਨ੍ਹਾਂ ਕੇਬਲ ਨੈਟਵਰਕ ਨੂੰ ਅੱਗੇ ਲਿਆਉਣ ਲਈ ਕਿਹਾ ਹੈ।
ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਵੱਲੋਂ ਤਲਵੰਡੀ ਸਾਬੋ ਅਤੇ ਅੰਮ੍ਰਿਤਸਰ ਵਿੱਚ ਚੰਗੀ ਪੱਧਰ ’ਤੇ ਕੇਬਲ ਨੈਟਵਰਕ ਚਲਾਇਆ ਜਾ ਰਿਹਾ ਹੈ। ਹੁਣ ਲੋਕ ਸੱਚ ਦੇਖਣ ਅਤੇ ਸੁਨਣ ਲਈ ਬਦਲ ਵੱਜੋਂ ਕਿਸੇ ਹੋਰ ਕੇਬਲ ਨੈਟਵਰਕ ਜਾਂ ਡਿਸ਼ ਸੇਵਾਵਾਂ ਨੂੰ ਅਪਨਾਉਣਾ ਚਾਹੁੰਦੇ ਹਨ। ਪਰ ਫਾਸਟਵੇਅ ਕੇਬਲ ਨੈਟਵਰਕ ਦੇ ਦਬਾਅ ਕਾਰਨ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਵਿਧਾਇਕ ਬੈਂਸ ਨੇ ਕਿਹਾ ਕਿ ਫਾਸਟਵੇਅ ਦੇ ਅਸਲ ਮਾਲਕ ਸਰਕਾਰ ਹੀ ਹੈ। ਫਾਸਟਵੇਅ ਨੇ ਸ਼ੁਰੂਆਤ ਵਿੱਚ ਹੀ ਕੇਬਲ ਆਪਰੇਟਰਾਂ ’ਤੇ ਝੂਠੇ ਪਰਚੇ ਦਰਜ ਕਰਵਾਏ ਸੀ। ਜੋ ਕਿ ਹਾਈ ਕੋਰਟ ਵਿੱਚ ਵਿਚਾਰਾਧੀਨ ਹਨ।
ਬੈਂਸ ਨੇ ਦਾਅਵਾ ਕੀਤਾ ਕਿ ਅਜਿਹੇ ਕਈ ਕੇਬਲ ਆਪਰੇਟਰ ਮੋਗਾ, ਜਲੰਧਰ ਅਤੇ ਹੋਰਨਾਂ ਜ਼ਿਲ੍ਹਿਆਂ ਤੋਂ ਉਨ੍ਹਾਂ ਨੂੰ ਲਗਾਤਾਰ ਸੰਪਰਕ ਕਰ ਰਹੇ ਹਨ ਜਿਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇਗਾ।
ਵਿਧਾਇਕ ਬੈਂਸ ਨੇ ਦੱਸਿਆ ਕਿ ਕੇਬਲ ਨੈਟਵਰਕ ਦੇ ਵਿਸਤਾਰ ਦੇ ਯਤਨ ਤਾਂ ਉਹ ਕਰ ਹੀ ਰਹੇ ਹਨ, ਪਰ ਇਸ ਤੋਂ ਪਹਿਲਾਂ ਫਾਸਟਵੇਅ ਖ਼ਿਲਾਫ਼ ਛੇੜੀ ਗਈ ਮੁਹਿੰਮ ਦੌਰਾਨ ਕੇਬਲ ਕੱਟ ਕੇ ਡਿਸ਼ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਲੁਧਿਆਣਾ ਦੇ ਨਾਲ ਨਾਲ ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚ ਹੀ ਹੁੰਗਾਰਾ ਮਿਲ ਰਿਹਾ ਹੈ।